Home / ਪੰਜਾਬ / ਪ੍ਰਧਾਨ ਮੰਤਰੀ ਨੂੰ ਕੱਠਪੁਤਲੀ ਬਣਾ ਕੇ ਵਰਤਣ ਵਾਲੀ ਕਾਂਗਰਸ ਨੇ ਲੋਕਤੰਤਰ ਦਾ ਜਨਾਜ਼ਾ ਕੱਢਿਆ – ਮਜੀਠੀਆ
ਪ੍ਰਧਾਨ ਮੰਤਰੀ ਨੂੰ ਕੱਠਪੁਤਲੀ ਬਣਾ ਕੇ ਵਰਤਣ ਵਾਲੀ ਕਾਂਗਰਸ ਨੇ ਲੋਕਤੰਤਰ ਦਾ ਜਨਾਜ਼ਾ ਕੱਢਿਆ – ਮਜੀਠੀਆ

ਪ੍ਰਧਾਨ ਮੰਤਰੀ ਨੂੰ ਕੱਠਪੁਤਲੀ ਬਣਾ ਕੇ ਵਰਤਣ ਵਾਲੀ ਕਾਂਗਰਸ ਨੇ ਲੋਕਤੰਤਰ ਦਾ ਜਨਾਜ਼ਾ ਕੱਢਿਆ – ਮਜੀਠੀਆ

ਮੱਤੇਵਾਲ/ ਟਾਹਲੀ ਸਾਹਿਬ, 14 ਅਪ੍ਰੈਲ (       ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ਉੱਪਰ ਦੇਸ਼ ਦੇ ਸਨਮਾਨਯੋਗ ਅਤੇ ਵਕਾਰੀ ਅਹੁਦਿਆਂ ‘ਤੇ ਗਾਂਧੀ ਪਰਿਵਾਰ ਦੇ ਝੋਲੀ-ਚੁੱਕ ਬਿਠਾ ਕੇ ਲੋਕਤੰਤਰੀ ਕਦਰਾਂ-ਕੀਮਤਾਂ ਦਾ ਜਨਾਜ਼ਾ ਕੱਢਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਲੜ ਰਿਹਾ ਕੈਪਟਨ ਅਮਰਿੰਦਰ ਸਿੰਘ ਵੀ ਗਾਂਧੀ ਪਰਿਵਾਰ ਦਾ ਹੱਥ-ਠੋਕਾ ਬਣ ਕੇ ਕਾਂਗਰਸ ਦੇ ਇਸੇ ਕਿਰਦਾਰ ਦੀ ਤਰਜ਼ਮਾਨੀ ਕਰ ਰਿਹਾ ਹੈ।  ਅੱਜ ਮਜੀਠਾ ਹਲਕੇ ਦੇ  ਪਿੰਡ ਬੱਗਾ ਵਿੱਚ ਕਾਂਗਰਸ ਦੇ ਸਿਰਕੱਢ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣੇ ਪਰਿਵਾਰਾਂ ਦਾ ਸਵਾਗਤ ਕਰਨ ਮੌਕੇ ਸ: ਮਜੀਠੀਆ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦਾ ਸ਼ੁਰੂ ਤੋਂ ਹੀ ਇਹ ਸਟੈਂਡ ਸੀ ਕਿ ਡਾ: ਮਨਮੋਹਨ ਸਿੰਘ ਕੱਠਪੁਤਲੀ ਪ੍ਰਧਾਨ ਮੰਤਰੀ ਹਨ, ਜਿਸ ਦੀਆਂ ਤਾਰਾਂ ਗਾਂਧੀ ਪਰਿਵਾਰ ਅਤੇ ਖਾਸ ਕਰਕੇ ਕਾਂਗਰਸ ਪ੍ਰਧਾਨ ਸ੍ਰੀ ਮਤੀ ਸੋਨੀਆ ਗਾਂਧੀ ਵੱਲੋਂ ਹਿਲਾਈਆਂ ਜਾਂਦੀਆਂ ਹਨ। ਇਸੇ ਵਰਤਾਰੇ ਕਾਰਨ ਹੀ ਇੱਕ ਪੰਜਾਬੀ ਅਤੇ ਸਿੱਖ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਵੀ ਡਾ: ਮਨਮੋਹਨ ਸਿੰਘ ਨੂੰ ਕਾਂਗਰਸ ਪਾਰਟੀ ਅਤੇ ਸ੍ਰੀ ਮਤੀ ਸੋਨੀਆ ਗਾਂਧੀ ਨੇ ਪੰਜਾਬ ਲਈ ਵਿਸ਼ੇਸ਼ ਪੈਕੇਜ, ਵੱਡੇ ਉਦਯੋਗ, ਕਿਸਾਨ ਕਰਜ਼ਾ ਮੁਆਫ਼ੀ ਜਾਂ ਹੋਰ ਸਹੂਲਤਾਂ ਦੇਣ ਤੋਂ ਵਰਜੀ ਰੱਖਿਆ। ਮਜੀਠੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਾਰੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ ਵੱਲੋਂ ਲਿਖੀ ਕਿਤਾਬ ਸਾਰਾ ਕੱਚਾ ਚਿੱਠਾ ਖੋਲ ਕੇ ਦੇਸ਼ ਵਾਸੀਆਂ ਸਾਹਮਣੇ ਰੱਖ ਦਿੱਤਾ ਹੈ ਕਿ ਡਾ: ਮਨਮੋਹਨ ਸਿੰਘ ਕੇਵਲ ਦਿਖਾਵੇ ਦੇ ਹੀ ਪ੍ਰਧਾਨ ਮੰਤਰੀ ਹਨ ਜਦ ਕਿ ਪਰਦੇ ਪਿੱਛੇ ਦੇਸ਼ ਦੀ ਰਾਜ ਸੱਤਾ ਗਾਂਧੀ ਪਰਿਵਾਰ ਚਲਾ ਰਿਹਾ ਹੈ।   ਮਜੀਠੀਆ ਨੇ ਕਿਹਾ ਕਿ ਕਿਤਾਬ ਦੁਆਰਾ ਇਹ ਸੱਚ ਸਾਹਮਣੇ ਆਉਣ ਤੋਂ ਬਾਅਦ ਸਾਬਿਤ ਹੋ ਗਿਆ ਹੈ ਕਿ ਕਾਂਗਰਸ ਅਤੇ ਗਾਂਧੀ ਪਰਿਵਾਰ ਸੰਵਿਧਾਨਿਕ ਸੰਸਥਾਵਾਂ ਅਤੇ ਵਕਾਰੀ ਲੋਕ ਤੰਤਰੀ ਅਹੁਦਿਆਂ ਨੂੰ ਆਪਣੇ ਜਾਤੀ-ਸਿਆਸੀ ਹਿੱਤਾਂ ਲਈ ਵਰਤ ਕੇ ਦੇਸ਼ ਦੀ ਆਮ ਜਨਤਾ ਨਾਲ ਕਿਵੇਂ ਖਿਲਵਾੜ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਲੋਕ ਕਾਂਗਰਸ ਨੂੰ ਉਸਦੇ ਗ਼ੈਰ-ਲੋਕਤੰਤਰੀ ਰਵੱਈਏ, ਭ੍ਰਿਸ਼ਟਾਚਾਰ, ਮਹਿੰਗਾਈ, ਕਾਲਾ ਧਨ ਅਤੇ ਘਪਲਿਆਂ ਦੀ ਅਜਿਹੀ ਇਤਿਹਾਸਕ ਸਜ਼ਾ ਦੇਣਗੇ ਜਿਸ ਬਾਰੇ ਕਾਂਗਰਸ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ। ਮਜੀਠੀਆ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਮਤੀ ਸੋਨੀਆ ਗਾਂਧੀ ਦਾ ਹੱਥ-ਠੋਕਾ ਆਗੂ ਕਰਾਰ ਦਿੰਦਿਆਂ ਕਿਹਾ ਕਿ ਕੈਪਟਨ ਵੀ ਪੰਜਾਬ ਦਾ ਮੁੱਖ ਮੰਤਰੀ ਹੁੰਦਿਆਂ ਲੋਕਾਂ ਨਾਲ ਧੱਕੇਸ਼ਾਹੀ ਅਤੇ ਉਨ੍ਹਾਂ ਨੂੰ ਅਣਗੌਲਿਆਂ ਕਰਕੇ ਸੋਨੀਆਂ ਗਾਂਧੀ ਦੀਆਂ ਨੀਤੀਆਂ ਹੀ ਲਾਗੂ ਕਰਦਾ ਰਿਹਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਚੋਣ ਕੈਪਟਨ ਦੀ ਸਿਆਸੀ ਜੀਵਨ ਦੀ ਆਖਰੀ ਪਾਰੀ ਸਾਬਿਤ ਹੋਵੇਗੀ, ਜਿਸ ਵਿੱਚ ਅੰਮ੍ਰਿਤਸਰ ਦੇ ਲੋਕ ਰਜਵਾੜਿਆਂ ਅਤੇ ਗਾਂਧੀ ਪਰਿਵਾਰ ਦੇ ਝੋਲੀ-ਚੁੱਕਾਂ ਨੂੰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਆਪਣੀ ਹਾਰ ਨੂੰ ਸਪੱਸ਼ਟ ਵੇਖਦਿਆਂ ਕੈਪਟਨ ਬੌਖਲਾਹਟ ਦਾ ਸ਼ਿਕਾਰ ਹੋ ਕੇ ਊਲ-ਜਲੂਲ ਭਾਸ਼ਾ ‘ਤੇ ਉਤਰ ਆਇਆ ਹੈ ਅਤੇ ਆਉਂਦੇ ਦਿਨਾਂ ਵਿੱਚ ਉਹ ਅੰਮ੍ਰਿਤਸਰ ਦੇ ਲੋਕਾਂ ਅਤੇ ਨੁਮਾਇੰਦਿਆਂ ਲਈ ਜੇਕਰ ਗਾਲ ਮੰਦਾ ਕਰਨ ‘ਤੇ ਵੀ ਉਤਰ ਆਵੇ ਤਾਂ ਇਹ ਹੈਰਾਨੀ-ਜਨਕ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਪਿੰਡ ਬੱਗਾ ਵਿਖੇ ਬਲਾਕ ਸੰਮਤੀ ਤਰਸਿੱਕਾ ਦੇ ਸਾਬਕਾ ਚੇਅਰਮੈਨ ਜਗਦੇਵ ਸਿੰਘ ਬੱਗਾ ਅਤੇ ਸਰਪੰਚ ਕਰਮ ਸਿੰਘ ਬੱਗਾ ਦੀ ਅਗਵਾਈ ਹੇਠ ਸਮੁੱਚੀ ਪੰਚਾਇਤ, ਸਾਬਕਾ ਸਰਪੰਚ ਜਰਨੈਲ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ, ਸੰਤੋਖ ਸਿੰਘ ( ਚਾਰੇ ਪੰਚ ), ਨੰਬਰਦਾਰ ਬਲਰਾਜ ਸਿੰਘ, ਨੰਬਰਦਾਰ ਮਹਿੰਦਰ ਸਿੰਘ, ਵੱਸਣ ਸਿੰਘ ਸਾਬਕਾ ਪੰਚ, ਸਰਦੂਲ ਸਿੰਘ ਸਾਬਕਾ ਪੰਚ, ਨਿਰਮਲ ਸਿੰਘ ਸਾਬਕਾ ਪੰਚ, ਤਰਲੋਕ ਸਿੰਘ ਸਾਬਕਾ ਪੰਚ ਸਮੇਤ 40 ਕਾਂਗਰਸੀ ਪਰਿਵਾਰ ਸ: ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ‘ਤੇ ਸੁਖਵਿੰਦਰ ਸਿੰਘ ਗੋਲਡੀ, ਭਗਵੰਤ ਸਿੰਘ ਸਿਆਲਕਾ, ਤਲਬੀਰ ਸਿੰਘ ਗਿੱਲ, ਤਰਸੇਮ ਸਿੰਘ ਸਿਆਲਕਾ, ਕੁਲਵਿੰਦਰ ਸਿੰਘ ਧਾਰੀਵਾਲ, ਪ੍ਰੋ: ਸਰਚਾਂਦ ਸਿੰਘ, ਗੁਰਮੀਤ ਸਿੰਘ ਭੀਲੋਵਾਲ, ਕਿਰਪਾਲ ਸਿੰਘ ਰਾਮਦਿਵਾਲੀ ਅਤੇ ਚੇਅਰਮੈਨ ਹਰਭਜਨ ਸਿੰਘ ਉਦੋਕੇ ਮੌਜੂਦ ਸਨ।

Scroll To Top