Home / ਪੰਜਾਬ / ਕਾਂਗਰਸ ਵੱਲੋਂ 16 ਜਨਵਰੀ ਨੂੰ ਪੰਜਾਬ ਬੰਦ ਦਾ ਸੱਦਾ
ਕਾਂਗਰਸ ਵੱਲੋਂ 16 ਜਨਵਰੀ ਨੂੰ ਪੰਜਾਬ ਬੰਦ ਦਾ ਸੱਦਾ

ਕਾਂਗਰਸ ਵੱਲੋਂ 16 ਜਨਵਰੀ ਨੂੰ ਪੰਜਾਬ ਬੰਦ ਦਾ ਸੱਦਾ

ਚੰਡੀਗੜ੍ਹ, 8 ਜਨਵਰੀ (ਐਨ. ਐਸ. ਪਰਵਾਨਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਨੇ 16 ਜਨਵਰੀ ਨੂੰ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਹੈ, ਤਾਂ ਜੋ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ‘ਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੰ ਬਰਖ਼ਾਸਤ ਕਰਨ ਅਤੇ 6000 ਕਰੋੜ ਰੁਪਏ ਦੇ ਸਿੰਥੈਟਿਕ ਨਸ਼ਾ ਕਾਰੋਬਾਰ ਤੇ ਇਸ ‘ਚ ਸ: ਮਜੀਠੀਆ ਸਮੇਤ ਹੋਰਨਾਂ ਦੋ ਕੈਬਨਿਟ ਮੰਤਰੀਆਂ ਦੀ ਸ਼ਮੂਲੀਅਤ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਲਈ ਦਬਾਅ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ 16 ਜਨਵਰੀ ਨੂੰ ਸਾਰੇ ਪੰਜਾਬ ਵਿਚ 12 ਤੋਂ ਲੈ ਕੇ 3 ਵਜੇ ਤੱਕ ਚੱਕਾ ਜਾਮ ਰਹੇਗਾ ਤੇ ਸਾਡੀ ਭਰਪੂਰ ਕੋਸ਼ਿਸ਼ ਹੋਵੇਗੀ ਕਿ ਸਾਰਾ ਕੁਝ ਸ਼ਾਂਤਮਈ ਤਰੀਕੇ ਨਾਲ ਚੱਲੇ | ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਸ: ਬਾਜਵਾ ਨੇ ਕਿਹਾ ਕਿ ਕਾਂਗਰਸੀ ਕਾਰਕੁਨ 20 ਜਨਵਰੀ ਨੂੰ ਸੂਬੇ ਭਰ ‘ਚ ਧਰਨਾ ਤੇ ਪ੍ਰਦਰਸ਼ਨ ਕਰਦਿਆਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ | ਕਾਰਕੁਨ 21 ਜਨਵਰੀ ਨੂੰ ਮੁਹਾਲੀ ਵਿਖੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਦੀ ਸ਼ੁਰੂਆਤ ਕਰਨਗੇ, ਜੋ ਸ: ਮਜੀਠੀਆ ਿਖ਼ਲਾਫ਼ ਅਪਰਾਧਿਕ ਮਾਮਲਾ ਦਰਜ ਹੋਣ ਅਤੇ ਉਨ੍ਹਾਂ ਨੰੂ ਕੈਬਨਿਟ ਤੋਂ ਹਟਾਏ ਜਾਣ ਤੱਕ ਜਾਰੀ ਰਹੇਗੀ | ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਮੁੱਖ ਮੰਤਰੀ ਨੂੰ ਸ: ਮਜੀਠੀਆ ਦੀ ਨਸ਼ਾ ਕਾਰੋਬਾਰ ‘ਚ ਸ਼ਮੂਲੀਅਤ ਸਬੰਧੀ ਮਾਮਲੇ ਨੂੰ ਰਫਾ ਦਫਾ ਨਹੀਂ ਕਰਨ ਦੇਵੇਗੀ | ਗਿ੍ਫਤਾਰ ਨਸ਼ਾ ਤਸਕਰ ਜਗਦੀਸ਼ ਭੋਲਾ ਨੇ ਜਨਤਕ ਤੌਰ ‘ਤੇ ਇਸ ਸਬੰਧੀ ਖ਼ੁਲਾਸਾ ਕੀਤਾ ਸੀ ਅਤੇ ਪੁਲਿਸ ਪੁੱਛਗਿੱਛ ਦੌਰਾਨ ਵੀ ਸ: ਮਜੀਠੀਆ ਦਾ ਨਾਂਅ ਲਿਆ ਹੈ | ਭੋਲਾ ਮੁੱਖ ਦੋਸ਼ੀ ਹੈ ਅਤੇ ਉਸ ਨੇ ਸਿੱਧੇ ਤੌਰ ‘ਤੇ ਮੰਤਰੀ ਦਾ ਨਾਂਅ ਲਿਆ ਹੈ ਤੇ ਨਸ਼ਾ ਤਸਕਰੀ ਨੂੰ ਹੋਰ ਮੰਤਰੀਆਂ ਦੇ ਸ਼ਾਮਿਲ ਹੋਣ ਦਾ ਵੀ ਖ਼ੁਲਾਸਾ ਕੀਤਾ ਹੈ |
ਸ: ਬਾਜਵਾ ਨੇ ਕਿਹਾ ਕਿ 16 ਜਨਵਰੀ ਨੂੰ ਸੂਬੇ ਤੇ ਸ਼ਾਹਰਾਹ ਅਤੇ ਰੇਲ ਆਵਾਜਾਈ ਨੂੰ ਰੋਕਿਆ ਜਾਵੇਗਾ | 10 ਜਨਵਰੀ ਨੂੰ ਪ੍ਰਦੇਸ਼ ਕਾਂਗਰਸ ਦੇ ਆਗੂ ਰਾਸ਼ਟਰਪਤੀ ਨੂੰ ਮਿਲਣਗੇ ਤੇ ਉਨ੍ਹਾਂ ਨੂੰ ਨਸ਼ਾ ਕਾਰੋਬਾਰ ‘ਚ ਅਕਾਲੀ ਮੰਤਰੀਆਂ ਦੀ ਸ਼ਮੂਲੀਅਤ ਤੋਂ ਜਾਣੂ ਕਰਵਾਉਣਗੇ | ਇਹ ਸਿਰਫ਼ ਸਧਾਰਨ ਨਸ਼ਾ ਕਾਰੋਬਾਰ ਨਹੀਂ ਹੈ, ਇਸ ਨਾਲ ਕੌਮੀ ਸੁਰੱਖਿਆ ਵੀ ਜੁੜੀ ਹੋਈ ਹੈ, ਕਿਉਂਕਿ ਨਸ਼ਾ ਮਾਫ਼ੀਆ ਦੀਆਂ ਤਾਰਾਂ ਵਿਦੇਸ਼ਾਂ ਤੱਕ ਫੈਲੀਆਂ ਹੋਈਆਂ ਹਨ | ਸ: ਮਜੀਠੀਆ ਤੇ ਹੋਰਨਾਂ ਦੋਸ਼ੀ ਮੰਤਰੀਆਂ ਨੂੰ ਉਨ੍ਹਾਂ ਦੇ ਗੁਨਾਹ ਦੀ ਸਜ਼ਾ ਮਿਲਣੀ ਚਾਹੀਦੀ ਹੈ |
ਸ: ਬਾਜਵਾ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਸਾਂਝੇਦਾਰ ਭਾਜਪਾ ਦੀ ਸ: ਮਜੀਠੀਆ ਦੀ ਨਸ਼ਾ ਕਾਰੋਬਾਰ ‘ਚ ਸ਼ਮੂਲੀਅਤ ਦੇ ਮਾਮਲੇ ‘ਚ ਚੁੱਪੀ ‘ਤੇ ਸਵਾਲ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਭਾਜਪਾ ਆਗੂ ਅਕਾਲੀਆਂ ਦੇ ਹੱਥਾਂ ‘ਚ ਖੇਡ ਰਹੇ ਹਨ ਅਤੇ ਬਾਦਲ ਪਰਿਵਾਰ ਦੇ ‘ਗ਼ੁਲਾਮ’ ਬਣ ਚੁੱਕੇ ਹਨ | ਸ: ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ 9 ਜਨਵਰੀ ਨੂੰ ਪੰਜਾਬ ਦੇ ਰਾਜਪਾਲ ਨੂੰ ਮਿਲ਼ੇਗੀ ਤੇ ਮੰਗ ਕਰੇਗੀ ਕਿ ਉਹ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸ਼ਿਫਾਰਸ਼ ਕਰਨ | ਉਨ੍ਹਾਂ ਕਿਹਾ ਕਿ ਮਹਿਲਾ ਕਾਂਗਰਸ, ਯੂਥ ਕਾਂਗਰਸ ਅਤੇ ਐਨ. ਐਸ. ਯੂ. ਆਈ. ਕ੍ਰਮਵਾਰ ਧਰਨੇ ਦੇਣਗੇ | ਮੁੱਖ ਮੰਤਰੀ ‘ਤੇ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਲਈ ਦਬਾਅ ਬਣਾਉਣ ਵਾਸਤੇ ਇਹ ਪ੍ਰਦਰਸ਼ਨ ਸੂਬੇ ਭਰ ‘ਚ ਜਾਰੀ ਰਹੇਗਾ |
ਸ: ਬਾਜਵਾ ਨੇ ਨਸ਼ਾ ਕਾਰੋਬਾਰ ‘ਚ ਪੰਜਾਬ ਪੁਲਿਸ ਦੇ ਅਫ਼ਸਰਾਂ ਦੀ ਸ਼ਮੂਲੀਅਤ ਦੀ ਜਾਂਚ ਕਰਨ ਦੀ ਵੀ ਮੰਗ ਕੀਤੀ ਅਤੇ ਕਿਹਾ ਕਿ ਪਾਰਟੀ ਅਕਾਲੀ ਦਲ, ਪੁਲਿਸ ਤੇ ਅਪਰਾਧੀਆਂ ਵਿਚਾਲੇ ਸਬੰਧਾਂ ਦਾ ਖ਼ੁਲਾਸਾ ਕਰਨ ਲਈ ਸੋਸ਼ਲ ਮੀਡੀਆ ਦਾ ਪੂਰਾ ਇਸਤੇਮਾਲ ਕਰੇਗੀ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਜੀਤ ਸਿੰਘ ਨਾਗਰਾ ਸਕੱਤਰ ਏ. ਆਈ. ਸੀ. ਸੀ, ਚਰਨਜੀਤ ਸਿੰਘ ਚੰਨੀ, ਚਰਨਦੀਪ ਸਿੰਘ ਕੰਬੋਜ ਮੀਤ ਪ੍ਰਧਾਨ, ਫ਼ਤਿਹ ਜੰਗ ਸਿੰਘ ਬਾਜਵਾ, ਰਾਜਨਬੀਰ ਸਿੰਘ, ਰਾਮਪਾਲ ਢੈਪਈ ਜਨਰਲ ਸਕੱਤਰ, ਅਜੀਤ ਇੰਦਰ ਸਿੰਘ ਮੋਫਰ ਵਿਧਾਇਕ, ਸ: ਬਲਬੀਰ ਸਿੰਘ ਸਿੱਧੂ, ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ, ਆਰ. ਆਰ. ਭਾਰਦਵਾਜ ਚੇਅਰਮੈਨ ਆਰ. ਟੀ. ਆਈ. ਸੈੱਲ, ਇੰਦਰਪਾਲ ਸਿੰਘ ਧੰਨਾ, ਕਾਰਜਕਾਰਨੀ ਮੈਂਬਰ ਜੈਵੀਰ ਸਿੰਘ ਸ਼ੇਰਗਿੱਲ ਤੇ ਗੁਰਪ੍ਰਤਾਪ ਸਿੰਘ ਮਾਨ ਵੀ ਮੌਜੂਦ ਸਨ |

Scroll To Top