Home / ਪੰਜਾਬ / ਅਕਾਲੀ ਉਮੀਦਵਾਰ ਟੀਨੂੰ ਨੇ ਨਿਰਮਲ ਕੁਟੀਆ ਸੀਚੇਵਾਲ ਵਿਖੇ ਮੱਥਾ ਟੇਕਿਆ
ਅਕਾਲੀ ਉਮੀਦਵਾਰ ਟੀਨੂੰ ਨੇ ਨਿਰਮਲ ਕੁਟੀਆ ਸੀਚੇਵਾਲ ਵਿਖੇ ਮੱਥਾ ਟੇਕਿਆ

ਅਕਾਲੀ ਉਮੀਦਵਾਰ ਟੀਨੂੰ ਨੇ ਨਿਰਮਲ ਕੁਟੀਆ ਸੀਚੇਵਾਲ ਵਿਖੇ ਮੱਥਾ ਟੇਕਿਆ

ਸ਼ਾਹਕੋਟ/ਮਲਸੀਆਂ, 9 ਅਪ੍ਰੈਲ (ਅਜ਼ਾਦ ਸਿੰਘ ਸਚਦੇਵਾ) ਲੋਕ ਸਭਾ ਹਲਕਾ ਜਲੰਧਰ ਤੋਂ ਸ਼ੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਵਨ ਕੁਮਾਰ ਟੀਨੂੰ ਵੱਲੋਂ ਬੁੱਧਵਾਰ ਨੂੰ ਨਿਰਮਲ ਕੁਟੀਆ ਸੀਚੇਵਾਲ ਵਿਖੇ ਮੱਥਾ ਟੇਕ ਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਪਾਸੋਂ ਅਸ਼ੀਰਵਾਦ ਲਿਆ । ਜਿਕਰਯੋਗ ਹੈ ਕਿ ਸ਼੍ਰੀ ਟੀਨੂੰ ਉਚੇਚੇ ਤੌਰ ‘ਤੇ ਸੰਤ ਸੀਚੇਵਾਲ ਨੂੰ ਮਿਲਣ ਲਈ ਨਿਰਮਲ ਕੁਟੀਆ ਵਿਖੇ ਆਏ ਸਨ । ਇਸ ਮੌਕੇ ਸ੍ਰੀ ਟੀਨੂੰ ਨੇ ਕਿਹਾ ਕਿ ਜੇਕਰ ਉਹ ਜਿੱਤ ਪ੍ਰਾਪਤ ਕਰਦੇ ਹਨ ਅਤੇ ਕੇਂਦਰ ਵਿੱਚ ਮੋਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਗੰਧਲੇ ਹੋ ਰਹੇ ਜਲ ਸਰੋਤਾਂ ਨੂੰ ਬਚਾਉਣ ਲਈ ਪਹਿਲ ਦੇ ਅਧਾਰ ‘ਤੇ ਕੰਮ ਕਰਨਗੇ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਨੀਅਤ ਸਾਫ ਨਾ ਹੋਣ ਕਾਰਨ ਪੰਜਾਬ ਦੇ ਕੁਦਰਤੀ ਜਲ ਸਰੋਤਾਂ ਦੀ ਹਾਲਤ ਬਦ ਤੋਂ ਬਦਤਰ ਬਣੀ ਪਈ ਹੈ । ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਪੰਜਾਬ ਦੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕੇਂਦਰ ਦੀ ਯੂਪੀਏ ਸਰਕਾਰ ਵੇਲੇ 22 ਸੌ ਕਰੋੜ ਰੁਪਏ ਦਾ ਪ੍ਰੋਜੈਕਟ ਉਲੀਕਿਆ ਗਿਆ ਸੀ ਅਤੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ 30 ਨਵੰਬਰ 2011 ਦਾ ਸਮਾਂ ਮਿੱਥਿਆ ਗਿਆ ਸੀ, ਜੋ ਅੱਜ ਤੱਕ ਪੂਰਾ ਨਹੀਂ ਹੋ ਸਕਿਆ । ਉਨ੍ਹਾਂ ਕਿਹਾ ਕਿ ਜਿੱਤਣ ਤੋਂ ਬਾਅਦ ਉਹ ਇਸ ਅਧੂਰੇ ਪਏ ਪ੍ਰੋਜੈਕਟ ਨੂੰ ਅਮਲ ਵਿੱਚ ਲਿਆਉਣ ਲਈ ਸਰਗਰਮ ਭੂਮਿਕਾ ਨਿਭਾਉਣਗੇ । ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੀ ਸਭ ਤੋਂ ਗੰਭੀਰ ਗੰਦੇ ਪਾਣੀਆਂ ਦੀ ਸਮੱਸਿਆ ਤੋਂ ਸ੍ਰੀ ਟੀਨੂੰ ਨੂੰ ਵਿਸਥਾਰਪੂਰਕ ਜਾਣੂ ਕਰਵਾਉਂਦਿਆ ਕਿਹਾ ਕਿ ਇਲਾਕੇ ਵਿੱਚੋਂ ਲੰਘਦੀ ਕਾਲਾ ਸੰਘਿਆ ਡਰੇਨ, ਚਿੱਟੀ ਵੇਂਈ ਅਤੇ ਸਤਲੁਜ ਦਰਿਆ ਦੇ ਪ੍ਰਦੂਸ਼ਿਤ ਹੋ ਚੁੱਕੇ ਪਾਣੀ ਨਾਲ ਇਨ੍ਹਾਂ ਕੰਢੇ ਵਸਦੇ ਲੋਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ‘ਚ ਜਕੜੇ ਜਾ ਚੁੱਕੇ ਹਨ । ਉਨ੍ਹਾਂ ਸ੍ਰੀ ਟੀਨੂੰ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਦੌਰਾਨ ਲੋਕਾਂ ਦੇ ਜਿਉਣ ਦੇ ਅਧਿਕਾਰ ਨੂੰ ਸੁਰੱਖਿਅਤ ਕਰਨ ਲਈ ਵਾਤਾਵਰਣ ਦੇ ਮੁੱਦੇ ਨੂੰ ਮੁੱਖ ਮੁੱਦਾ ਬਣਾਉਣ । ਇਸ ਮੌਕੇ ਮੌਕੇ ਹੋਰਨਾਂ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆਂ, ਜਥੇਦਾਰ ਬਲਦੇਵ ਸਿੰਘ ਕਲਿਆਣ, ਸੁਰਜੀਤ ਸਿੰਘ ਸ਼ੰਟੀ ਮੈਂਬਰ ਪੰਚਾਇਤ, ਜਥੇਦਾਰ ਕੇਵਲ ਸਿੰਘ ਰੂਪੇਵਾਲੀ ਐਮ.ਡੀ ਕੋ-ਅਪ੍ਰੇਟਿਵ ਬੈਂਕ ਜਲੰਧਰ, ਜਥੇਦਾਰ ਚਰਨ ਸਿੰਘ ਸਿੰਧੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਚੇਅਰਮੈਨ ਸੁਰਜੀਤ ਸਿੰਘ ਨਿਹਾਲੂਵਾਲ, ਜਸਪਾਲ ਸਿੰਘ ਮੈਂਬਰ ਬਲਾਕ ਸੰਮਤੀ, ਨਿਰਮਲ ਸਿੰਘ ਨੰਬਰਦਾਰ, ਸਰਪੰਚ ਜਗਤਾਰ ਸਿੰਘ, ਕਮਲਜੀਤ ਸਿੰਘ, ਬੂਟਾ ਸਿੰਘ (ਦੋਵੇਂ) ਮੈਂਬਰ ਪੰਚਾਇਤ, ਮਾ. ਦਲਜੀਤ ਸਿੰਘ, ਡਾ. ਵਿਲੀਅਮ ਜੌਹਨ, ਅਮਰੀਕ ਸਿੰਘ ਸੰਧੂ, ਸੁਰਜੀਤ ਸਿੰਘ ਸੀਤਾ, ਦਇਆ ਸਿੰਘ ਆਦਿ ਹਾਜ਼ਰ ਸਨ।

Scroll To Top