ਐਤਵਾਰ ਵਰਤ ਕਥਾ

ਸਭ ਇੱਛਾਵਾਂ ਦੀ ਪੂਰਤੀ, ਉਮਰ ਵਿੱਚ ਵਾਧਾ ਅਤੇ ਸਭ ਕਸ਼ਟ ਦੂਰ ਕਰਨ ਲਈ ਐਤਵਾਰ ਦਾ ਵਰਤ ਬਹੁਤ ਉਤਮ ਹੈ। ਇਸ ਵਰਤ ਵਿੱਚ ਭਗਵਾਨ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ। ਵਰਤ ਦੀ ਸ਼ੁਰੂਆਤ ਖਾਸ ਤੌਰ ’ਤੇ ਵੈਸਾਖ, ਮਾਘ ਅਤੇ ਮੱਘਰ ਮਹੀਨਿਆਂ ਦੇ ਸੁਦੀ ਪੱਖ ਤੋਂ ਕਰਨੀ ਚਾਹੀਦੀ ਹੈ। ਸਵੇਰੇ ਇਸ਼ਨਾਨ ਆਦਿ ਕਰ ਕੇ, ਸ਼ੁੱਧ ਕੱਪੜੇ ਪਾ ਕੇ ਸੂਰਜ ਦੇਵ ਦਾ ਜਾਪ ਕਰੋ। ਸ਼ਾਂਤ ਅਤੇ ਪ੍ਰਸੰਨ-ਚਿੱਤ ਹੋ ਕੇ ਵਰਤ ਕਰੋ। ਵਰਤ ਵਾਲੇ ਦਿਨ ਇਕੋਂ ਹੀ ਵੇਲੇ ਭੋਜਨ ਖਾਓ। ਭੋਜਨ ਅਤੇ ਫਲਾਹਾਰ ਸੂਰਜ ਛਿੱਪਣ ਤੋਂ ਪਹਿਲਾਂ ਹੀ ਕਰ ਲਵੋ। ਜੇਕਰ ਸੂਰਜ ਛਿੱਪ ਜਾਵੇ ਤਾਂ ਦੂਜੇ ਦਿਨ ਸੂਰਜ ਭਗਵਾਨ ਨੂੰ ਅਰਘ ਦੇ ਕੇ ਹੀ ਅੰਨ-ਜਲ ਗ੍ਰਹਿਣ ਕਰੋ। ਵਰਤ ਦੀ ਸਮਾਪਤੀ ਤੋਂ ਪਹਿਲਾਂ ਐਤਵਾਰ ਦੀ ਕਥਾ ਜ਼ਰੂਰ ਸੁਣੋ ਜਾਂ ਪੜ੍ਹੋ। ਵਰਤ ਵਾਲੇ ਦਿਨ ਨਮਕੀਨ ਅਤੇ ਤੇਲ ਵਾਲਾ ਭੋਜਨ ਭੁੱਲ ਕੇ ਵੀ ਨਾ ਖਾਓ। ਇਹ ਵਰਤ ਰੱਖਣ ਨਾਲ, ਅੱਖਾਂ ਦਾ ਰੋਗ ਛੱਡ ਕੇ ਸਾਰੇ ਰੋਗ ਦੂਰ ਹੁੰਦੇ ਹਨ। ਰਾਜ ਸਭਾ ਵਿੱਚ ਸਨਮਾਨ ਵਧਦਾ ਹੈ ਅਤੇ ਦੁਸ਼ਮਣਾਂ ਦਾ ਨਾਸ਼ ਹੁੰਦਾ ਹੈ। ਇਸ ਤਰ੍ਹਾਂ ਬਾਰਾਂ ਮਹੀਨੇ ਤੱਕ ਭਗਤੀ ਭਾਵ ਨਾਲ ਵਰਤ ਕਰ ਕੇ ਮੱਘਰ ਜਾਂ ਚੇਤ ਮਹੀਨੇ ਵਿੱਚ ਉਧਯਾਪਨ ਕਰੋ। ਬ੍ਰਾਹਮਣਾਂ ਨੂੰ ਭੋਜਨ ਆਦਿ ਕਰਵਾ ਕੇ ਵਰਤ ਦੀ ਸਮਾਪਤੀ ਕਰੋ। ਇਸ ਨਾਲ ਅਤਿ ਉਤਮ ਫਲ ਦੀ ਪ੍ਰਾਪਤੀ ਹੋਵੇਗੀ।

ਐਤਵਾਰ ਵਰਤ ਦੀ ਕਥਾ
ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਨਗਰ ਵਿੱਚ ਇੱਕ ਬੁੱਢੀ ਮਾਂ ਰਹਿੰਦੀ ਸੀ। ਉਸ ਦਾ ਨਿਯਮ ਸੀ ਕਿ ਉਹ ਹਰ ਐਤਵਾਰ ਨੂੰ ਸਵੇਰੇ ਬ੍ਰਹੱਮ-ਮਹੂਰਤ ਵਿੱਚ ਉਠ ਕੇ ਇਸ਼ਨਾਨ ਆਦਿ ਕਰ ਕੇ ਘਰ ਨੂੰ ਗੋਹੇ ਨਾਲ ਲਿੱਪਿਆ ਕਰਦੀ ਸੀ, ਫੇਰ ਭੋਜਨ ਬਣਾ ਕੇ ਭਗਵਾਨ ਨੂੰ ਭੋਗ ਲਗਾ ਕੇ ਆਪ ਭੋਜਨ ਕਰਦੀ ਸੀ। ਇਸ ਤਰ੍ਹਾਂ ਕਰਨ ਨਾਲ ਉਸ ਦੇ ਘਰ ਵਿੱਚ ਧਨ-ਦੌਲਤ ਦੇ ਭੰਡਾਰ ਭਰਦੇ ਚਲੇ ਗਏ। ਉਸ ਘਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਜਾਂ ਦੁੱਖ ਨਹੀਂ ਆਉਂਦਾ ਸੀ। ਹਰ ਤਰ੍ਹਾਂ ਨਾਲ ਘਰ ਵਿੱਚ ਸ਼ਾਂਤੀ ਰਹਿੰਦੀ ਸੀ। ਇਸ ਤਰ੍ਹਾਂ ਕੁਝ ਸਮਾਂ ਬੀਤ ਜਾਣ ’ਤੇ ਇੱਕ ਦਿਨ ਉਸ ਦੀ ਗੁਵਾਂਢਣ, ਜਿਸ ਦੀ ਗਊ ਦਾ ਗੋਹਾ ਉਲ ਲੈ ਕੇ ਆਉਂਦੀ ਸੀ, ਵਿਚਾਰ ਕਰਨ ਲੱਗੀ ਕਿ ਇਹ ਬੁੱਢੀ ਹਮੇਸ਼ਾ ਮੇਰੀ ਗਾਂ ਦਾ ਗੋਹਾ ਚੁੱਕ ਕੇ ਲੈ ਜਾਂਦੀ ਹੈ, ਇਸ ਲਈ ਉਹ ਆਪਣੀ ਗਾਂ ਨੂੰ ਘਰ ਦੇ ਅੰਦਰ ਬੰਨ੍ਹਣ ਲੱਗ ਪਈ। ਗੋਹਾ ਨਾ ਮਿਲਣ ਨਾਲ ਉਹ ਬੁੱਢੀ ਮਾਂ ਐਤਵਾਰ ਦੇ ਦਿਨ ਆਪਣੇ ਘਰ ਨੂੰ ਨਾ ਲਿੱਪ ਸਕੀ। ਉਸਨੇ ਨਾ ਭੋਜਣ ਬਣਾਇਆ, ਨਾ ਭਗਵਾਨ ਨੂੰ ਭੋਗ ਲਗਾਇਆ ਅਤੇ ਨਾ ਆਪ ਹੀ ਭੋਜਨ ਕੀਤਾ। ਇਸ ਤਰ੍ਹਾਂ ਉਹ ਭੁੱਖੀ ਹੀ ਸੌਂ ਗਈ। ਰਾਤ ਨੂੰ ਭਗਵਾਨ ਨੇ ਉਸ ਨੂੰ ਸੁਪਨੇ ਵਿੱਚ ਭੋਜਨ ਨਾ ਬਨਾਉਣ ਅਤੇ ਭੋਗ ਨਾ ਲਗਾਉਣ ਦਾ ਕਾਰਨ ਪੁੱਛਿਆ। ਬੁੱਢੀ ਮਾਂ ਨੇ ਗੋਹਾ ਨਾ ਮਿਲਣ ਦਾ ਕਾਰਨ ਦੱਸਿਆ ਤਾਂ ਭਗਵਾਨ ਨੇ ਕਿਹਾ- ਮਾਤਾ! ਤੂੰ ਸੱਚੇ ਮਨ ਅਤੇ ਨਿਸ਼ਕਾਮ ਭਾਵ ਨਾਲ ਮੇਰਾ ਵਰਤ ਰੱਖਦੀ ਹੈ, ਇਸ ਲਈ ਮੈਂ ਤੇਰੇ ਤੋਂ ਪ੍ਰਸੰਨ ਹਾਂ। ਮੈਂ ਤੈਨੂੰ ਇੱਕ ਇਸ ਤਰ੍ਹਾਂ ਦੀ ਗਾਂ ਦਿੰਦਾ ਹਾਂ ਜਿਹੜੀ ਤੇਰੀਆਂ ਸਾਰੀਆਂ ਕਾਮਨਾਵਾਂ ਦੀ ਪੂਰਤੀ ਕਰੇਗੀ, ਕਿਉਂਕਿ ਮੇਰਾ ਵਰਤ ਭਗਤਾਂ ਦੇ ਸਾਰੇ ਕਸ਼ਟ ਅਤੇ ਦੁੱਖਾਂ ਨੂੰ ਦੂਰ ਕਰਦਾ ਹੈ।
ਇਸ ਤਰ੍ਹਾਂ ਸਵੇਰੇ ਉਠਦੇ ਹੀ ਬੁੱਢੀ ਮਾਂ ਨੇ ਆਪਣੇ ਵਿਹੜੇ ਵਿੱਚ ਜਦ ਇੱਕ ਸੁੰਦਰ ਗਾਂ ਅਤੇ ਵੱਛਾ ਵੇਖਿਆ ਤਾਂ ਉਸ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਉਸ ਨੇ ਗਾਂ ਅਤੇ ਵੱਛੇ ਨੂੰ ਘਰ ਦੇ ਬਾਹਰ ਬੰਨ੍ਹ ਦਿੱਤਾ ਤੇ ਉਥੇ ਹੀ ਚਾਰਾ ਆਦਿ ਪਾ ਦਿੱਤਾ। ਜਦੋਂ ਉਸ ਦੀ ਗਵਾਂਢਣ ਨੇ ਬੁੱਢੀ ਮਾਤਾ ਦੇ ਘਰ ਦੇ ਬਾਹਰ ਇੱਕ ਬਹੁਤ ਸੁੰਦਰ ਗਾਂ ਅਤੇ ਵੱਡੇ ਨੂੰ ਵੇਖਿਆ ਤਾਂ ਈਰਖਾ ਨਾਲ ਉਸ ਦਾ ਕਲੇਜਾ ਭੜਕ ਉਠਿਆ ਅਤੇ ਜਦੋਂ ਉਸ ਨੇ ਵੇਖਿਆ ਕਿ ਗਾਂ ਨੇ ਸੋਨੇ ਦਾ ਗੋਹਾ ਦਿੱਤਾ ਹੈ ਤਾਂ ਉਹ ਉਸ ਗਾਂ ਦਾ ਗੋਹਾ ਚੁੱਕ ਕੇ ਲੈ ਗਈ ਅਤੇ ਆਪਣੀ ਗਾਂ ਦਾ ਗੋਹਾ ਉਸ ਦੀ ਥਾਂ ’ਤੇ ਰੱਖ ਗਈ। ਉਹ ਹਰ ਰੋਜ਼ ਇਸੇ ਤਰ੍ਹਾਂ ਕਰਦੀ ਰਹੀ ਅਤੇ ਉਸ ਬੁੱਢੀ ਮਾਤਾ ਨੂੰ ਖ਼ਬਰ ਨਾ ਹੋਣ ਦਿੱਤੀ।
ਸੂਰਜ ਭਗਵਾਨ ਨੇ ਚਾਲਾਕ ਗਵਾਂਢਣ ਦੀ ਇਸ ਚਾਲਾਕੀ ਤੋਂ ਬੁੱਢੀ ਮਾਤਾ ਦੀ ਰੱਖਿਆ ਕਰਨ ਦਾ ਢੰਗ ਸੋਚਿਆ। ਸ਼ਾਮ ਦੇ ਸਮੇਂ ਆਪਣੀ ਮਾਇਆ ਨਾਲ ਬੜੀ ਜ਼ੋਰ ਦੀ ਹਨੇਰੀ ਚਲਾਈ। ਬੁੱਢੀ ਮਾਂ ਨੇ ਗਾਂ ਨੂੰ ਆਪਣੇ ਘਰ ਦੇ ਅੰਦਰ ਬੰਨ੍ਹ ਦਿੱਤਾ। ਸਵੇਰੇ ਉਠ ਕੇ ਜਦੋਂ ਬੁੱਢੀ ਨੇ ਦੇਖਿਆ ਕਿ ਗਾਂ ਨੇ ਸੋਨੇ ਦਾ ਗੋਹਾ ਦਿੱਤਾ ਹੈ ਤਾਂ ਉਸਦੇ ਆਨੰਦ ਅਤੇ ਹੈਰਾਨੀ ਦੀ ਹੱਦ ਨਾ ਰਹੀ। ਹੁਣ ਉਹ ਸ਼ਾਮ ਵੇਲੇ ਗਾਂ ਨੂੰ ਘਰ ਦੇ ਅੰਦਰ ਹੀ ਬੰਨ੍ਹਣ ਲੱਗੀ।
ਉਧਰ ਜਦੋਂ ਗਵਾਂਢਣ ਨੇ ਵੇਖਿਆ ਕਿ ਗਾਂ ਘਰ ਦੇ ਅੰਦਰ ਬੰਨ੍ਹੀ ਜਾਣ ਲੱਗੀ ਹੈ ਅਤੇ ਸੋਨੇ ਦਾ ਗੋਹਾ ਚੁੱਕਣ ਦਾ ਕੋਈ ਰਸਤਾ ਨਾ ਵੇਖ ਕੇ ਈਰਖਾ ਵਜੋਂ ਉਸ ਨੇ ਦੇਸ਼ ਦੇ ਰਾਜਾਂ ਨੂੰ ਖ਼ਬਰ ਕੀਤੀ- ਮਹਾਰਾਜ! ਮੇਰੇ ਗਵਾਂਢ ਵਿੱਚ ਇੱਕ ਬੁੱਢੀ ਦੇ ਕੋਲ ਅਜਿਹੀ ਗਾਂ ਹੈ ਜਿਹੜੀ ਤੁਹਾਡੇ ਵਰਗੇ ਮਹਾਰਾਜਿਆਂ ਦੀ ਹੇ ਯੋਗ ਹੈ ਕਿਉਂਕਿ ਉਹ ਹਰ ਰੋਜ਼ ਸੋਨੇ ਦਾ ਗੋਹਾ ਦਿੰਦੀ ਹੈ। ਤੁਸੀਂ ਉਸ ਸੋਨੇ ਦੇ ਨਾਲ ਆਪਣੀ ਜਨਤਾ-ਜਨਾਰਦਨ ਦਾ ਪਾਲਣ ਕਰੋ। ਉਹ ਬੁੱਢੀ ਏੇਨਾ ਜ਼ਿਆਦਾ ਸੋਨੇ ਦਾ ਕੀ ਕਰੇਗੀ? ਰਾਜਾ ਨੇ ਉਸੇ ਵੇਲੇ ਸਿਪਾਹੀਆਂ ਨੂੰ ਭੇਜ ਕੇ ਗਾਂ ਮੰਗਵਾ ਲਈ। ਬੁੱਢੀ ਦੇ ਰੋਣ-ਧੋਣ ਦਾ ਰਾਜ-ਕਰਮਚਾਰੀਆਂ ’ਤੇ ਕੋਈ ਅਸਰ ਨਾ ਹੋਇਆ। ਉਹ ਸ਼ਨੀਵਾਰ ਦੀ ਸ਼ਾਮ ਸੀ। ਦੂਜੇ ਦਿਨ ਐਤਵਾਰ ਸੀ। ਬੁੱਢੀ ਮਾਂ ਗਾਂ ਦੇ ਵਿਛੋੜੇ ਅਤੇ ਗੋਹੇ ਦੇ ਨਾ ਹੋਣ ਕਾਰਨ ਉਸ ਦਿਨ ਘਰ ਨਾ ਲਿੱਪ ਸਕੀ, ਨਾ ਭੋਜਣ ਬਣਾ ਸਕੀ ਨਾ ਹੀ ਸੂਰਜ ਭਗਵਾਨ ਨੂੰ ਭੋਗ ਲਗਾ ਸਕੀ। ਦਿਆਲੂ ਭਗਵਾਨ ਨੂੰ ਬੁੱਢੀ ਉਤੇ ਦਇਆ ਆ ਗਈ। ਉਸ ਰਾਤ ਪ੍ਰਭੂ ਨੇ ਰਾਜਾ ਦੇ ਰਾਜ ਮਹਿਲ ਨੂੰ ਗੋਹੇ ਨਾਲ ਇਸ ਤਰ੍ਹਾਂ ਭਰ ਦਿੱਤਾ ਕਿ ਰਾਜਾ ਦੇ ਨੱਕ ਵਿੱਚ ਦਮ ਆ ਗਿਆ ਅਤੇ ਰਾਜਾ ਨੂੰ ਸੁਪਨੇ ਵਿੱਚ ਆਦੇਸ਼ ਦਿੱਤਾ ਕਿ- ਜਾਂ ਤਾਂ ਸਵੇਰ ਹੁੰਦੇ ਹੀ ਬੁੱਢੀ ਮਾਂ ਦੀ ਗਾਂ ਉਸ ਦੇ ਕੋਲ ਭਿਜਵਾ ਦੇ, ਨਹੀਂ ਤਾਂ ਤੈਨੂੰ ਅਤੇ ਤੇਰੇ ਰਾਜ ਨੂੰ ਤਬਾਹ ਕਰ ਦੇਵਾਂਗਾ।
ਇਸ ਤਰ੍ਹਾਂ ਸਵੇਰ ਹੁੰਦੇ ਹੀ ਰਾਜਾ ਨੇ ਸਨਮਾਨ ਨਾਲ ਗਾਂ ਬੁੱਢੀ ਦੇ ਕੋਲ ਭੇਜ ਦਿੱਤੀ ਅਤੇ ਬੁੱਢੀ ਮਾਤਾ ਦਾ ਆਦਰ ਅਤੇ ਸਤਿਕਾਰ ਕੀਤਾ। ਗਵਾਂਢਣ ਨੂੰ ਸੱਦ ਕੇ ਉਸ ਨੂੰ ਸਜ਼ਾ ਦਿੱਤੀ ਅਤੇ ਉਸ ਨੇ ਆਪ ਇਸ ਨਿਯਮ-ਪਾਲਣ ਦੀ ਪ੍ਰਤਿਗਿਆ ਕੀਤੀ। ਉਸ ਨੇ ਜਨਤਾ ਨੂੰ ਹਰ ਐਤਵਾਰ ਨੂੰ ਸੂਰਜ ਭਗਵਾਨ ਦਾ ਵਰਤ ਰੱਖਣ ਦਾ ਹੁਕਮ ਦਿੱਤਾ। ਵਰਤ ਦੇ ਫਲਸਵਰੂਪ ਰਾਜਾ ਅਤੇ ਜਨਤਾ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਗਈਆਂ। ਜਨਤਾ ਅਤੇ ਰਾਜਾ ਅਨੰਦ ਦੇ ਨਾਲ ਭਗਵਾਨ ਦੀ ਕ੍ਰਿਪਾ ਦਾ ਬਖਾਨ ਕਰਦੇ ਹੋਏ ਲੰਬੇ ਸਮੇਂ ਤੱਕ ਸੁਖੀ ਅਤੇ ਸੰਤੁਸ਼ਟ ਰਹਿ ਕੇ ਸਵਰਗ-ਲੋਕ ਨੂੰ ਪ੍ਰਾਪਤ ਹੋਏ।

ਐਤਵਾਰ ਦੀ ਆਰਤੀ
ਕਹੂੰ ਲਗਿ ਆਰਤੀ ਦਾਸ ਕਰੇਂਗੇ, ਸਕਲ ਜਗਤ ਜਾਕੀ ਜੋਤ ਵਿਰਾਜੇ॥ ਟੇਕ॥
ਸਾਤ ਸਮੁੰਦਰ ਜਾਕੇ ਚਰਣਨਿ ਬਸੇ, ਕਹਾ ਭਯੋ ਜਲ ਕੁੰਭ ਭਰੇ ਹੋ ਰਾਮ॥
ਕੋਟਿ ਭਾਨੁ ਜਾਕੇ ਨਖ ਕੀ ਸ਼ੋਭਾ, ਕਹਾ ਭਯੋ ਮੰਦਰ ਦੀਪ ਧਰੇ ਹੋ ਰਾਮ॥
ਭਾਰ ਅਠਾਰਹ ਰਾਮਾ ਬਲਿ ਜਾਕੇ, ਕਹਾ ਭਯੋ ਸ਼ਿਰ ਪੁਸ਼ਪ ਧਰੇ ਹੋ ਰਾਮ॥
ਛੱਪਨ ਭੋਗ ਜਾਕੇ ਨਿਤ ਪ੍ਰਤਿ ਲਾਗੇ, ਕਹਾ ਭਯੋ ਨੈਵੇਧ? ਧਰੇ ਹੋ ਰਾਮ॥
ਅਮਿਤ ਕੋਟਿ ਜਾਕੇ ਬਾਜਾ ਬਾਜੇ, ਕਹਾ ਭਯੋ ਝਨਕਾਰ ਕਰੇ ਹੋ ਰਾਮ॥
ਚਾਰ ਵੇਦ ਜਾਕੇ ਮੁਖ ਕੀ ਸ਼ੋਭਾ, ਕਹਾ ਭਯੋ ਬ੍ਰਹਮਾ ਵੇਦ ਪੜ੍ਹੇ ਹੋ ਰਾਮ॥
ਸ਼ਿਵ ਸਨਕਾਦਿਕ ਆਦਿ ਬ੍ਰਹਮਾਦਿਕ, ਨਾਰਦ ਮੁਨਿ ਜਾਕੋ ਧਿਆਨ ਧਰੇਂ ਹੋ ਰਾਮ॥
ਲੱਖ ਚੌਰਾਸੀ ਬੰਧੇ ਚੁੜਾਏ, ਕੇਵਲ ਹਰਿ ਯਸ਼ ਨਾਮਦੇਵ ਗਾਏ ਹੋ ਰਾਮ॥

Scroll To Top