Home / ਧਰਮ / ਨਾਨਕਸ਼ਾਹੀ ਕੈਲੰਡਰ ਬਾਰੇ ਵਾਦ-ਵਿਵਾਦ
ਨਾਨਕਸ਼ਾਹੀ ਕੈਲੰਡਰ ਬਾਰੇ ਵਾਦ-ਵਿਵਾਦ

ਨਾਨਕਸ਼ਾਹੀ ਕੈਲੰਡਰ ਬਾਰੇ ਵਾਦ-ਵਿਵਾਦ

ਸਾਲ 2010 ਵਿੱਚ ਨਾਨਕਸ਼ਾਹੀ ਕੈਲੰਡਰ ਦੇ ਮੂਲ ਰੂਪ ਵਿੱਚ ਕੀਤੀਆਂ ਗਈਆਂ ਸੋਧਾਂ ਕਾਰਨ ਸਿੱਖ ਕੌਮ ਅਤੇ ਇਸ ਦੀਆਂ ਦੇਸ਼-ਵਿਦੇਸ਼ ਵਿਚਲੀਆਂ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਵਿੱਚ ਪਈ ਬੇਲੋੜੀ ਦੁਵਿਧਾ ਅਜੇ ਵੀ ਖਤਮ ਨਹੀਂ ਹੋਈ। ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਦਾ ਡੰਡਾ ਵਿਖਾ ਕੇ ਪੰਜਾਬ ਵਿੱਚ ਤਾਂ ਇਸ ਨਵੇਂ ਕੈਲੰਡਰ ਉਪਰ ਅਮਲ ਕਰਵਾ ਲਿਆ ਗਿਆ, ਪਰ ਤਤਕਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਦੇਸ਼ਾਂ ਦੀਆਂ ਬੁਹਗਿਣਤੀ ਗੁਰਦੁਆਰਾ ਕਮੇਟੀਆਂ ਤੇ ਸੰਸਥਾਵਾਂ ਨੇ ਇਸ ਨੂੰ ਕਬੂਲ ਨਹੀਂ ਕੀਤਾ। ਇਸ ਵਾਰ ਪੰਚਮ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਭੇਜੇ ਗਏ ਸਿੱਖ ਯਾਤਰੂਆਂ ਦੇ ਜਥੇ ਨਾਲ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਕਰਾਰ, ਇਸੇ ਲੜੀ ਦਾ ਹੀ ਹਿੱਸਾ ਹੈ। ਇਸ ਦੁਵਿਧਾ ਦੇ ਮੱਦੇਨਜ਼ਰ ਹੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਹੋਰ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਗੱਲ ਕਹੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸਾਲ 2010 ਵਿੱਚ ਸੋਧੇ ਨਾਨਕਸ਼ਾਹੀ ਕੈਲੰਡਰ ਬਾਰੇ ਅਕਾਲ ਤਖਤ ਦਾ ਆਦੇਸ਼ ਨਹੀਂ ਹੈ ਤਾਂ ਦੁਬਾਰਾ ਭੇਜਿਆ ਜਾਵੇਗਾ। ਅਜਿਹੇ ਵਿੱਚ ਸਹਿਜੇ ਹੀ ਇਹ ਸਵਾਲ ਪੈਦਾ ਹੁੰਦਾ ਹੈ ਕਿ ਇੱਕ ਵਾਰ ਫਿਰ ਉਸ ਹਾਲਾਤ ਦਾ ਮੁਲਾਂਕਣ ਕੀਤਾ ਜਾਵੇ ਜਿਨ੍ਹਾਂ ਵਿੱਚ ਨਾਨਕਸ਼ਾਹੀ ਕੈਲੰਡਰ ਤਿਆਰ ਹੋਇਆ, ਕੌਮ ਦੀ ਵੱਖਰੀ ਤੇ ਨਿਆਰੀ ਹੋਂਦ ਹਸਤੀ ਦਾ ਪ੍ਰਤੀਕ ਬਣਿਆ ਤੇ ਫਿਰ ਕਿਵੇਂ ਚੁੱਪ ਚੁਪੀਤੇ ਹੀ ਇਸ ਦਾ ਨਾਂ ਤਾਂ ਨਾਨਕਸ਼ਾਹੀ ਹੀ ਰਹਿਣ ਦਿੱਤਾ ਗਿਆ, ਪਰ ਮੂਲ ਰੂਪ ਵਿੱਚ ਇਹ ਬਿਕਰਮੀ ਕੈਲੰਡਰ ਹੀ ਕਰ ਦਿੱਤਾ ਗਿਆ।
ਨਾਨਕਸ਼ਾਹੀ ਕੈਲੰਡਰ ਦੇ ਤਿਆਰ ਕਰਤਾ ਪਾਲ ਸਿੰਘ ਪੁਰੇਵਾਲ ਦਾ ਪਿਛੋਕੜ ਜਲੰਧਰ ਜ਼ਿਲੇ ਦੇ ਪਿੰਡ ਸ਼ੰਕਰ (ਸ਼ਰੀਂਹ ਸ਼ੰਕਰ) ਦਾ ਹੈ ਅਤੇ ਬਾਕੀ ਪੰਜਾਬੀਆਂ ਵਾਂਗ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਉਹ ਵੀ ਕੈਨੇਡਾ ਦੀ ਧਰਤੀ ‘ਤੇ ਜਾ ਟਿਕ ਗਏ। ਖਗੋਲ ਤੇ ਭੂਗੋਲ ਵਿਸ਼ਿਆਂ ਤੋਂ ਇਲਾਵਾ ਸਿੱਖ ਧਰਮ, ਇਤਿਹਾਸ ਬਾਰੇ ਡੂੰਘੀ ਜਾਣਕਾਰੀ ਤੇ ਵਿਸ਼ਵਾਸ ਰੱਖਦੇ ਹਨ ਪਾਲ ਸਿੰਘ ਪੁਰੇਵਾਲ। ਸਿੱਖ ਕੌਮ ਨੂੰ ਸਮੇਂ ਦਾ ਹਾਣੀ ਬਣਾਉਣ ਤੇ ਇਸ ਦੀ ਵਿਲੱਖਣ ਹੋਂਦ ਹਸਤੀ ਨੂੰ ਸੰਸਾਰ ਸਾਹਮਣੇ ਪੇਸ਼ ਕਰਨ ਦੇ ਮਕਸਦ ਨਾਲ ਹੀ ਸ੍ਰੀ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ‘ਤੇ ਕੰਮ ਸ਼ੁਰੂ ਕੀਤਾ। ਵਿਸ਼ਵ ਭਰ ਦੇ ਪ੍ਰਚਲਤ ਕੈਲੰਡਰਾਂ ਦਾ ਤੁਲਨਾਤਮਕ ਅਧਿਐਨ ਕਰਨ ਤੋਂ ਬਾਅਦ ਉਹ ਇਸ ਨਤੀੇਜ ‘ਤੇ ਪੁੱਜੇ ਸਨ ਕਿ ਸੂਰਜੀ ਪ੍ਰਣਾਲੀ ‘ਤੇ ਆਧਾਤ ਕੈਲੰਡਰ ਹੀ ਦੋਸ਼ ਰਹਿਤ ਕੈਲੰਡਰ ਹਨ ਅਤੇ ਇਹੀ ਕੈਲੰਡਰ ਵਿਸ਼ਵ ਭਰ ਵਿੱਚ ਸਰਬ-ਪ੍ਰਵਾਨਿਤ ਹਨ। ਕਈ ਸਾਲਾਂ ਦੀ ਅਣਥੱਕ ਮਿਹਨਤ ਤੋਂ ਬਾਅਦ ਸ੍ਰੀ ਪੁਰੇਵਾਲ ਨੇ ਆਪਣੀ ਇਸ ਖੋਜ ਦਾ ਖਰੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੇਸ਼ਕੀਤਾ। ਪੁਰੇਵਾਲ ਇਸ ਤੋਂ ਪਹਿਲਾਂ ਦੇਸ਼-ਵਿਦੇਸ਼ ਦੀਆਂ ਵੱਖ-ਵੱਖ ਸਿੱਖ ਸੰਸਥਾਵਾਂ, ਖਗੋਲ ਭੂਗੋਲ ਦੇ ਮਾਹਰਾਂ, ਸਿੱਖ ਧਰਮ ਦੇ ਚਿੰਤਕਾਂ, ਗੁਰਬਾਣੀ ਤੇ ਸਿੱਖ ਇਤਿਹਾਸ ਦੇ ਖੋਜੀ ਮਾਹਿਰਾਂ ਨਾਲ ਰਾਇ ਕਰ ਚੁੱਕੇ ਸਨ ਕਿ ਕੀ ਵਾਕਿਆ ਹੀ ਸਿੱਖ ਕੌਮ ਦਾ ਇੱਕ ਆਪਣਾ ਵੱਖਰਾ ਕੈਲੰਡਰ ਹੋਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੇ ਵੀ ਇਸ ਕੈਲੰਡਰ ਨੂੰ ਪਰਖਣ ਲਈ ਮਾਹਿਰ ਵਿਸ਼ਾ ਵਿਦਵਾਨਾਂ ਤੇ ਵਿਗਿਆਨਕਾਂ ਕੋਲ ਰਾਏ ਲਈ ਭੇਜਿਆ। ਸੈਮੀਨਾਰ ਆਯੋਜਤ ਕੀਤੇ ਗਏ, ਉਠੇ ਸਵਾਲਾਂ ਦੇ ਜਵਾਬ ਪੁਰੇਵਾਲ ਨੇ ਜਨਤਕ ਤੌਰ ‘ਤੇ ਦਿੱਤੇ ਤਾਂ, ਜੋ ਇਸ ਕੈਲੰਡਰ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਾ ਰਹਿ ਜਾਵੇ। ਆਖਰ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਸਥਾਵਾਂ, ਧਾਰਮਿਕ ਆਗੂਆਂ, ਸਿੰਘ ਸਭਾਵਾਂ ਤੇ ਟਕਸਾਲਾਂ ਦੀ ਸਹਿਮਤੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ, ਜਨਰਲ ਹਾਊਸ ਤੇ ਪ੍ਰਚਾਰ ਕਮੇਟੀ ਨੇ ਪੜਾਅ ਵਾਰ ਨਾਨਕਸਾਹੀ ਕੈਲੰਡਰ ਨੂੰ ਪ੍ਰਵਾਨਗੀ ਦੇ ਦਿੱਤੀ।
ਪਾਲ ਸਿੰਘ ਪੁਰੇਵਾਲ ਦੁਆਰਾ ਤਿਆਰ ਇਹ ਕੈਲੰਡਰ ਪੂਰੀ ਤਰ੍ਹਾਂ ਸੂਰਜ ਪ੍ਰਣਾਲੀ ‘ਤੇ ਆਧਾਰਤ ਸੀ, ਜਿਵੇਂ ਕਿ ਅੰਗਰੇਜ਼ੀ ਭਾਵ ਗ੍ਰੈਗਰੀਨ ਕੈਲੰਡਰ। ਸਿੱਖ ਕੌਮ ਨਾਲ ਸੰਬੰਧਤ ਇਤਿਹਾਸਕ ਦਿਹਾੜੇ, ਗੁਰੂ ਸਾਹਿਬ ਦੇ ਪ੍ਰਕਾਸ਼ ਦਿਵਸ ਤੇ ਹੋਰ ਦਿਹਾੜੇ ਹਰ ਸਾਲ ਇੱਕੋ ਤਰੀਕ ‘ਤੇ ਨਿਸ਼ਚਤ ਸਨ ਅਤੇ ਇਹ ਵੀ ਪੂਰੀ ਤਰ੍ਹਾਂ ਸਿੱਖ ਇਤਿਹਾਸ ਤੇ ਗੁਰਬਾਣੀ ਦੀ ਕਸਵੱਟੀ ‘ਤੇ ਖਰੇ ਉਤਰਨ ਵਾਲੇ। ਇਸ ਦੇ ਬਿਲਕੁਲ ਉਲਟ ਭਾਰਤ ਵਿੱਚ ਪ੍ਰਚਲਿਤ ਬਿਕਰਮ ਕੈਲੰਡਰ ਚੰਦਰਮਾ ਪ੍ਰਣਾਲੀ ‘ਤੇ ਆਧਾਰਤ ਹੈ ਜਿੱਥੇ ਬਿਕਰਮੀ ਕੈਲੰਡਰ ਚੰਦਰਮਾ ਪ੍ਰਣਾਲੀ ‘ਤੇ ਆਧਾਰਤ ਹੈ ਜਿੱਥੇ ਚੰਦਰਮਾ ਦੀ ਗਤੀ ਕਾਰਨ ਸਾਲ ਦੇ ਦਿਨ ਵਧਦੇ ਘਟਦੇ ਰਹਿੰਦੇ ਹਨ ਅਤੇ ਇਹੀ ਕਾਰਨ ਹੈ ਕਿ ਬਿਕਰਮੀ ਕੈਲੰਡਰ ਹਰ ਸਾਲ ਤਿਆਰ ਕੀਤਾ ਜਾਂਦਾ ਹੈ ਅਤੇ ਗੁਰਪੁਰਬ ਕਦੇ ਵੀ ਇੱਕ ਨਿਸ਼ਚਤ ਤਰੀਕ ‘ਤੇ ਨਹੀਂ ਆ ਸਕਦੇ। ਕਈ ਵਾਰ ਤਾਂ ਸਾਲ ਵਿੱਚ ਦਸਮ ਪਾਤਸ਼ਾਹ ਦਾ ਅਵਤਾਰ ਦਿਹਾੜਾ ਦੋ ਵਾਰ ਆ ਜਾਂਦਾ ਹੈ ਤੇ ਕਿਸੇ ਸਾਲ ਆਉਂਦਾ ਹੀ ਨਹੀਂ।
ਸਾਲ 1999 ਵਿੱਚ ਖਾਲਸਾ ਸਾਜਣਾ ਦੇ 300 ਸਾਲਾ ਜਸ਼ਨ ਮਨਾਉਂਦਿਆਂ ਵੀ ਇਹੀ ਮਹਿਸੂਸ ਹੋਇਆ ਸੀ ਕਿ ਉਸ ਸਾਲ ਖਾਲਸੇ ਦੀ ਸਿਰਜਣਹਾਰ ਦਸਮ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੀ ਨਹੀਂ ਸੀ ਆ ਰਿਹਾ ਤੇ ਇਹ ਪਹਿਲੀ ਵਾਰ ਸੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹ ਪੁਰਬ ਪੰਜ ਜਨਵਰੀ 1999 ਨੂੰ ਮਨਾਇਆ ਗਿਆ। ਹਾਲਾਂਕਿ ਇਹ ਨਾਨਕਸ਼ਾਹੀ ਕੈਲੰਡਰ ਸਾਲ 1999 ਵਿੱਚ ਪੂਰੀ ਤਰ੍ਹਾਂ ਪ੍ਰਕਾਸ਼ਨਾ ਲਈ ਤਿਆਰ ਸੀ, ਪਰ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇਸ ਨੂੰ ਰੋਕ ਲਿਆ ਅਤੇ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਜੇ ਕਿਸੇ ਸਿੱਖ ਸੰਸਥਾ ਨੂੰ ਕੈਲੰਡਰ ਬਾਰੇ ਕੋਈ ਸ਼ੰਕਾ ਜਾਂ ਇਤਰਾਜ਼ ਹੋਵੇ ਤਾਂ ਉਹ ਲਿਖਤੀ ਰੂਪ ਵਿੱਚ ਕਮੇਟੀ ਨੂੰ ਭਿਜਵਾਏ। ਅਖੀਰ ਸਾਲ 2003 ਵਿੱਚ ਸਮੁੱਚੀਆਂ ਸਿੱਖ ਸੁਸਾਇਟੀਆਂ, ਸਿੱਖ ਵਿਦਵਾਨਾਂ ਅਤੇ ਸੰਸਥਾਵਾਂ ਦੀ ਇੱਕ ਇਕੱਤਰਤਾ ਅਕਾਲ ਤਖਤ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਅਤੇ ਵੇਦਾਂਤੀ ਨੇ ਅਕਾਲ ਤਖਤ ਸਾਹਿਬ ਵਿਖੇ ਬੁਲਾਈ ਅਤੇ ਨਾਨਕਸ਼ਾਹੀ ਕੈਲੰਡਰ ਪੇਸ਼ ਕਰ ਕੇ ਪ੍ਰਵਾਨਗੀ ਲਈ। ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਉਪਰੰਤ 2010 ਦੇ ਵਿਸਾਖੀ ਦਿਹਾੜੇ ‘ਤੇ ਪਾਲ ਸਿੰਘ ਪੁਰੇਵਾਲ ਦੁਆਰਾ ਸੂਰਜੀ ਪ੍ਰਣਾਲੀ ‘ਤੇ ਆਧਾਰਤ ਇਹ ਨਾਨਕਸ਼ਾਹੀ ਕੈਲੰਡਰ ਰਿਲੀਜ਼ ਕੀਤਾ ਗਿਆ ਤੇ ਇਸ ਦੀ ਪਹਿਲੀ ਕਾਪੀ ਤਤਕਾਲੀ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਪਾਸੋਂ ਰਿਲੀਜ਼ ਕਰਵਾਈ।
ਸਾਲ 2010 ਤੀਕ ਸਿੱਖ ਇਤਿਹਾਸ ਨਾਲ ਜੁੜੇ ਸਮੁੱਚੇ ਗੁਰਪੁਰਬ ਅਤੇ ਹੋਰ ਦਿਹਾੜੇ ਦੇਸ਼-ਵਿਦੇਸ਼ ਵਿੱਚ ਇਸੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਏ ਗਏ। ਇਸ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਆਜ਼ਾਦ ਤੇ ਵਿਲੱਖਣ ਹੋਂਦ ਹਸਤੀ ਦਾ ਪ੍ਰਤੀਕ ਬਣ ਗਿਆ, ਪਰ ਦੇਸ਼ ਨੂੰ ਹਿੰਦੂ, ਹਿੰਦੀ ਤੇ ਵਿਰਾਟ ਹਿੰਦੂਤਵੀ ਸੋਚ ਅਨੁਸਾਰ ਚਲਾਉਣ ਦਾ ਦਾਅਵਾ ਕਰਨ ਵਾਲੀ ਆਰ ਐਸ ਐਸ, ਸੰਘ ਪਰਵਾਰ ਤੇ ਇਸ ਦੀਆਂ ਸਹਿਯੋਗੀ ਜਮਾਤਾਂ ਨੂੰ ਨਾਨਕਸ਼ਾਹੀ ਕੈਲੰਡਰ ਕਿਸੇ ਵੀ ਕੀਮਤ ‘ਤੇ ਪ੍ਰਵਾਨ ਨਹੀਂ ਸੀ। ਉਨ੍ਹਾਂ ਜਮਾਤਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਵੱਖਵਾਦੀ ਅਤੇ ਹਿੰਦੂ ਸਿੱਖਾਂ ਨੂੰ ਦੁਫਾੜ ਕਰਨ ਦੇ ਬੇਬੁਨਿਆਦ ਦੋਸ਼ ਲਗਾਉਣੇ ਸ਼ੁਰੂ ਕੀਤੇ। ਅਕਾਲ ਤਖਤ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਉਪਰ ਬੇਲੋੜਾ ਸਿਆਸੀ ਦਬਾਅ ਬਣਾਉਣਾ ਸ਼ੁਰੂ ਕੀਤਾ ਗਿਆ, ਪਰ ਜਦ ਇਸ ਸਭ ਦਾ ਗਿਆਨੀ ਵੇਦਾਂਤੀ ਉਪਰ ਕੋਈ ਅਸਰ ਨਾ ਹੋਈ ਤਾਂ ਇਨ੍ਹਾਂ ਸ਼ਕਤੀਆਂ ਨੇ ਰਾਜਸੀ ਪ੍ਰਭਾਵ ਨਾਲ ਅਕਾਲੀ ਸੁਪਰੀਮੋ ਸ੍ਰੀ ਪ੍ਰਕਾਸ਼ ਸਿੰਘ ਬਾਦਲ ਰਾਹੀਂ ਉਨ੍ਹਾਂ ਨੂੰ ਸੇਵਾਮੁਕਤ ਕਰਵਾ ਕੇ ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖਤ ਸਾਹਿਬ ਦਾ ਨਵਾਂ ਜਥੇਦਾਰ ਥਾਪ ਦਿੱਤਾ।
ਇਥੋਂ ਹੀ ਨਾਨਕਸ਼ਾਹੀ ਕੈਲੰਡਰ ਦੀ ਹੋਂਦ ਹਸਤੀ ਤੇ ਸਰੂਪ ਨੂੰ ਖਤਮ ਕਰਨ ਦਾ ਮੁੱਢ ਬੱਝਦਾ ਹੈ। ਦੂਜੇ ਪਾਸੇ ਕੁਝ ਤਾਕਤਾਂ ਨੇ ਸਿੱਖ ਧਰਮ ਨਾਲ ਜੁੜੇ ਕੁਝ ਡੇਰਿਆਂ ਨੂੰ ਆਪਣੇ ਪ੍ਰਭਾਵ ਹੇਠ ਲਿਆਂਦਾ ਅਤੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਲਈ ਤਿਆਰ ਕੀਤਾ ਗਿਆ। ਸਾਲ 2009 ਦੀ ਦੀਵਾਲੀ ਵਾਲੇ ਦਿਨ ਹੀ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕੀਤੇ ਜਾਣ ਦੇ ਨਾਂ ‘ਤੇ ਪੰਜ ਸਿੰਘ ਸਾਹਿਬਾਨ ਦੀ ਇੱਕ ਇਕੱਤਰਤਾ ਬੁਲਾਈ ਗਈ। ਕਾਹਲੀ ਨਾਲ ਬੁਲਾਈ ਗਈ ਇਸ ਮੀਟਿੰਗ ਬਾਰੇ ਕਿਸੇ ਵੀ ਸਿੰਘ ਸਾਹਿਬ (ਜਥੇਦਾਰ) ਨੂੰ ਕੋਈ ਏਜੰਡਾ ਨਹੀਂ ਭੇਜਿਆ ਗਿਆ। ਸਿੰਘ ਸਾਹਿਬਾਨ ਸਾਹਮਣੇ ਇੱਕ ਅਜਿਹਾ ਹੱਥ ਲਿਖਤ ਖਰੜਾ ਪੇਸ਼ ਕੀਤਾ ਗਿਆ ਜਿਸ ‘ਤੇ ਉਨ੍ਹਾਂ ਦੇ ਦਸਤਖਤ ਕਰ ਕੇ ਨਾਨਕਸ਼ਾਹੀ ਕੈਲੰਡਰ ਦੀਆਂ ਸੋਧਾਂ ਨੂੰ ਪ੍ਰਵਾਨਗੀ ਦੇਣੀ ਸੀ। ਇਹ ਹੱਥ ਲਿਖਤ ਖਰੜਾ ਬਾਅਦ ਵਿੱਚ ਮੀਡੀਆ ਤੇ ਸਿੱਖ ਸੰਸਥਾਵਾਂ ਦੇ ਹੱਥ ਵੀ ਲੱਗ ਗਿਆ। ਖਰੜੇ ਦੀ ਲਿਖਤ ਤੋਂ ਸਪੱਸ਼ਟ ਸੀ ਕਿ ਲਿਖਣ ਵਾਲੇ ਨੂੰ ਗੁਰਮੁਖੀ ਲਿਪੀ ਦਾ ਕੋਈ ਅਭਿਆਸ ਨਹੀਂ ਸੀ, ਦੇਵਨਾਗਰੀ ਦੀ ਤਰਜ਼ ‘ਤੇ ਗੁਰਮੁਖੀ ਦੀ ਇਬਾਰਤ ਸੀ ‘ਧਰਮ ਸੰਸਦ ਦੀ ਇਕੱਤਰਤਾ’ ਵਰਗੇ ਸ਼ਬਦਾਂ ਨੇ ਸਾਫ ਕਰ ਦਿੱਤਾ ਸੀ ਕਿ ਇਹ ਖਰੜਾ ਕਿਸੇ ਗੈਰ ਸਿੱਖ ਸੰਗਠਨ ਵੱਲੋਂ ਭੇਜਿਆ ਗਿਆ ਹੈ ਕਿਉਂਕਿ ਸਿੱਖਾਂ ਵਿੱਚ ਧਰਮ ਸੰਸਦ ਵਰਗੀ ਕੋਈ ਸੰਸਥਾ ਹੀ ਨਹੀਂ ਹੈ। ਕੁਝ ਸਿੰਘ ਸਾਹਿਬਾਨ ਵੱਲੋਂ ਇਤਰਾਜ਼ ਕਰਨ ‘ਤੇ ਇਹ ਖਰੜਾ ਉਸ ਦਿਨ ਪ੍ਰਵਾਨ ਨਾ ਚੜ੍ਹ ਸਕਿਆ ਤਾਂ ਕੁਝ ਮਹੀਨਿਆਂ ਬਾਅਦ ਦੁਬਾਰਾ ਸਿੰਘ ਸਾਹਿਬਾਨ ਦੀ ਇਕੱਤਰਤਾ ਬੁਲਾਈ ਗਈ। ਇਸ ਇਕੱਤਰਤਾ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸੋਧਾਂ ਦੀ ਪ੍ਰਵਾਨਗੀ ਦੇਣ ਤੋਂ ਨਾਂਹ ਕਰ ਦਿੱਤੀ। ਆਖਰ ਪੰਜ ਸਿੰਘ ਸਾਹਿਬਾਨ ਵੱਲੋਂ ਇਹ ਮਾਮਲਾ ਸ਼੍ਰੋਮਣੀ ਕਮੇਟੀ ਨੂੰ ਭੇਜ ਦਿੱਤਾ ਗਿਆ। ਕਮੇਟੀ ਨੇ 72 ਘੰਟੇ ਦੇ ਨੋਟਿਸ ‘ਤੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਬੁਲਾਈ, ਮੈਂਬਰਾਂ ਨੂੰ ਪਾਰਟੀ ਜ਼ਾਬਤੇ ਦਾ ਡੰਡਾ ਵਿਖਾਇਆ ਤੇ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ, ਪਰ ਇਸ ਇਕੱਤਰਤਾ ਵਿੱਚ ਵੀ 2 ਮੈਂਬਰਾਨ ਵਾਕ ਆਊਟ ਕਰ ਗਏ। ਇਸ ਉਪਰੰਤ ਮਹਿਜ਼ 18 ਮਹੀਨਿਆਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਪ੍ਰਵਾਨਗੀ ਲਏ ਬਿਨਾਂ ਹੀ ਸਿਰਫ ਸੱਚਖੰਡ ਸਰੀ ਹਰਿਮੰਦਰ ਸਾਹਿਬ ਦੇ ਗਰੰਥੀ ਸਾਹਿਬਾਨ ਦੀ ਇਕੱਤਰਤਾ ਬੁਲਾ ਕੇ 4 ਜਨਵਰੀ 2010 ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਦੀ ਪ੍ਰਵਾਨਗੀ ਦੇ ਦਿੱਤੀ। ਇਸ ਕੈਲੰਡਰ ਅਨੁਸਾਰ ਗੁਰਪੁਰਬ, ਮੱਸਿਆ, ਸੰਗਰਾਂਦ ਆਦਿ ਦੀਆਂ ਤਰੀਕਾਂ ਵੀ ਬਿਕਰਮੀ ਕੈਲੰਡਰ ਅਨੁਸਾਰ ਹਨ, ਪਰ ਨਾਂ ਜ਼ਰੂਰ ਨਾਨਕਸ਼ਾਹੀ ਹੈ। ਕਮੇਟੀ ਅਤੇ ਅਕਾਲ ਤਖਤ ਸਾਹਿਬ ਦੇ ਇਸ ਫੈਸਲੇ ਖਿਲਾਫ ਦੇਸ਼ ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਨੇ ਕਰੜਾ ਵਿਰੋਧ ਜਿਤਾਇਆ ਜਿਸ ਦਾ ਪ੍ਰਤੱਖ ਸਬੂਤ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ 16 ਜੂਨ ਨੂੰ ਮਨਾਏ ਜਾਣ ਦਾ ਕੀਤਾ ਫੈਸਲਾ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੀ ਪਾਕਿਸਤਾਨ ਕਮੇਟੀ ਨਾਲ ਸਹਿਮਤੀ ਪ੍ਰਗਟਾਅ ਚੁੱਕੇ ਹਨ। ਸਾਲ 2010 ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਾਬਜ਼ ਧੜੇ ਨੇ ਵਿਸ਼ਵ ਸਿੱਖ ਕਨਵੈਨਸ਼ਨ ਦਾ ਆਯੋਜਨ ਕਰ ਕੇ ਸੋਧੇ ਹੋਏ ਨਾਨਕਸ਼ਾਹ ਕੈਲੰਡਰ ਖਿਲਾਫ ਆਵਾਜ਼ ਬੁਲੰਦ ਕੀਤੀ ਸੀ, ਪਰ ਪੰਜਾਬ ਵਿੱਚ ਸਰਕਾਰੀ ਡੰਡੇ ਦੇ ਡਰ ਕਾਰਨ ਅਜਿਹਾ ਨਹੀਂ ਹੋ ਸਕਿਆ। ਹੁਣ ਜਦੋਂ ਕਿ ਪਾਕਿਸਤਾਨ ਤੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਖਿਲਾਫ ਆਵਾਜ਼ ਬੁਲੰਦ ਹੋਈ ਹੈ ਤਾਂ ਇਹ ਜ਼ਰੂਰੀ ਹੈ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਕਿਸੇ ਵੀ ਸੰਭਾਵੀ ਸੋਧ ਲਈ ਉਨ੍ਹਾਂ ਸਾਰੀਆਂ ਧਿਰਾਂ ਤੇ ਮਾਹਿਰਾਂ ਦੀ ਰਾਏ ਲਈ ਜਾਵੇ ਜਿਨ੍ਹਾਂ ਨੇ ਦਹਾਕਿਆਂ ਦੀ ਮਿਹਨਤ ਤੋਂ ਬਾਅਦ ਇਸ ਕੌਮ ਦੀ ਵੱਖਰੀ ਤੇ ਨਿਆਰੀ ਹੋਂਦ ਹਸਤੀ ਦਾ ਪ੍ਰਤੀਕ ਬਣਨ ਦੇ ਕਾਬਲ ਕੀਤਾ ਸੀ। ਸੁਝਾਅ ਜ਼ਰੂਰ ਲਏ ਜਾਣ, ਪਰ ਸੁਝਾਅ ਉਨ੍ਹਾਂ ਸੰਸਥਾਵਾਂ ਦੇ ਹੀ ਵਿਚਾਰੇ ਜਾਣ, ਜੋ ਅਕਾਲ ਤਕਤ ਸਾਹਿਬ ਦੀ ਸਰਬਉਚਤਾ ਅਤੇ ਇਥੋਂ ਜਾਰੀ ਰਹਿਤ ਮਰਿਆਦਾ ਨੂੰ ਪ੍ਰਵਾਨ ਕਰਦੀਆਂ ਹੋਣ।

Scroll To Top