Home / ਅੰਤਰਰਾਸ਼ਟਰੀ / ਪੰਜਾਬੀ ਭਾਈਚਾਰੇ ਵੱਲੋਂ ਗੁਰੁ ਨਾਨਕ ਦੇਵ ਜੀ ਦੇ ਆਗਮਨ ਦਿਵਸ ਮੌਕੇ “ਨਿਕੂ” ਵਾਸਤੇ ੮.੫ ਲੱਖ ਡਾਲਰ ਦਾ ਦਾਨ
ਪੰਜਾਬੀ ਭਾਈਚਾਰੇ ਵੱਲੋਂ ਗੁਰੁ ਨਾਨਕ ਦੇਵ ਜੀ ਦੇ ਆਗਮਨ ਦਿਵਸ ਮੌਕੇ “ਨਿਕੂ” ਵਾਸਤੇ ੮.੫ ਲੱਖ ਡਾਲਰ ਦਾ ਦਾਨ

ਪੰਜਾਬੀ ਭਾਈਚਾਰੇ ਵੱਲੋਂ ਗੁਰੁ ਨਾਨਕ ਦੇਵ ਜੀ ਦੇ ਆਗਮਨ ਦਿਵਸ ਮੌਕੇ “ਨਿਕੂ” ਵਾਸਤੇ ੮.੫ ਲੱਖ ਡਾਲਰ ਦਾ ਦਾਨ

ਕੈਲਗਰੀ:(ਹਰਬੰਸ ਬੁੱਟਰ) ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਆਗਮਨ ਦਿਵਸ ਦੇ ਮੌਕੇ ‘ਤੇ ਸਥਾਨਕ ਰੇਡੀਓ ਰੈੱਡ ਐੱਫ.ਐੱਮ. ਵੱਲੋਂ ਆਯੋਜਿਤ ਕੀਤੇ ਗਏ ਰੇਡੀਓਥੌਨ ਰਾਹੀਂ ਪੰਜਾਬੀ ਭਾਈਚਾਰੇ ਵੱਲੋਂ ੮ ਲੱਖ ੬੯ ਹਜ਼ਾਰ ੯੦੦ ਡਾਲਰ ਦੀ ਰਕਮ ਦਾਨ ਵਜੋਂ ਭੇਂਟ ਕੀਤੀ ਗਈ ਹੈ। ਸਥਾਨਕ ਪੀਟਰ ਲੋਹੀਡ ਹਸਪਤਾਲ ਦੇ ਨਵਜਨਮੇ ਬੀਮਾਰ ਬੱਚਿਆਂ ਦੀ ਦੇਖਰੇਖ ਵਾਸਤੇ ਬਣਨ ਵਾਲੇ ਇੰਟੈਂਸਿਵ ਕੇਅਰ ਵਾਰਡ ਲਈ ਇਹ ਰਕਮ ਇਕੱਤਰ ਕੀਤੀ ਗਈ ਸੀ। ਇਸ ਵਾਰਡ ਦਾ ਨਾਮ ਮਾਤਾ ਤ੍ਰਿਪਤਾ ਜੀ ਦੇ ਨਾਮ ‘ਤੇ ਰੱਖਿਆ ਜਾਣਾ ਹੈ। ੧੨ ਕਮਰਿਆਂ ਦੀ ਉਸਾਰੀ ਲਈ ਇਸ ਰੇਡੀਓਥੌਨ ਰਾਹੀਂ ਦਾਨ ਰਾਸ਼ੀ ਇਕੱਤਰ ਕੀਤੇ ਜਾਣ ਦਾ ਸਿਲਸਿਲਾ ਸਵੇਰੇ ੭ ਵਜੇ ਤੋਂ ਰਾਤ ੧੦ ਵਜੇ ਤੱਕ ਇਹ ਸਿਲਸਿਲਾ ਜਾਰੀ ਰਿਹਾ।
ਇਸ ਮੌਕੇ ਹਜ਼ਾਰਾਂ ਦੀ ਸੰਖਿਆ ਵਿੱਚ ਪੁੱਜੇ ਪੰਜਾਬੀਆਂ ਨੇ ਦਿਨ ਖੋਲ੍ਹ ਕੇ ਦਾਨ ਕੀਤਾ।ਅਵਤਾਰ ਸਿੰਘ ਕਲੇਰ, ਅਮਰਪ੍ਰੀਤ ਸਿੰਘ ਬੈਂਸ, ਗੁਰਪ੍ਰੀਤ ਸਿੱਧੂ ਰਾਣਾ ਅਤੇ ਕਲੇਰ ਹੋਮਜ ਦੀ ਸਮੁੱਚੀ ਟੀਮ ਵੱਲੋਂ ੪੦,੦੦੦ ਡਾਲਰ ਇਕੱਠੇ ਕਰਕੇ ਦਾਨ ਦੇ ਰੂਪ ਵਿੱਚ ਦਿੱਤ, ਜਦੋਂ ਕਿ ਬਚਿੱਤਰ ਸਿੰਘ, ਚਰਨਜੀਤ ਸਿੰਘ, ਗਗਨਜੀਤ, ਬੱਲ ਕੂਨਰ, ਸਿੰਘ ਬ੍ਰਦਰਜ਼ ਤੇ ਜੌਹਲ ਪਰਿਵਾਰ ਨੇ ੩੩ ਹਜ਼ਾਰ ਡਾਲਰ ਦੀ ਦਾਨ ਰਾਸ਼ੀ ਭੇਂਟ ਕੀਤੀ।ਇਸ ਮੌਕੇ ਬੀਕਾਨੇਰ ਸਵੀਟਸ ਦੇ ਰਾਜਪਾਲ ਸਿੰਘ ਸਿੱਧੂ ਨੇ ਚਾਹ-ਪਕੌੜਿਆਂ ਤੇ ਜਲੇਬੀਆਂ ਦਾ ਲੰਗਰ ਵੀ ਲਗਾਇਆ। ਇਸ ਤੋਂ ਇਲਾਵਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਅਲੈਗਜ਼ੈਂਡਰ, ਕੇਂਦਰੀ ਰੋਜ਼ਗਾਰ ਮੰਤਰੀ ਜੇਸਨ ਕੈਨੀ, ਪਾਰਲੀਮੈਂਟਰੀ ਸੈਕਟਰੀ ਤੇ ਐਮ.ਪੀ. ਦੀਪਕ ਓਬਰਾਇ, ਐਮ.ਪੀ. ਦਵਿੰਦਰ ਸ਼ੋਰੀ, ਐਲਬਰਟਾ ਦੇ ਇਨਫ੍ਰਾਸਟ੍ਰਕਚਰ ਮੰਤਰੀ ਮਨਮੀਤ ਸਿੰਘ ਭੁੱਲਰ, ਵਿਰੋਧੀ ਧਿਰ ਵਾਈਲਡਰੋਜ਼ ਦੇ ਆਗੂ ਰੌਬ ਐਂਡਰਸਨ, ਹੈਪੀ ਮਾਨ, ਐਲਬਰਟਾ ਲਿਬਰਲ ਪਾਰਟੀ ਆਗੂ ਡਾ. ਰਾਜ ਸ਼ਰਮਨ, ਪੀਟਰ ਲੋਹੀਡ ਹਸਪਤਾਲ ਦੇ ਕਈ ਡਾਕਟਰ, ਕੈਲਗਰੀ ਹੈਲਥ ਟ੍ਰਸਟ ਦੇ ਔਹੁਦੇਦਾਰ ਤੇ ਹੋਰ ਪਤਵੰਤਿਆਂ ਨੇ ਆਪਣੀ ਹਾਜ਼ਰੀ ਲਗਵਾਈ।
ਰੇਡੀਓ ਦੇ ਮਾਲਿਕ ਸ. ਕੁਲਵਿੰਦਰ ਸਿੰਘ ਸੰਘੇੜਾ, ਵਾਈਸ ਪ੍ਰੈਜ਼ੀਡੈਂਟ ਬਿਜੌਇ ਸੈਮੂਅਲ, ਸਟੇਸ਼ਨ ਮੈਨੇਜਰ ਮਾਈਕਲ ਪੀਡਰਸਨ, ਅਤੇ ਨਿਊਜ ਮੈਨੇਜਰ ਰਿਸੀ ਨਾਗਰ ਜੀ ਨੇ ਸਮੂਹ ਭਾਈਚਾਰੇ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਰੇਡੀਓ ਵੱਲੋਂ ਹਮੇਸ਼ਾ ਭਾਈਚਾਰੇ ਦੀ ਭਲਾਈ ਲਈ, ਉਹਨਾਂ ਦੇ ਸਹਿਯੋਗ ਨਾਲ ਕੰਮ ਕੀਤਾ ਜਾਵੇਗਾ ਅਤੇ ਇਸ ਭਰੋਸੇ ਨਾਲ ਰੇਡੀਓ ਦੀ ਜ਼ਿੰਮਵਾਰੀ ਹੋਰ ਵੀ ਵਧ ਗਈ ਹੈ।

Scroll To Top