Home / ਮੁੱਖ ਖਬਰਾਂ / ਬਿਹਤਰ ਭਵਿੱਖ ਵੱਲ ਵਧ ਰਿਹੈ ਦੇਸ਼-ਪ੍ਰਧਾਨ ਮੰਤਰੀ
ਬਿਹਤਰ ਭਵਿੱਖ ਵੱਲ ਵਧ ਰਿਹੈ ਦੇਸ਼-ਪ੍ਰਧਾਨ ਮੰਤਰੀ

ਬਿਹਤਰ ਭਵਿੱਖ ਵੱਲ ਵਧ ਰਿਹੈ ਦੇਸ਼-ਪ੍ਰਧਾਨ ਮੰਤਰੀ

ਨਵੀਂ ਦਿੱਲੀ, 8 ਜਨਵਰੀ (ਉਪਮਾ ਡਾਗਾ ਪਾਰਥ, ਪੀ. ਟੀ. ਆਈ.)-ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਅੱਜ ਅਰਥ-ਵਿਵਸਥਾ ਦੀ ਸਥਿਤੀ ਨੂੰ ਲੈ ਕੇ ਪ੍ਰਵਾਸੀ ਭਾਰਤੀਆਂ ਦੇ ਖਦਸ਼ਿਆਂ ਨੂੰ ਦੂਰ ਕਰਨ ਦਾ ਯਤਨ ਕਰਦਿਆਂ ਕਿਹਾ ਕਿ ਦੇਸ਼ ‘ਬਿਹਤਰ ਭਵਿੱਖ’ ਵੱਲ ਵਧ ਰਿਹਾ ਹੈ ਅਤੇ ਵਰਤਮਾਨ ਦੇ ਬਾਰੇ ‘ਚ ਮਾਯੂਸ ਹੋਣ ਜਾਂ ਭਵਿੱਖ ਦੇ ਬਾਰੇ ‘ਚ ਚਿੰਤਾ ਕਰਨ ਦਾ ਕੋਈ ਕਾਰਨ ਨਹੀਂ ਹੈ | ਉਨ੍ਹ੍ਹਾਂ ਨੇ ਇਹ ਵੀ ਕਿਹਾ ਅਗਲੇ ਚੋਣ ਨਤੀਜਿਆਂ ‘ਤੇ ਧਿਆਨ ਦਿੱਤੇ ਬਿਨਾਂ ਉਹ ਇਕ ਵਾਰ ਫਿਰ ਭਾਰਤ ਦੇ ਲੋਕਤੰਤਰ ਅਤੇ ਇਸ ਦੀਆਂ ਸੰਸਥਾਵਾਂ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਨਗੇ | ਮਨਮੋਹਨ ਸਿੰਘ ਨੇ ਕਿਹਾ ‘ਮੈਂ ਜਾਣਦਾ ਹਾਂ ਕਿ ਤੁਹਾਡੇ ਵਿਚੋਂ ਬਹੁਤ ਸਾਰੇ ਲੋਕਾਂ ਦੇ ਮਨ ਵਿਚ ਭਾਰਤੀ ਅਰਥ-ਵਿਵਸਥਾ ਦੇ ਭਵਿੱਖ ਦੇ ਬਾਰੇ ‘ਚ ਸਵਾਲ ਅਤੇ ਸਮਾਜਿਕ ਚੁਣੌਤੀਆਂ, ਸਾਡੀ ਰਾਜ ਵਿਵਸਥਾ ਦੇ ਆਕਾਰ ਅਤੇ ਸਾਡੇ ਦੇਸ਼ ਦੇ ਪ੍ਰਸ਼ਾਸਨ ਨਾਲ ਜੁੜੇ ਮੁੱਦਿਆਂ ਦੇ ਬਾਰੇ ‘ਚ ਚਿੰਤਾਵਾਂ ਹਨ | ਭਾਰਤ ਦੇ ਬਾਹਰ ਕੁਝ ਵਰਗਾਂ ਦੀ ਇਹ ਧਾਰਨਾ ਹੈ ਕਿ ਦੇਸ਼ ਪਿਛਲੇ ਇਕ ਦਹਾਕੇ ਤੋਂ ਆਪਣੀ ਰਫਤਾਰ ਗੁਆ ਰਿਹਾ ਹੈ |’ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁੱਦਿਆਂ ਨੂੰ ਭਾਰਤ ‘ਚ ਰਾਜਨੀਤਕ ਵਿਵਾਦਾਂ ਦੇ ਜ਼ਰੀਏ ਵੀ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਜਿਸ ਨੂੰ ਚੋਣਾਂ ਦੇ ਮੌਸਮ ਦੇ ਮੱਦੇਨਜ਼ਰ ਬਿਨਾਂ ਸ਼ੱਕ ਜ਼ੋਰ-ਸ਼ੋਰ ਨਾਲ ਉਠਾਇਆ ਜਾਂਦਾ ਹੈ | ਉਨ੍ਹਾਂ ਨੇ ਇਥੇ 12ਵੇਂ ਪ੍ਰਵਾਸੀ ਭਾਰਤੀ ਦਿਵਸ ਸਮਾਗਮ ‘ਚ ਕਿਹਾ ‘ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੇ ਵਰਤਮਾਨ ਦੇ ਬਾਰੇ ‘ਚ ਨਿਰਾਸ਼ ਹੋਣ ਜਾਂ ਭਵਿੱਖ ਦੇ ਬਾਰੇ ‘ਚ ਚਿੰਤਾ ਕਰਨ ਦਾ ਕੋਈ ਕਾਰਨ ਨਹੀਂ ਹੈ | ਅਸਲ ‘ਚ, ਜਿਵੇਂ ਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਅਸੀਂ ਬਿਹਤਰ ਭਵਿੱਖ ਵੱਲ ਵਧ ਰਹੇ ਹਾਂ ਅਤੇ ਮੈਂ ਤੁਹਾਨੂੰ ਅਪੀਲ ਕਰਾਂਗਾ ਕਿ ਤੁਸੀਂ ਇਸ ਦੇਸ਼ ਦੇ ਭਵਿੱਖ ‘ਚ ਵਿਸ਼ਵਾਸ ਅਤੇ ਆਸ਼ਾਵਾਦ ਨਾਲ ਜੁੜੇ ਰਹੋ |’ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਬਾਹਰੀ ਅਤੇ ਘਰੇਲੂ ਕਾਰਨਾਂ ਦੇ ਬਾਵਜੂਦ ਸਾਡੀ ਅਰਥ-ਵਿਵਸਥਾ ਦੇ ਬੁਨਿਆਦੀ ਸਿਧਾਂਤ ਮਜ਼ਬੂਤ ਹਨ | ਉਨ੍ਹਾਂ ਕਿਹਾ ਕਿ ਸਾਲ 2004 ਤੋਂ ਸਾਡੀ ਸਾਲਾਨਾ ਉਤਪਾਦ ਦਰ 7.9 ਫੀਸਦੀ ਰਹੀ ਹੈ | ਉਨ੍ਹਾਂ ਕਿਹਾ ਕਿ ਬੇਸ਼ੱਕ ਬੀਤੇ ਕੁਝ ਸਮੇਂ ‘ਚ ਇਸ ਦਰ ‘ਚ ਕਮੀ ਆਈ ਹੈ ਅਤੇ ਪਿਛਲੇ ਸਾਲ ਉਤਪਾਦ ਦਰ 5 ਫੀਸਦੀ ਰਹੀ ਹੈ ਪ੍ਰੰਤੂ ਇਸ ਸਾਲ ਇਸ ‘ਚ ਕੁਝ ਵਾਧਾ ਜ਼ਰੂਰ ਹੋ ਜਾਵੇਗਾ |
ਪਾਰਦਰਸ਼ੀ ਤੇ ਜਵਾਬਦੇਹ ਸਰਕਾਰ ਮੁੱਖ ਤਰਜੀਹ
ਨੌਜਵਾਨਾਂ ਦੀ ਚਰਚਾ ਕਰਦਿਆਂ ਉੁਨ੍ਹਾਂ ਕਿਹਾ ਕਿ ਜੀਵਨ ਦੇ ਹਰ ਪੱਧਰ ਤੋਂ ਨੌਜਵਾਨ ਆਪਣੀਆਂ ਉਮੀਦਾਂ ਨਾਲ ਨਾ ਸਿਰਫ ਅੱਗੇ ਵਧ ਰਹੇ ਹਨ, ਸਗੋਂ ਉਹ ਸਿਆਸਤ ‘ਚ ਵੀ ਹਿੱਸੇਦਾਰ ਬਣ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਅਹਿਮ ਤਬਦੀਲੀ ਨਾਲ ਸਾਡਾ ਲੋਕਤੰਤਰ ਹੋਰ ਪ੍ਰਭਾਵਸ਼ਾਲੀ ਅਤੇ ਸਾਂਝੀਦਾਰੀ ਵਾਲਾ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਵੇਲੇ ਇਕ ਪਾਰਦਰਸ਼ੀ, ਜਵਾਬਦੇਹ ਅਤੇ ਸਾਫ-ਸੁਥਰੀ ਸਰਕਾਰ ਹੀ ਉਨ੍ਹਾਂ ਦੀ ਮੁੱਖ ਤਰਜੀਹ ਹੈ, ਜਿਸ ਲਈ ਸਰਕਾਰ ਨੇ ਸੂਚਨਾ ਦੇ ਹੱਕ ਅਤੇ ਲੋਕਪਾਲ ਕਾਨੂੰਨ ਵਰਗੇ ਕਈ ਜ਼ਰੂਰੀ ਕਦਮ ਚੁੱਕੇ ਹਨ |

Scroll To Top