ਸੋਮਵਾਰ ਵਰਤ ਕਥਾ

ਸੋਮਵਾਰ ਵਰਥ ਰੱਖਣ ਦਾ ਢੰਗ – ਸੋਮਵਾਰ ਦਾ ਵਰਤ ਆਮ ਤੌਰ ’ਤੇ ਦਿਨ ਦੇ ਤੀਜੇ ਪਹਿਰ ਤੱਕ ਹੁੰਦਾ ਹੈ। ਵਰਤ ਵਿੱਚ ਫਲਾਹਾਰ ਜਾਂ ਭੋਜਨ ਦਾ ਕੋਈ ਖਾਸ ਨਿਯਮ ਨਹੀਂ ਹੈ, ਪਰ ਇਹ ਜ਼ਰੂਰੀ ਹੈ ਕਿ ਦਿਨ ਅਤੇ ਰਾਤ ਵਿੱਚ ਸਿਰਫ਼ ਇੱਕ ਵਾਰ ਹੀ ਭੋਜਨ ਕਰਨਾ ਚਾਹੀਦਾ ਹੈ। ਸੋਮਵਾਰ ਦੇ ਵਰਤ ਵਿੱਚ ਭਗਵਾਨ ਸ਼ੰਕਰ ਅਤੇ ਪਾਰਵਤੀ ਜੀ ਦੀ ਪੂਜਾ ਕਰਨੀ ਚਾਹੀਦੀ ਹੈ। ਸੋਮਵਾਰ ਦੇ ਵਰਤ ਤਿੰਨ ਤਰ੍ਹਾਂ ਦੇ ਹਨ- ਸਾਧਾਰਨ ਹਰ ਸੋਮਵਾਰ, ਸੌਮਯ ਪ੍ਰਦੋਸ਼ ਅਤੇ ਸੋਲ੍ਹਾਂ ਸੋਮਵਾਰ। ਪੂਜਾ ਵਿਧੀ ਤਿੰਨਾਂ ਦੀ ਇੱਕੋ ਜਿਹੀ ਹੈ। ਸ਼ਿਵ ਪੂਜਾ ਦੇ ਬਾਅਦ ਕਥਾ ਸੁਣਨੀ ਜਾਂ ਕਰਨੀ ਚਾਹੀਦੀ ਹੈ। ਸੋਮਵਾਰ, ਪ੍ਰਦੋਸ਼ ਵਰਤ ਅਤੇ ਸੋਲ੍ਹਾਂ ਸੋਮਵਾਰ ਤਿੰਨਾਂ ਦੀਆਂ ਕਥਾਵਾਂ ਵੱਖ-ਵੱਖ ਹਨ, ਜਿਹੜੀਆਂ ਅੱਗੇ ਲਿਖੀਆਂ ਗਈਆਂ ਹਨ।

ਸੋਮਵਾਰ ਵਰਤ ਕਥਾ ਆਰੰਭ – ਇੱਕ ਨਗਰ ਵਿੱਚ ਇੱਕ ਬਹੁਤ ਅਮੀਰ ਸ਼ਾਹੂਕਾਰ ਰਹਿੰਦਾ ਸੀ, ਜਿਸ ਦੇ ਘਰ ਵਿੱਚ ਧਨ ਦੀ ਕਮੀ ਨਹੀਂ ਸੀ। ਪਰੁੰਤੂ ਉਸ ਨੂੰ ਇੱਕ ਬਹੁਤ ਵੱਡਾ ਦੁੱਖ ਸੀ ਕਿ ਉਸ ਦੇ ਕੋਈ ਪੁੱਤਰ ਨਹੀਂ ਸੀ। ਉਹ ਇਸੇ ਚਿੰਤਾ ਵਿੱਚ ਦਿਨ-ਰਾਤ ਲੱਗਾ ਰਹਿੰਦਾ ਸੀ। ਉਹ ਪੁੱਤਰ ਦੀ ਕਾਮਨਾ ਲਈ ਹਰੇਕ ਸੋਮਵਾਰ ਨੂੰ ਸ਼ਿਵ ਜੀ ਦਾ ਵਰਤ ਅਤੇ ਪੂਜਾ ਕਰਦਾ ਸੀ ਅਤੇ ਸ਼ਾਮ ਨੂੰ ਸ਼ਿਵ ਮੰਦਿਰ ਵਿੱਚ ਜਾ ਕੇ ਸ਼ਿਵ ਜੀ ਦੇ ਸਾਹਮਣੇ ਦੀਵਾ ਜਗਾਇਆ ਕਰਦਾ ਸੀ। ਉਸ ਦੇ ਇਸ ਭਗਤੀ-ਭਾਵ ਨੂੰ ਦੇਖ ਕੇ ਇੱਕ ਸਮੇਂ ਸ਼੍ਰੀ ਪਾਰਵਤੀ ਜੀ ਨੇ ਸ਼ਿਵ ਜੀ ਮਹਾਰਾਜ ਨੂੰ ਕਿਹਾ ਕਿ ਮਹਾਰਾਜ! ਇਹ ਸ਼ਾਹੂਕਾਰ ਆਪ ਦਾ ਪੱਕਾ ਭਗਤ ਹੈ ਅਤੇ ਸਦਾ ਆਪ ਦਾ ਵਰਤ ਅਤੇ ਪੂਜਾ ਬੜੀ ਸ਼ਰਧਾ ਨਾਲ ਕਰਦਾ ਹੈ। ਇਸਦੀ ਮਨੋ-ਕਾਮਨਾ ਪੂਰਾ ਕਰਨੀ ਚਾਹੀਦੀ ਹੈ। ਸ਼ਿਵ ਜੀ ਨੇ ਕਿਹਾ- ਹੇ ਪਾਰਵਤੀ! ਇਹ ਸੰਸਾਰ ਕਰਮ-ਖੇਤਰ ਹੈ। ਕਿਸਾਨ ਖੇਤ ਵਿੱਚ ਜਿਸ ਤਰ੍ਹਾਂ ਦਾ ਬੀਜ ਬੀਜਦਾ ਹੈ ਉਸੇ ਤਰ੍ਹਾਂ ਦਾ ਫਲ ਕੱਟਦਾ ਹੈ। ਉਸੇ ਤਰ੍ਹਾਂ ਪ੍ਰਾਣੀ ਇਸ ਸੰਸਾਰ ਵਿੱਚ ਜਿਹੋ-ਜਿਹਾ ਕਰਮ ਕਰਦੇ ਹਨ, ਉਹੋ ਜਿਹਾ ਹੀ ਫਲ ਭੋਗਦੇ ਹਨ। ਪਾਰਟੀ ਜੀ ਨੇ ਅਤਿਅੰਤ ਨਿਮਰਤਾ ਨਾਲ ਕਿਹਾ- ਮਹਾਰਾਜ! ਜਦ ਇਹ ਆਪ ਦਾ ਪਿਆਰਾ ਭਗਤ ਹੈ ਅਤੇ ਜੇਕਰ ਇਸ ਨੂੰ ਕਿਸੇ ਤਰ੍ਹਾਂ ਦਾ ਦੁੱਖ ਹੈ ਤਾਂ ਉਸ ਨੂੰ ਜ਼ਰੂਰ ਦੂਰ ਕਰਨਾ ਚਾਹੀਦਾ ਹੈ, ਕਿਉਂਕਿ ਆਪ ਸਦਾ ਆਪਣੇ ਭਗਤਾਂ ’ਤੇ ਦਿਆਲੂ ਰਹਿੰਦੇ ਹੋ ਅਤੇ ਉਨ੍ਹਾਂ ਦੇ ਦੁੱਖਾਂ ਨੂੰ ਦੂਰ ਕਰਦੇ ਹੋ। ਜੇਕਰ ਆਪ ਇੰਝ ਨਹੀਂ ਕਰੋਗੇ ਤਾਂ ਮਨੁੱਖ ਤੁਹਾਡੀ ਸੇਵਾ ਅਤੇ ਵਰਤ ਕਿਉਂ ਕਰਨਗੇ।
ਪਾਰਵਤੀ ਜੀ ਦੀ ਇਸ ਤਰ੍ਹਾਂ ਦੀ ਬੇਨਤੀ ਦੇਖ ਸਿਵ ਜੀ ਮਹਾਰਾਜ ਕਹਿਣ ਲੱਗੇ- ਹੇ ਪਾਰਵਤੀ! ਇਸ ਦੇ ਕੋਈ ਪੁੱਤਰ ਨਹੀਂ, ਇਸੇ ਚਿੰਤਾ ਵਿੱਚ ਇਹ ਦੁੱਖੀ ਰਹਿੰਦਾ ਹੈ। ਇਸ ਦੇ ਭਾਗਾਂ ਵਿੱਚ ਪੁੱਤਰ ਨਾ ਹੋਣ ’ਤੇ ਵੀ ਮੈਂ ਇਸ ਨੂੰ ਪੁੱਤਰ ਦੀ ਪ੍ਰਾਪਤੀ ਦਾ ਵਰ ਦੇਂਦਾ ਹਾਂ। ਪਰੰਤੂ ਇਹ ਪੁੱਤਰ ਸਿਰਫ਼ 12 ਸਾਲ ਤੱਕ ਜਿਉਂਦਾ ਰਹੇਗਾ। ਇਸ ਦੇ ਬਾਅਦ ਉਹ ਮੌਤ ਨੂੰ ਪ੍ਰਾਪਤ ਹੋ ਜਾਏਗਾ। ਇਸ ਤੋਂ ਜ਼ਿਆਦਾ ਮੈਂ ਇਸ ਲਈ ਕੁਝ ਨਹੀਂ ਕਰ ਸਕਦਾ। ਇਹ ਸਭ ਗੱਲਾਂ ਸ਼ਾਹੂਕਾਰ ਸੁਣ ਰਿਹਾ ਸੀ। ਇਸ ਨਾਲ ਉਸ ਨੂੰ ਨਾ ਤਾਂ ਕੋਈ ਖੁਸ਼ੀ ਹੋਈ ਅਤੇ ਨਾ ਹੀ ਕੋਈ ਦੁੱਖ ਹੋਇਆ। ਉਹ ਪਹਿਲੇ ਵਾਂਗ ਹੀ ਸ਼ਿਵ ਜੀ ਮਹਾਰਾਜ ਦਾ ਵਰਤ ਅਤੇ ਪੂਜਾ ਕਰਦਾ ਰਿਹਾ। ਕੁਝ ਸਮਾਂ ਬੀਤਣ ’ਤੇ ਸ਼ਾਹੂਕਾਰ ਦੀ ਇਸਤਰੀ ਗਰਭਵਤੀ ਹੋਈ ਅਤੇ ਦਸਵੇਂ ਮਹੀਨੇ ਵਿੱਚ ਉਸ ਦੀ ਕੁੱਖੋਂ ਅਤਿ ਸੁੰਦਰ ਪੁੱਤਰ ਦੀ ਪ੍ਰਾਪਤੀ ਹੋਈ। ਸ਼ਾਹੂਕਾਰ ਦੇ ਘਰ ਬਹੁਤ ਖੁਸ਼ੀ ਮਨਾਈ ਗਈ, ਪਰੰਤੂ ਸ਼ਾਹੂਕਾਰ ਨੇ ਉਸਦੀ ਕੇਵਲ ਬਾਰ੍ਹਾਂ ਸਾਲ ਦੀ ਉਮਰ ਜਾਣ ਕੇ ਜ਼ਿਆਦਾ ਪ੍ਰਸੰਨਤਾ ਜ਼ਾਹਿਰ ਨਹੀਂ ਕੀਤੀ ਅਤੇ ਨਾ ਹੀ ਇਸ ਬਾਰੇ ਕਿਸੇ ਨੂੰ ਭੇਦ ਹੀ ਦੱਸਿਆ। ਜਦੋਂ ਇਹ ਬਾਲਕ ਗਿਆਰਾਂ ਸਾਲ ਦਾ ਹੋ ਗਿਆ ਤਾਂ ਉਸ ਬਾਲਕ ਦੀ ਮਾਤਾ ਨੇ ਉਸ ਦੇ ਪਿਤਾ ਨੂੰ ਵਿਆਹ ਆਦਿ ਲਈ ਕਿਹਾ ਤਾਂ ਉਹ ਸ਼ਾਹੂਕਾਰ ਕਹਿਣ ਲੱਗਾ ਕਿ ਅਜੇ ਮੈਂ ਇਸ ਦਾ ਵਿਆਹ ਨਹੀਂ ਕਰਾਂਗਾ। ਆਪਣੇ ਪੁੱਤਰ ਨੂੰ ਕਾਸ਼ੀ ਜੀ ਪੜ੍ਹਨ ਲਈ ਭੇਜਾਂਗਾ। ਫਿਰ ਸ਼ਾਹੂਕਾਰ ਨੇ ਆਪਣੇ ਸਾਲੇ ਅਰਥਾਤ ਬਾਲਕ ਦੇ ਮਾਮੇ ਨੂੰ ਬੁਲਾ ਕੇ ਉਸ ਨੂੰ ਬਹੁਤ ਸਾਰਾ ਧਨ ਦੇ ਕੇ ਕਿਹਾ ਤੁਸੀਂ ਇਸ ਬਾਲਕ ਨੂੰ ਕਾਸ਼ੀ ਜੀ ਪੜ੍ਹਣ ਲਈ ਲੈ ਜਾਓ ਅਤੇ ਰਸਤੇ ਵਿੱਚ ਜਿਸ ਜਗ੍ਹਾ ’ਤੇ ਵੀ ਜਾਓ ਯੱਗ ਅਤੇ ਬ੍ਰਾਹਮਣਾਂ ਨੂੰ ਭੋਜਨ ਕਰਵਾਉਂਦੇ ਜਾਓ।
ਉਹ ਦੋਨੋਂ ਮਾਮਾ-ਭਾਣਜਾ ਯੱਗ ਕਰਦੇ ਅਤੇ ਬ੍ਰਾਹਮਣਾਂ ਨੂੰ ਭੋਜਨ ਕਰਾਉਂਦੇ ਜਾ ਰਹੇ ਸਨ। ਰਸਤੇ ਵਿੱਚ ਉਨ੍ਹਾਂ ਨੂੰ ਇੱਕ ਸ਼ਹਿਰ ਆਇਆ। ਉਸ ਸ਼ਹਿਰ ਵਿੱਚ ਰਾਜੇ ਦੀ ਕੰਨਿਆ ਦਾ ਵਿਆਹ ਸੀ ਅਤੇ ਦੂਸਰੇ ਰਾਜੇ ਦਾ ਲੜਕਾ ਜਿਹੜਾ ਵਿਆਹ ਕਰਾਉਣ ਲਈ ਬਾਰਾਤ ਲੈ ਕੇ ਆਇਆ ਸੀ, ਉਹ ਇੱਕ ਅੱਖ ਤੋਂ ਕਾਣਾ ਸੀ। ਉਸ ਦੇ ਪਿਤਾ ਨੂੰ ਇਸ ਗੱਲ ਦੀ ਬੜੀ ਚਿੰਤਾ ਸੀ ਕਿਧਰੇ ਵਰ ਨੂੰ ਵੇਖ ਕੇ ਕੰਨਿਆ ਦੇ ਮਾਤਾ-ਪਿਤਾ ਵਿਆਹ ਵਿੱਚ ਕਿਸੇ ਤਰ੍ਹਾਂ ਦੀ ਅੜਚਣ ਪੈਦਾ ਨਾ ਕਰ ਦੇਣ। ਇਸ ਕਾਰਨ ਜਦ ਉਸ ਨੇ ਸੇਠ ਦੇ ਅਤਿ ਸੁੰਦਰ ਲੜਕੇ ਨੂੰ ਦੇਖਿਆ ਤਾਂ ਮਨ ਵਿੱਚ ਵਿਚਾਰ ਕੀਤਾ ਕਿ ਕਿਉਂ ਨਾ ਢੁੱਕਣ ਵੇਲੇ ਇਸ ਲੜਕੇ ਤੋਂ ਵਰ ਦਾ ਕੰਮ ਚਲਾਇਆ ਜਾਏ। ਇਹੋ ਜਿਹਾ ਵਿਚਾਰ ਕਰ ਵਰ ਦੇ ਪਿਤਾ ਨੇ ਉਸ ਲੜਕੇ ਅਤੇ ਮਾਮੇ ਨਾਲ ਗੱਲ ਕੀਤੀ ਤਾਂ ਉਹ ਰਾਜ਼ੀ ਹੋ ਗਏ, ਫੇਰ ਉਹ ਲੜਕੇ ਨੂੰ ਵਰ ਦੇ ਕੱਪੜੇ ਪਹਿਨਾ ਅਤੇ ਘੋੜੀ ’ਤੇ ਚੜ੍ਹਾ ਢੱਕਣ ਲਈ ਲੈ ਗਏ ਅਤੇ ਸਾਰਾ ਕੰਮ ਪ੍ਰਸੰਨਤਾ ਨਾਲ ਪੂਰਾ ਹੋ ਗਿਆ। ਫੇਰ ਵਰ ਦੇ ਪਿਤਾ ਨੇ ਸੋਚਿਆ ਕਿ ਜੇਕਰ ਵਿਆਹ ਦਾ ਕੰਮ ਵੀ ਇਸੇ ਲੜਕੇ ਤੋਂ ਕਰਵਾ ਲਿਆ ਜਾਏ ਤਾਂ ਕੀ ਬੁਰਾਈ ਹੈ? ਇਹੋ ਜਿਹਾ ਵਿਚਾਰ ਕਰ ਕੇ ਉਸ ਨੇ ਲੜਕੇ ਅਤੇ ਉਸਦੇ ਮਾਮੇ ਨੂੰ ਕਿਹਾ- ਜੇਕਰ ਆਪ ਫੇਰਿਆਂ ਦਾ ਅਤੇ ਕੰਨਿਆਦਾਨ ਦੇ ਕੰਮ ਨੂੰ ਵੀ ਪੂਰਾ ਕਰਾ ਦਿਉ ਤਾਂ ਆਪਦੀ ਬੜੀ ਕਿਰਪਾ ਹੋਵੇਗੀ ਅਤੇ ਮੈਂ ਇਸਦੇ ਬਦਲੇ ਵਿੱਚ ਆਪ ਨੂੰ ਬਹੁਤ ਸਾਰਾ ਧਨ ਦਿਆਂਗਾ, ਤਾਂ ਉਨ੍ਹਾਂ ਨੇ ਸਵੀਕਾਰ ਕਰ ਲਿਆ ਅਤੇ ਵਿਆਹ ਕਾਰਜ ਵੀ ਬਹੁਤ ਚੰਗੀ ਤਰ੍ਹਾਂ ਨਾਲ ਸੰਪੰਨ ਹੋ ਗਿਆ। ਪਰੰਤੂ ਜਿਸ ਸਮੇਂ ਲੜਕਾ ਜਾਣ ਲੱਗਾ ਤਾਂ ਉਸ ਨੇ ਰਾਜਕੁਮਾਰੀ ਦੀ ਚੁੰਨੀ ਦੇ ਪੱਲੇ ’ਤੇ ਲਿੱਖ ਦਿੱਤਾ ਕਿ ਤੇਰਾ ਵਿਆਹ ਤਾਂ ਮੇਰੇ ਨਾਲ ਹੋਇਆ ਹੈ ਪਰੰਤੂ ਜਿਸ ਰਾਜਕੁਮਾਰ ਨਾਲ ਤੈਨੂੰ ਭੇਜਣਗੇ ਉਹ ਇੱਕ ਅੱਖ ਤੋਂ ਕਾਣਾ ਹੈ ਅਤੇ ਮੈਂ ਕਾਸ਼ੀ ਜੀ ਪੜ੍ਹਨ ਜਾ ਰਿਹਾ ਹਾਂ। ਲੜਕੇ ਦੇ ਜਾਣ ਦੇ ਬਾਅਦ ਉਸ ਰਾਜਕੁਮਾਰੀ ਨੇ ਜਦ ਆਪਣੀ ਚੁੰਨੀ ’ਤੇ ਇੰਝ ਲਿੱਖਿਆ ਹੋਇਆ ਦੇਖਿਆ ਤਾਂ ਉਸ ਨੇ ਰਾਜਕੁਮਾਰ ਦੇ ਨਾਲ ਜਾਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਇਹ ਮੇਰਾ ਪਤੀ ਨਹੀਂ ਹੈ। ਮੇਰਾ ਵਿਆਹ ਇਸ ਨਾਲ ਨਹੀਂ ਹੋਇਆ ਹੈ। ਉਹ ਤਾਂ ਕਾਂਸ਼ੀ ਜੀ ਪੜ੍ਹਨ ਲਈ ਗਿਆ ਹੈ। ਰਾਜਕੁਮਾਰੀ ਦੇ ਮਾਤਾ-ਪਿਤਾ ਨੇ ਆਪਣੀ ਕੰਨਿਆ ਨੂੰ ਵਿਦਾ ਨਹੀਂ ਕੀਤਾ ਅਤੇ ਬਾਰਾਤ ਵਾਪਸ ਚਲੀ ਗਈ।
ਉਧਰ ਸੇਠ ਦਾ ਲੜਕਾ ਅਤੇ ਉਸ ਦਾ ਮਾਮਾ ਕਾਸ਼ੀ ਜੀ ਪਹੁੰਚ ਗਏ। ਉਥੇ ਜਾ ਕੇ ਉਨ੍ਹਾਂ ਨੇ ਯੱਗ ਕਰਨਾ ਅਤੇ ਲੜਕੇ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ। ਜਦੋਂ ਲੜਕੇ ਦੀ ਉਮਰ 12 ਸਾਲ ਦੀ ਹੋ ਗਈ, ਉਸ ਦਿਨ ਉਨ੍ਹਾਂ ਨੇ ਯੱਗ ਰਚਾ ਰੱਕਿਆ ਸੀ ਲੜਕੇ ਨੇ ਆਪਣੇ ਮਾਮੇ ਨੂੰ ਕਿਹਾ- ਮਾਮਾ ਜੀ, ਅੱਜ ਮੇਰੀ ਤਬੀਅਤ ਕੁਝ ਠੀਕ ਨਹੀਂ ਹੈ। ਮਾਮੇ ਨੇ ਕਿਹਾ- ਅੰਦਰ ਜਾ ਕੇ ਸੌ ਜਾਓ। ਲੜਕਾ ਅੰਦਰ ਜਾ ਕੇ ਸੌਂ ਗਿਆ ਅਤੇ ਥੋੜ੍ਹੀ ਦੇਰ ਵਿੱਚ ਉਸ ਦੇ ਪ੍ਰਾਣ ਨਿਕਲ ਗਏ। ਜਦੋਂ ਉਸ ਦੇ ਮਾਮੇ ਨੇ ਆ ਕੇ ਦੇਖਿਆ ਤਾਂ ਉਹ ਮੁਰਦਾ ਪਿਆ ਸੀ। ਉਸ ਨੂੰ ਬੜਾ ਦੁੱਖ ਹੋਇਆ ਅਤੇ ਉਸ ਨੇ ਸੋਚਿਆ ਕਿ ਜੇਕਰ ਮੈਂ ਹੁਣੇ ਰੋਣਾ-ਪਿੱਟਣਾ ਮਚਾ ਦਿਆਂਗਾ ਤਾਂ ਯੱਗ ਦਾ ਕਾਰਜ ਅਧੂਰਾ ਰਹਿ ਜਾਏਗਾ। ਆਖਿਰ ਉਸ ਨੇ ਜਲਦੀ ਨਾਲ ਯੱਗ ਦਾ ਕਾਰਜ ਖ਼ਤਮ ਕਰ ਬ੍ਰਾਹਮਣਾਂ ਦੇ ਜਾਣ ਤੋਂ ਬਾਅਦ ਰੋਣਾ-ਪਿੱਟਣਾ ਸ਼ੁਰੂ ਕਰ ਦਿੱਤਾ। ਸੰਯੋਗ ਨਾਲ ਉਸੇ ਸਮੇਂ ਸ਼ਿਵ-ਪਾਰਵਤੀ ਜੀ ਉਧਰੋਂ ਜਾ ਰਹੇ ਸੀ। ਜਦੋਂ ਉਨ੍ਹਾਂ ਨੇ ਜ਼ੋਰ-ਜ਼ੋਰ ਨਾਲ ਰੋਣ ਦੀ ਆਵਾਜ਼ ਸੁਣੀ ਤਾਂ ਪਾਰਵਤੀ ਜੀ ਕਹਿਣ ਲੱਗੀ- ਮਹਾਰਾਜ! ਕੋਈ ਦੁਖੀ ਰੋ ਰਿਹਾ ਹੈ, ਇਸ ਦੇ ਕਸ਼ਟ ਨੂੰ ਦੂਰ ਕਰੋ। ਜਦ ਸ਼ਿਵ-ਪਾਰਵਤੀ ਜੀ ਨੇ ਕੋਲ ਜਾ ਕੇ ਦੇਖਿਆ ਤਾਂ ਉਥੇ ਇੱਕ ਲੜਕਾ ਮੁਰਦਾ ਪਿਆ ਸੀ। ਪਾਰਵਤੀ ਜੀ ਕਹਿਣ ਲੱਗੇ- ਮਹਾਰਾਜ! ਇਹ ਤਾਂ ਉਸੇ ਸੇਠ ਦਾ ਲੜਕਾ ਹੈ ਜਿਹੜਾ ਆਪ ਦੇ ਵਰਦਾਨ ਨਾਲ ਹੋਇਆ ਸੀ। ਸ਼ਿਵ ਜੀ ਕਹਿਣ ਲੱਗੇ- ਹੇ ਪਾਰਵਤੀ! ਇਸ ਦੀ ਉਮਰ ਇੰਨੀ ਹੀ ਸੀ, ਉਹ ਇਹ ਭੋਗ ਚੁੱਕਾ ਹੈ। ਤਦ ਪਾਰਵਤੀ ਜੀ ਨੇ ਕਿਹਾ- ਹੇ ਮਹਾਰਾਜਾ! ਇਸ ਬਾਲਕ ਨੂੰ ਹੋਰ ਉਮਰ ਦਿਓ ਨਹੀਂ ਤਾਂ ਇਸ ਦੇ ਮਾਤਾ-ਪਿਤਾ ਤੜਫ-ਤੜਫ ਕੇ ਮਰ ਜਾਣਗੇ। ਪਾਰਵਤੀ ਜੀ ਦੇ ਬਾਰ-ਬਾਰ ਬੇਨਤੀ ਕਰਨ ’ਤੇ ਸ਼ਿਵ ਜੀ ਨੇ ਉਸ ਨੂੰ ਜੀਵਨ ਵਰਦਾਨ ਦਿੱਤਾ ਅਤੇ ਸ਼ਿਵ ਜੀ ਮਹਾਰਾਜ ਦੀ ਕਿਰਪਾ ਨਾਲ ਲੜਕਾ ਜੀਵਤ ਹੋ ਗਿਆ। ਸ਼ਿਵ ਜੀ ਅਤੇ ਪਾਰਵਤੀ ਕੈਲਾਸ਼ ਪਰਬਤ ਨੂੰ ਚਲੇ ਗਏ। ਤਦ ਉਹ ਲੜਕਾ ਅਤੇ ਮਾਮਾ ਉਸੇ ਤਰ੍ਹਾਂ ਯੱਗ ਕਰਦੇ ਅਤੇ ਬ੍ਰਾਹਮਣਾਂ ਨੂੰ ਭੋਜਨ ਕਰਵਾਉਂਦੇ ਆਪਣੇ ਘਰ ਵੱਲ ਚੱਲ ਪਏ। ਰਸਤੇ ਵਿੱਚ ਉਸੇ ਸ਼ਹਿਰ ਆਏ ਜਿਥੇ ਉਸਦਾ ਵਿਆਹ ਹੋਇਆ ਸੀ। ਉਥੇ ਆ ਕੇ ਉਨ੍ਹਾਂ ਨੇ ਯੱਗ ਸ਼ੁਰੂ ਕਰ ਦਿੱਤਾ ਤਾਂ ਉਸ ਲੜਕੇ ਦੇ ਸਹੁਰੇ ਨੇ ਉਸ ਨੂੰ ਪਹਿਚਾਣ ਲਿਆ ਅਤੇ ਆਪਣੇ ਮਹਿਲ ਵਿੱਚ ਲਿਜਾ ਕੇ ਉਸ ਦੀ ਬੜੀ ਖਾਤਿਰ ਕੀਤੀ, ਨਾਲ ਹੀ ਬਹੁਤ ਸਾਰੀਆਂ ਦਾਸ-ਦਾਸੀਆਂ ਸਹਿਤ ਆਦਰ-ਪੂਰਵਕ ਲੜਕੀ ਅਤੇ ਜਵਾਈ ਨੂੰ ਵਿਦਾ ਕੀਤਾ। ਜਦੋਂ ਉਹ ਆਪਣੇ ਸ਼ਹਿਰ ਦੇ ਕੋਲ ਆਏ ਤਾਂ ਮਾਮੇ ਨੇ ਕਿਹਾ ਕਿ ਮੈਂ ਪਹਿਲਾਂ ਤੇਰੇ ਘਰ ਜਾ ਕੇ ਖ਼ਬਰ ਕਰ ਆਉਂਦਾ ਹਾਂ। ਜਦ ਉਸ ਲੜਕੇ ਦਾ ਮਾਮਾ ਘਰ ਪਹੁੰਚਿਆਂ ਤਾਂ ਲੜਕੇ ਦੇ ਮਾਤਾ-ਪਿਤਾ ਘਰ ਦੀ ਛੱਤ ’ਤੇ ਬੈਠੇ ਸਨ ਅਤੇ ਇਹ ਪ੍ਰਣ ਕਰ ਰੱਖਿਆ ਸੀ ਕਿ ਜੇਕਰ ਸਾਡਾ ਪੁੱਤਰ ਠੀਕ-ਠਾਕ ਵਾਪਸ ਆਇਆ ਤਾਂ ਅਸੀਂ ਰਾਜ਼ੀ-ਖੁਸ਼ੀ ਹੇਠਾਂ ਆ ਜਾਵਾਂਗੇ ਨਹੀਂ ਤਾਂ ਛੱਤ ਤੋਂ ਡਿੱਗ ਕੇ ਆਪਣੇ ਪ੍ਰਾਣ ਦੇ ਦਿਆਂਗੇ। ਇੰਨੇ ਵਿੱਚ ਉਸ ਲੜਕੇ ਦੇ ਮਾਮੇ ਨੇ ਆ ਕੇ ਇਹ ਸਮਾਚਾਰ ਦਿੱਤਾ ਕਿ ਆਪ ਦਾ ਪੁੱਤਰ ਆ ਗਿਆ ਹੈ ਤਾਂ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਆਇਆ। ਤਦ ਉਸ ਦੇ ਮਾਮੇ ਨੇ ਸਹੁੰ ਖਾਕੇਕਿਹਾ ਕਿ ਆਪ ਦਾ ਪੁੱਤਰ ਆਪਣੀ ਇਸਤਰੀ ਦੇ ਨਾਲ ਬਹੁਤ ਸਾਰਾ ਧਨ ਨਾਲ ਲੈ ਕੇ ਆਇਆ ਹੈ ਤਾਂ ਸੇਠ ਨੇ ਆਨੰਦ ਦੇ ਨਾਲ ਸੁਆਗਤ ਕੀਤਾ ਅਤੇ ਬੜੀ ਪ੍ਰਸੰਨਤਾ ਨਾਲ ਰਹਿਣ ਲੱਗੇ। ਇਸੇ ਤਰ੍ਹਾਂ ਜੋ ਕੋਈ ਵੀ ਸੋਮਵਾਰ ਦੇ ਵਰਤ ਨੂੰ ਧਾਰਨ ਕਰਦਾ ਹੈ ਜਾਂ ਇਸ ਕਥਾ ਨੂੰ ਪੜ੍ਹਦਾ ਹੈ, ਉਸ ਦੀਆਂ ਸਾਰੀਆਂ ਮਨੋ-ਕਾਮਨਾਵਾਂ ਪੂਰੀਆਂ ਹੁੰਦੀਆਂ ਹਨ।

ਸੌਮਯ ਪ੍ਰਦੋਸ਼ ਵਰਤ ਕਥਾ – ਪੁਰਾਣੇ ਸਮੇਂ ਵਿੱਚ ਇੱਕ ਬ੍ਰਾਹਮਣੀ ਆਪਣੇ ਪਤੀ ਦੀ ਮੌਤ ਦੇ ਬਾਅਦ ਨਿਰਾਧਾਰ ਹੋ ਕੇ ਭੀਖ ਮੰਗਣ ਲੱਗ ਗਈ। ਉਹ ਸਵੇਰ ਹੁੰਦੇ ਹੀ ਆਪਣੇ ਪੁੱਤਰ ਨੂੰ ਨਾਲ ਲੈ ਕੇ ਬਾਹਰ ਨਿਕਲ ਜਾਂਦੀ ਅਤੇ ਸ਼ਾਮ ਹੋਣ ’ਤੇ ਘਰ ਵਾਪਸ ਆ ਜਾਂਦੀ। ਇੱਕ ਸਮੇਂ ਉਸ ਨੂੰ ਵਿਦਰਭ ਦੇਸ਼ ਦਾ ਰਾਜਕੁਮਾਰ ਮਿਲਿਆ ਜਿਸ ਦੇ ਪਿਤਾ ਨੂੰ ਦੁਸ਼ਮਣਾਂ ਨੇ ਮਾਰ ਕੇ ਉਸ ਨੂੰ ਰਾਜ ਤੋਂ ਬਾਹਰ ਕੱਢ ਦਿੱਤਾ ਸੀ। ਇਸ ਕਾਰਨ ਉਹ ਮਾਰਿਆ-ਮਾਰਿਆ ਫਿਰਦਾ ਸੀ। ਬ੍ਰਾਹਮਣੀ ਉਸ ਨੂੰ ਆਪਣੇ ਘਰ ਲੈ ਗਈ ਅਤੇ ਉਸ ਦਾ ਪਾਲਣ-ਪੋਲਣ ਕਰਨ ਲੱਗੀ। ਇੱਕ ਦਿਨ ਉਨ੍ਹਾਂ ਦੋਨਾਂ ਬਾਲਕਾਂ ਨੇ ਜੰਗਲ ਵਿੱਚ ਖੇਡਦੇ-ਖੇਡਦੇ ਗੰਧਰਵ ਕੰਨਿਆਵਾਂ ਨੂੰ ਦੇਖਿਆ। ਬ੍ਰਾਹਮਣ ਦਾ ਬਾਲਕ ਤਾਂ ਆਪਣੇ ਘਰ ਆ ਪਰੰਤੂ ਰਾਜਕੁਮਾਰ ਨਾਲ ਨਹੀਂ ਆਇਆ ਕਿਉਂਕਿ ਉਹ ਅੰਸ਼ੂਮਤੀ ਨਾਲ ਹੀ ਗੰਧਰਵ ਕੰਨਿਆ ਨਾਲ ਗੱਲਾਂ ਕਰਨ ਲੱਗਾ ਸੀ। ਦੂਸਰੇ ਦਿਨ ਉਹ ਫਿਰ ਆਪਣੇ ਘਰ ਤੋਂ ਆਇਆ ਉਥੇ ਅੰਸ਼ੂਮਤੀ ਆਪਣੇ ਮਾਤਾ-ਪਿਤਾ ਦੇ ਨਾਲ ਬੈਠੀ ਸੀ। ਉਧਰ ਬ੍ਰਾਹਮਣੀ ਰਿਸ਼ੀਆਂ ਦੀ ਆਗਿਆ ਨਾਲ ਪ੍ਰਦੋਸ਼ ਦਾ ਵਰਤ ਕਰਦੀ ਸੀ। ਕੁਝ ਦਿਨ ਬਾਅਦ ਅੰਸ਼ੂਮਤੀ ਦੇ ਮਾਤਾ-ਪਿਤਾ ਨੇ ਰਾਜਕੁਮਾਰ ਨੂੰ ਕਿਹਾ ਕਿ ਤੁਸੀਂ ਵਿਦਰਭ ਦੇਸ਼ ਦੇ ਰਾਜ ਕੁਮਾਰ ਧਰਮ ਗੁਪਤ ਹੋ, ਅਸੀਂ ਸ਼੍ਰੀ ਸ਼ੰਕਰ ਜੀ ਦੀ ਆਗਿਆ ਨਾਲ ਆਪਣੀ ਪੁੱਤਰੀ ਅੰਸ਼ੂਮਤੀ ਦਾ ਵਿਆਹ ਤੇਰੇ ਨਾਲ ਕਰ ਦਿੰਦੇ ਹਾਂ। ਫਿਰ ਰਾਜਕੁਮਾਰ ਦਾ ਵਿਆਹ ਅੰਸ਼ੂਮਤੀ ਦੇ ਨਾਲ ਹੋ ਗਿਆ। ਬਾਅਦ ਵਿੱਚ ਰਾਜਕੁਮਾਰ ਨੇ ਗੰਧਰਵ ਰਾਜ ਦੀ ਫੌਜ ਦੀ ਸਹਾਇਤਾ ਨਾਲ ਵਿਦਰਭ ਦੇਸ਼ ’ਤੇ ਅਧਿਕਾਰ ਕਰ ਲਿਆ ਅਤੇ ਬ੍ਰਾਹਮਣ ਦੇ ਪੁੱਤਰ ਨੂੰ ਆਪਣਾ ਮੰਤਰੀ ਬਣਾ ਲਿਆ। ਅਸਲ ਵਿੱਚ ਇਹ ਸਭ ਉਸ ਬ੍ਰਾਹਮਣੀ ਦੇ ਪ੍ਰਦੋਸ਼ ਵਰਤ ਕਰਨ ਦਾ ਫਲ ਸੀ। ਬੱਸ ਉਸੇ ਸਮੇਂ ਤੋਂ ਇਹ ਪ੍ਰਦੋਸ਼ ਵਰਤ ਸੰਸਾਰ ਵਿੱਚ ਪ੍ਰਤਿਸ਼ਠਿਤ ਹੋਇਆ।

॥ ਸਮਾਪਤੀ ਸੌਮਯ ਪ੍ਰਦੋਸ਼ ਵਰਤ ਕਥਾ॥

ਸੋਲ੍ਹਾਂ ਸੋਮਵਾਰ ਵਰਤ ਕਥਾ – ਮ੍ਰਿਤੂ-ਲੋਕ ਵਿੱਚ ਘੁੰਮਣ ਦੀ ਇੱਛਾ ਕਰ ਕੇ ਇੱਕ ਸਮੇਂ ਸ਼੍ਰੀ ਭੂਤਨਾਥ ਭਗਵਾਨ ਮਹਾਦੇਵ ਜੀ ਮਾਤਾ ਪਾਰਵਤੀ ਦੇ ਨਾਲ ਪਧਾਰੇ, ਉਥੇ ਘੁੰਮਦੇ-ਘੁੰਮਦੇ ਵਿਦਰਭ ਦੇਸ਼ ਅੰਦਰ ਅਮਰਾਵਤੀ ਨਾਂ ਦੀ ਅਤਿ ਰਮਣੀਕ ਨਗਰੀ ਵਿੱਚ ਪਹੁੰਚੇ। ਅਮਰਾਵਤੀ ਨਗਰੀ ਅਮਰਾਪੁਰੀ ਦੇ ਵਾਂਗ ਸਭ ਤਰ੍ਹਾਂ ਦੇ ਸੁੱਖਾਂ ਨਾਲ ਪੂਰਨ ਸੀ। ਉਸ ਵਿੱਚ ਉਥੋਂ ਦੇ ਮਹਾਰਾਜ ਦਾ ਬਣਾਇਆ ਹੋਇਆ ਅਤਿ ਰਮਣੀਕ ਸ਼ਿਵ ਜੀ ਦਾ ਮੰਦਿਰ ਬਣਿਆ ਸੀ। ਉਸ ਵਿੱਚ ਭਗਵਾਨ ਸ਼ੰਕਰ, ਭਗਵਤੀ ਪਾਰਵਤੀ ਦੇ ਨਾਲ ਨਿਵਾਸ ਕਰਨ ਲੱਗੇ। ਇੱਕ ਸਮੇਂ ਮਾਤਾ ਪਾਰਵਤੀ ਪ੍ਰਾਣਪਤੀ ਨੂੰ ਪ੍ਰਸੰਨ ਦੇਖ ਕੇ ਮਨ ਪਰਚਾਵਾ ਕਰਨ ਦੀ ਇੱਛਾ ਨਾਲ ਬੋਲੀ- ਹੇ ਮਹਾਰਾਜ! ਅੱਜ ਤਾਂ ਅਸੀਂ-ਤੁਸੀਂ ਦੋਵੇਂ ਚੌਸਰ ਖੇਡਾਂਗੇ। ਸ਼ਿਵ ਜੀ ਨੇ ਪ੍ਰਾਣ ਪਿਆਰੀ ਦੀ ਗੱਲ ਨੂੰ ਮੰਨ ਲਿਆ ਅਤੇ ਚੌਸਰ ਖੇਡਣ ਲੱਗੇ। ਉਸ ਸਮੇਂ ਇਸ ਜਗ੍ਹਾ ’ਤੇ ਮੰਦਿਰ ਦਾ ਪੁਜਾਰੀ ਬ੍ਰਾਹਮਣ ਮੰਦਿਰ ਵਿੱਚ ਪੂਜਾ ਕਰਨ ਨੂੰ ਆਇਆ। ਮਾਤਾ ਜੀ ਨੇ ਬ੍ਰਾਹਮਣ ਨੂੰ ਪ੍ਰਸ਼ਨ ਕੀਤਾ ਕਿ ਪੁਜਾਰੀ ਜੀ ਦੱਸੋ ਇਸ ਬਾਜ਼ੀ ਵਿੱਚ ਦੋਨਾਂ ਵਿੱਚੋਂ ਕਿਸ ਦੀ ਜਿੱਤ ਹੋਵੇਗੀ। ਬ੍ਰਾਹਮਣ ਬਿਨਾਂ ਵਿਚਾਰੇ ਹੀ ਛੇਤੀ ਬੋਲ ਉਠਿਆ ਕਿ ਮਹਾਦੇਵ ਜੀ ਦੀ ਜਿੱਤ ਹੋਵੇਗੀ। ਥੋੜ੍ਹੀ ਦੇਰ ਵਿੱਚ ਬਾਜ਼ੀ ਖ਼ਤਮ ਹੋ ਗਈ ਅਤੇ ਪਾਰਵਤੀ ਜੀ ਦੀ ਜਿੱਤ ਹੋਈ। ਹੁਣ ਤਾਂ ਪਾਰਵਤੀ ਜੀ ਬ੍ਰਾਹਮਣ ਨੂੰ ਝੂਠ ਬੋਲਣ ਦੇ ਅਪਰਾਧ ਦੇ ਕਾਰਨ ਸਰਾਪ ਦੇਣ ਲੱਗੀ। ਤਦ ਮਹਾਦੇਵ ਜੀ ਨੇ ਪਾਰਵਤੀ ਜੀ ਨੂੰ ਸਮਝਾਇਆ ਪਰੰਤੂ ਉਨ੍ਹਾਂ ਨੇ ਬ੍ਰਾਹਮਣ ਨੂੰ ਕੋਹੜੀ ਹੋਣ ਦਾ ਸਰਾਪ ਦੇ ਦਿੱਤਾ। ਕੁਝ ਸਮੇਂ ਬਾਅਦ ਪਾਰਵਤੀ ਜੀ ਦੇ ਸਰਾਪ ਕਾਰਨ ਪੁਜਾਰੀ ਦੇ ਸਰੀਰ ਵਿੱਚ ਕੋਹੜ ਪੈਦਾ ਹੋ ਗਿਆ ਜਿਸ ਕਾਰਨ ਪੁਜਾਰੀ ਕਈ ਤਰ੍ਹਾਂ ਨਾਲ ਦੁੱਖੀ ਰਹਿਣ ਲੱਗਾ। ਇਸ ਤਰ੍ਹਾਂ ਦੇ ਕਸ਼ਟ ਭੋਗਦੇ ਹੋਏ ਜਦ ਬਹੁਤ ਦਿਨ ਹੋ ਗਏ ਤਾਂ ਦੇਵ ਲੋਕ ਦੀਆਂ ਅਪਸਰਾਵਾਂ ਸ਼ਿਵ ਜੀ ਦੀ ਪੂਜਾ ਕਰਨ ਲਈ ਉਸ ਮੰਦਿਰ ਵਿੱਚ ਆਈਆਂ ਅਤੇ ਪੁਜਾਰੀ ਦੇ ਕੋਹੜ ਦੇ ਕਸ਼ਟ ਨੂੰ ਦੇਖ ਕੇ ਬੜੇ ਦਇਆ ਭਾਵ ਨਾਲ ਉਸ ਤੋਂ ਰੋਗੀ ਹੋਣ ਦਾ ਕਾਰਨ ਪੁੱਛਣ ਲੱਗੀਆਂ- ਪੁਜਾਰੀ ਨੇ ਬਿਨਾਂ ਝਿਜਕੇ ਸਾਰੀਆਂ ਗੱਲਾਂ ਉਨ੍ਹਾਂ ਨੂੰ ਦੱਸ ਦਿੱਤੀਆਂ। ਉਹ ਅਪਸਰਾਵਾਂ ਬੋਲੀਆਂ- ਹੇ ਪੁਜਾਰੀ! ਹੁਣ ਤੂੰ ਜ਼ਿਆਦਾ ਦੁਖੀ ਨਾ ਹੋਵੀਂ, ਭਘਵਾਨ ਸ਼ਿਵ ਜੀ ਤੇਰੇ ਕਸ਼ਟ ਦੂਰ ਕਰ ਦੇਣਗੇ। ਤੂੰ ਸਾਰੀਆਂ ਗੱਲਾਂ ਤੋਂ ਉਤਮ ਸੋਲ੍ਹਾਂ ਸੋਮਵਾਰ ਦਾ ਵਰਤ ਭਗਤੀ-ਭਾਵ ਨਾਲ ਕਰਿਆ ਕਰ। ਪੁਜਾਰੀ ਜੀ ਅਪਸਰਾਵਾਂ ਅੱਗੇ ਹੱਥ ਜੋੜ ਕੇ ਨਿਮਰ ਭਾਵ ਨਾਲ ਸੋਲ੍ਹਾਂ ਸੋਮਵਾਰ ਵਰਤ ਦੀ ਵਿਧੀ ਪੁੱਛਣ ਲੱਗੀ। ਅਪਸਰਾਵਾਂ ਬੋਲੀਆਂ ਕਿ ਜਿਨ ਦਿਨ ਸੋਮਵਾਰ ਹੋਵੇ ਉਸ ਦਿਨ ਭਗਤੀ-ਭਾਵ ਨਾਲ ਵਰਤ ਕਰੋ, ਸਾਫ਼ ਕੱਪੜੇ ਪਹਿਨ ਅੱਧਾ ਕਿਲੋ ਕਣਕ ਦਾ ਆਟਾ ਲੈ ਕੇ ਉਸ ਦੇ ਤਿੰਨ ਹਿੱਸੇ ਬਣਾਓ ਅਤੇ ਘਿਓ, ਗੁੜ, ਦੀਵਾ, ਨੈਵੇਧਯ, ਪੁੰਗੀਫਲ, ਵੇਲ ਪੱਤਰ, ਜਨੇਊ ਜੋੜਾ, ਚੰਦਨ, ਅਕਸ਼ਤ, ਫੁੱਲ ਆਦਿ ਦੁਆਰਾ ਪ੍ਰਦੋਸ਼ ਕਾਲ ਵਿੱਚ ਭਗਵਾਨ ਸ਼ੰਕਰ ਜੀ ਵਿਧੀ ਨਾਲ ਪੂਜਾ ਕਰਨ ਉਪਰੰਤ ਹਿੱਸਿਆਂ ਵਿੱਚੋਂ ਇੱਕ ਸ਼ਿਵ ਜੀ ਨੂੰ ਅਰਪਣ ਕਰੋ ਬਾਕੀ ਦੋ ਨੂੰ ਸ਼ਿਵ ਜੀ ਦੀ ਪ੍ਰਸਾਦੀ ਸਮਝ ਕੇ ਹਾਜ਼ਰ ਜਨਾਂ ਵਿੱਚ ਵੰਡ ਦਿਓ ਅਤੇ ਆਪ ਵੀ ਪ੍ਰਸਾਦ ਪਾਓ। ਇਸ ਵਿਧੀ ਨਾਲ ਸੋਲ੍ਹਾਂ ਸੋਮਵਾਰ ਵਰਤ ਕਰੋ। ਉਸ ਦੇ ਬਾਅਦ ਸਤਾਰ੍ਹਵੇਂ ਸੋਮਵਾਰ ਦੇ ਦਿਨ ਸਵਾ ਕਿਲੋ ਕਣਕ ਦੇ ਆਟੇ ਦੀ ਬਾਟੀ ਬਣਾਓ, ਉਸ ਅਨੁਸਾਰ ਘਿਓ ਅਤੇ ਗੁੜ ਮਿਲਾ ਕੇ ਚੂਰਮਾ ਬਣਾਓ ਅਤੇ ਸ਼ਿਵ ਜੀ ਦਾ ਭੋਗ ਲਗਾ ਕੇ ਹਾਜ਼ਰ ਭਗਤਾਂ ਵਿੱਚ ਵੰਡੋ, ਪਿੱਛੋਂ ਆਪ ਸਾਰਾ ਪਰਿਵਾਰ ਪ੍ਰਸਾਦ ਲਉ, ਤਾਂ ਭਗਵਾਨ ਸ਼੍ਹਿ ਜੀ ਦੀ ਕਿਰਪਾ ਨਾਲ ਉਸ ਦੇ ਮਨੋਰਥ ਪੂਰੇ ਹੋ ਜਾਂਦੇ ਹਨ। ਇੰਝ ਕਹਿ ਕੇ ਅਪਸਰਾਵਾਂ ਸਵਰਗ ਨੂੰ ਚੱਲੀਆਂ ਗਈਆਂ। ਬ੍ਰਾਹਮਣ ਨੇ ਦੱਸੀ ਹੋਈ ਵਿਧੀ ਨਾਲ ਸੋਲ੍ਹਾਂ ਸੋਮਵਾਰ ਵਰਤ ਕੀਤਾ ਅਤੇ ਭਗਵਾਨ ਸ਼ਿਵਜੀ ਦੀ ਕਿਰਪਾ ਨਾਲ ਰੋਗ ਮੁਕਤ ਹੋ ਕੇ ਆਨੰਦ ਨਾਲ ਰਹਿਣ ਲੱਗਾ। ਕੁਝ ਦਿਨ ਬਾਅਦ ਫਿਰ ਸ਼ਿਵ ਜੀ ਅਤੇ ਪਾਰਵਤੀ ਉਸ ਮੰਦਿਰ ਵਿੱਚ ਆਏ, ਤਦ ਬ੍ਰਾਹਮਣ ਨੂੰ ਨਿਰੋਗ ਦੇਖ ਕੇ ਪਾਰਵਤੀ ਜੀ ਨੇ ਬ੍ਰਾਹਮਣ ਤੋਂ ਰੋਗ-ਮੁਕਤ ਹੋਣ ਦਾ ਕਾਰਨ ਪੁੱਛਿਆ ਤਾਂ ਬ੍ਰਾਹਮਣ ਤੋਂ ਸੋਲ੍ਹਾਂ ਸੋਮਵਾਰ ਵਰਤ ਦੀ ਕਥਾ ਕਹਿ ਸੁਣਾਈ। ਤਦ ਪਾਰਵਤੀ ਜੀ ਅਤਿ ਪ੍ਰਸੰਨ ਹੋ ਕੇ ਬ੍ਰਾਹਮਣ ਤੋਂ ਵਰਤ ਦੀ ਵਿਧੀ ਪੁੱਛ ਕੇ ਵਰਤ ਕਰਨ ਨੂੰ ਤਿਆਰ ਹੋਈ। ਵਰਤ ਕਰਨ ਦੇ ਬਾਅਦ ਉਨ੍ਹਾਂ ਦੀ ਮਨੋ-ਕਾਮਨਾ ਪੂਰਨ ਹੋਈ ਅਤੇ ਉਨ੍ਹਾਂ ਦੇ ਰੁੱਸੇ ਪੁੱਤਰ ਸਵਾਮੀ ਕਾਰਤੀਕੇਯ ਖੁਦ ਮਾਤਾ ਦੇ ਆਗਿਆਕਾਰੀ ਹੋਏ, ਪਰੰਤੂ ਕਾਰਤੀਕੇਯ ਜੀ ਨੂੰ ਆਪਣੇ ਇਹ ਵਿਚਾਰ ਬਦਲਣ ਦਾ ਰਹੱਸ ਜਾਨਣ ਦੀ ਇੱਛਾ ਹੋਈ ਅਤੇ ਮਾਤਾ ਨੂੰ ਕਹਿਣ ਲੱਗੇ- ਹੇ ਮਾਤਾ ਜੀ! ਆਪ ਨੇ ਇਹੋ ਜਿਹਾ ਕਿਹੜਾ ਉਪਾਅ ਕੀਤਾ ਜਿਸ ਨਾਲ ਮੇਰਾ ਮਨ ਆਪ ਵੱਲ ਆਕਰਸ਼ਿਤ ਹੋਇਆ। ਤਦ ਪਾਰਵਤੀ ਜੀ ਨੇ ਉਹ ਸੋਲ੍ਹਾਂ ਸੋਮਵਾਰ ਵਰਤ ਕਥਾ ਉਨ੍ਹਾਂ ਨੂੰ ਸੁਣਾਈ। ਸਵਾਮੀ ਕਾਰਤਿਕ ਜੀ ਬੋਲੇ ਇਸ ਵਰਤ ਨੂੰ ਮੈਂ ਕਰਾਂਗਾ ਕਿਉਂਕਿ ਪਿਆਰਾ ਮਿੱਤਰ ਬ੍ਰਾਹਮਣ ਬਹੁਤ ਦੁਖੀ ਦਿਲ ਨਾਲ ਪ੍ਰਦੇਸ਼ ਗਿਆ ਹੈ। ਸਾਨੂੰ ਉਸ ਨੂੰ ਮਿਲਣ ਦੀ ਬਹੁਤ ਇੱਛਾ ਹੈ। ਕਾਰਤੀਕੇਯ ਜੀ ਨੇ ਵੀ ਇਸ ਵਰਤ ਨੂੰ ਕੀਤਾ ਅਤੇ ਉਨ੍ਹਾਂ ਦਾ ਪਿਆਰਾ ਮਿੱਤਰ ਮਿਲ ਗਿਆ। ਮਿੱਤਰ ਨੇ ਇਸ ਅਚਾਨਕ ਮਿਲਣ ਦਾ ਭੇਦ ਕਾਰਤੀਕੇਯ ਜੀ ਤੋਂ ਪੁੱਛਿਆ ਤਾਂ ਉਹ ਬੋਲੇ- ਹੇ ਮਿੱਤਰ! ਮੈਂ ਤੇਰੇ ਮਿਲਣ ਦੀ ਇੱਛਾ ਕਰ ਕੇ ਸੋਲ੍ਹਾਂ ਸੋਮਵਾਰ ਦਾ ਵਰਤ ਕੀਤਾ ਸੀ। ਹੁਣ ਤਾਂ ਬ੍ਰਾਹਮਣ ਮਿੱਤਰ ਨੂੰ ਵੀ ਆਪਣੇ ਵਿਆਹ ਦੀ ਬੜੀ ਇੱਛਾ ਹੋਈ। ਕਾਤੀਕੇਯ ਜੀ ਤੋਂ ਵਰਤ ਦੀ ਵਿਧੀ ਪੁੱਛੀ ਅਤੇ ਵਿਧੀ ਅਨੁਸਾਰ ਵਰਤ ਕੀਤਾ। ਵਰਤ ਦੇ ਪ੍ਰਭਾਵ ਨਾਲ ਜਦ ਉਹ ਕਿਸੇ ਕੰਮ ਕਾਰਨ ਵਿਦੇਸ਼ ਗਿਆ ਤਾਂ ਉਥੋਂ ਦੇ ਰਾਜਾ ਦੀ ਲੜਕੀ ਦਾ ਸਵੰਬਰ ਸੀ। ਰਾਜਾ ਨੇ ਪ੍ਰਣ ਕੀਤਾ ਸੀ ਕਿ ਜਿਸ ਰਾਜਕੁਮਾਰ ਦੇ ਗਲੇ ਵਿੱਚ ਹਰ ਤਰ੍ਹਾਂ ਨਾਲ ਸ਼ਿੰਗਾਰਿਤ ਹੱਥਣੀ ਮਾਲਾ ਪਾਏਗੀ ਮੈਂ ਉਸੇ ਨਾਲ ਆਪਣੀ ਪਿਆਰੀ ਪੁੱਤਰ ੀਦਾ ਵਿਆਹ ਕਰਾਂਗਾ। ਸ਼ਿਵ ਜੀ ਕਿਰਪਾ ਨਾਲ ਬ੍ਰਾਹਮਣ ਵੀ ਸਵੰਬਰ ਦੇਖਣ ਦੀ ਇੱਛਾ ਨਾਲ ਰਾਜ ਸਭਾ ਵਿੱਚ ਇੱਕ ਪਾਸੇ ਬੈਠ ਗਿਆ। ਮਿਥੇ ਸਮੇਂ ’ਤੇ ਹੱਥਣੀ ਆਈ ਅਤੇ ਉਸ ਨੇ ਜੈ-ਮਾਲਾ ਉਸ ਬ੍ਰਾਹਮਣ ਦੇ ਗਲੇ ਵਿੱਚ ਪਾ ਦਿੱਤੀ। ਰਾਜਾ ਦੀ ਪ੍ਰਤਿਗਿਆ ਅਨੁਸਾਰ ਬੜੀ ਧੂਮ-ਧਾਮ ਨਾਲ ਕੰਨਿਆ ਦਾ ਵਿਆਹ ਉਸ ਬ੍ਰਾਹਮਣ ਦੇ ਨਾਲ ਕਰ ਦਿੱਤਾ ਗਿਆ। ਬ੍ਰਾਹਮਣ ਨੂੰ ਬਹੁਤ ਸਾਰਾ ਧਨ ਅਤੇ ਇੱਜ਼ਤ ਦੇ ਕੇ ਸੰਤੁਸ਼ਟ ਕੀਤਾ। ਬ੍ਰਾਹਮਣ ਸੁੰਦਰ ਕੰਨਿਆ ਹਾਸਲ ਕਰ ਕੇ ਸੁੱਖ ਨਾਲ ਜੀਵਨ ਬਤੀਤ ਕਰਨ ਲੱਗਾ। ਇੱਕ ਦਿਨ ਰਾਜ-ਕੰਨਿਆ ਨੇ ਆਪਣੇ ਪਤੀ ਨੂੰ ਪ੍ਰਸ਼ਨ ਕੀਤਾ- ਹੇ ਪ੍ਰਾਣਨਾਥ! ਆਪ ਨੇ ਇਹੋ ਜਿਹਾ ਕਿਹੜਾ ਭਾਰੀ ਪੁੰਨ ਕੀਤਾ ਜਿਸ ਦੇ ਪ੍ਰਭਾਵ ਨਾਲ ਹੱਥਣੀ ਨੇ ਸਾਰੇ ਰਾਜਕੁਮਾਰਾਂ ਨੂੰ ਛੱਡ ਕੇ ਆਪ ਦੇ ਗਲੇ ਵਿੱਚ ਮਾਲਾ ਪਾਈ? ਬ੍ਰਾਹਮਣ ਬੋਲਿਆ- ਹੇ ਪ੍ਰਾਣ ਤੋਂ ਪਿਆਰੀ! ਮੈਂ ਆਪਣੇ ਮਿੱਤਰ ਕਾਰਤੀਕੇਯ ਜੀ ਦੇ ਕਹਿਣ ਅਨੁਸਾਰ ਸੋਲ੍ਹਾਂ ਸੋਮਵਾਰ ਦਾ ਵਰਤ ਕੀਤਾ ਸੀ ਜਿਸ ਦੇ ਪ੍ਰਭਾਵ ਨਾਲ ਮੈਨੂੰ ਤੇਰੇ ਜਿਹੀ ਸਰੂਪਵਾਨ ਪਤਨੀ ਦੀ ਪ੍ਰਾਪਤੀ ਹੋਈ ਹੈ। ਵਰਤ ਦੀ ਮਹਿਮਾ ਨੂੰ ਸੁਣ ਕੇ ਰਾਜ ਕੰਨਿਆ ਨੂੰ ਬੜੀ ਹੈਰਾਨੀ ਹੋਈ ਅਤੇ ਉਹ ਵੀ ਪੁੱਤਰ ਦੀ ਕਾਮਨਾ ਕਰ ਕੇ ਵਰਤ ਕਰਨ ਲੱਗੀ। ਸ਼੍ਹਿ ਜੀ ਦੀ ਦਇਆ ਨਾਲ ਉਸਦੇ ਗਰਭ ਦੋਂ ਇੱਕ ਅਤਿ ਸੁੰਦਰ, ਸੁਸ਼ੀਲ, ਧਰਮਾਤਮਾ ਅਤੇ ਵਿਦਵਾਨ ਪੁੱਤਰ ਉਤਪੰਨ ਹੋਇਆ। ਮਾਤਾ-ਪਿਤਾ ਦੋਵੇਂ ਉਸ ਦੇਵ ਪੁੱਤਰ ਨੂੰ ਪਾ ਕੇ ਅਤਿ ਪ੍ਰਸੰਨ ਹੋਏ ਅਤੇ ਉਸ ਦਾ ਪਾਲਣ-ਪੋਸ਼ਣ ਚੰਗੀ ਤਰ੍ਹਾਂ ਕਰਨ ਲੱਗੇ। ਜਦੋਂ ਪੁੱਤਰ ਸਮਝਦਾਰ ਹੋਇਆ ਤਾਂ ਇੱਕ ਦਿਨ ਆਪਣੀ ਮਾਤਾ ਨੂੰ ਪ੍ਰਸ਼ਨ ਕੀਤਾ ਕਿ ਹੇ ਮਾਂ ਤੂੰ ਕਿਹੜਾ ਵਰਤ ਜਾਂ ਤਪ ਕੀਤਾ ਹੈ ਜਿਹੜਾ ਮੇਰੇ ਜਿਹਾ ਪੁੱਤਰ ਤੇਰੇ ਗਰਭ ਤੋਂ ਉਤਪੰਨ ਹੋਇਆ। ਮਾਤਾ ਨੇ ਪੁੱਤਰ ਦਾ ਮਨੋਰਥ ਜਾਣ ਕੇ ਆਪਣੇ ਕੀਤੇ ਹੋਏ ਸੋਲ੍ਹਾਂ ਸੋਮਵਾਰ ਵਰਤ ਨੂੰ ਵਿਧੀ ਸਹਿਤ ਪੁੱਤਰ ਨੂੰ ਦੱਸਿਆ। ਪੁੱਤਰ ਨੇ ਇੰਨੇ ਸਰਲ ਵਰਤ ਨੂੰ ਅਤੇ ਸਭ ਤਰ੍ਹਾਂ ਦੇ ਮਨੋਰਥ ਪੂਰੇ ਕਰਨ ਵਾਲਾ ਸੁਣਿਆ ਤਾਂ ਉਹ ਵੀ ਇਸ ਵਰਤ ਨੂੰ ਰਾਜ-ਅਧਿਕਾਰ ਪਾਉਣ ਦੀ ਇੱਛਾ ਨਾਲ ਹਰ ਸੋਮਵਾਰ ਨੂੰ ਵਿਧੀ ਅਨੁਸਾਰ ਵਰਤ ਕਰਨ ਲੱਗਾ। ਉਸੇ ਸਮੇਂ ਇੱਕ ਦੇਸ਼ ਦੇ ਬੁੱਢੇ ਰਾਜਾ ਦੇ ਦੂਤਾਂ ਨੇ ਆ ਕੇ ਉਸ ਨੂੰ ਰਾਜ ਕੰਨਿਆ ਲਈ ਵਰ ਚੁਣਿਆ। ਰਾਜਾ ਨੇ ਆਪਣੀ ਪੁੱਤਰੀ ਦਾ ਵਿਆਹ ਇਹੋ ਜਿਹੇ ਸਰਵ-ਗੁਣ ਸੰਪੰਣ ਬ੍ਰਾਹਮਣ ਲੜਕੇ ਨਾਲ ਕਰ ਕੇ ਬੜਾ ਸੁੱਖ ਪ੍ਰਾਪਤ ਕੀਤਾ। ਬੁੱਢੇ ਰਾਜੇ ਦੇ ਮਰਨ ਉਪਰੰਤ ਇਹੀ ਬ੍ਰਾਹਮਣ ਬਾਲਕ ਨੂੰ ਗੱਦੀ ’ਦੇ ਬਿਠਾਇਆ ਗਿਆ, ਕਿਉਂਕਿ ਬੁੱਢੇ ਰਾਜੇ ਦਾ ਕੋਈ ਪੁੱਤਰ ਨਹੀਂ ਸੀ। ਰਾਜ ਦਾ ਉਤਰਾਧਿਕਾਰੀ ਹੋ ਕੇ ਵੀ ਉਹ ਬ੍ਰਾਹਮਣ ਪੁੱਤਰ ਆਪਣੇ ਸੋਲ੍ਹਾਂ ਸੋਮਵਾਰ ਦੇ ਵਰਤ ਨੂੰ ਕਰਦਾ ਰਿਹਾ। ਜਦ ਸਤਾਰ੍ਹਵਾਂ ਸੋਮਵਾਰ ਆਇਆ ਤਾਂ ਬ੍ਰਾਹਮਣ ਪੁੱਤਰ ਨੇ ਆਪਣੀ ਪ੍ਰੀਤਮਾ ਨੂੰ ਸਾਰੀ ਪੂਜਾ ਸਮੱਗਰੀ ਲੈ ਕੇ ਸ਼ਿਵ ਜੀ ਪੂਜਾ ਲਈ ਸ਼ਿਵਾਲਯ ਵਿੱਚ ਚੱਲਣ ਨੂੰ ਕਿਹਾ। ਪਰੰਤੂ ਪ੍ਰੀਤਮਾ ਨੇ ਉਸ ਦੀ ਆਗਿਆ ਦੀ ਪ੍ਰਵਾਹ ਨਾ ਕੀਤੀ। ਦਾਸ-ਦਾਸੀਆਂ ਦੁਆਰਾ ਸਾਰੀ ਸਮੱਗਰੀ ਸ਼ਿਵਾਲਯ ਭਿਜਵਾ ਦਿੱਤੀ ਪਰ ਆਪ ਨਹੀਂ ਗਈ। ਜਦ ਰਾਜਾ ਨੇ ਸ਼ਿਵ ਜੀ ਦੀ ਪੂਜਾ ਖ਼ਤਮ ਕੀਤੀ, ਤਦ ਇੱਕ ਆਕਾਸ਼ਵਾਣੀ ਰਾਜਾ ਦੇ ਪ੍ਰਤੀ ਹੋਈ, ਰਾਜੇ ਨੇ ਸੁਣਿਆ ਕਿ ਹੇ ਰਾਜਨ! ਆਪਣੀ ਇਸ ਰਾਣੀ ਨੂੰ ਰਾਜ ਮਹਿਲ ਤੋਂ ਕੱਢ ਦੇ ਨਹੀਂ ਤਾਂ ਤੇਰਾ ਸਰਵਨਾਸ਼ ਕਰ ਦੇਵੇਗੀ। ਆਕਾਸ਼ਵਾਣੀ ਨੂੰਸੁਣ ਕੇ ਰਾਜੇ ਦੀ ਹੈਰਾਨੀ ਦਾ ਠਿਕਾਣਾ ਨਹੀਂ ਰਿਹਾ ਅਤੇ ਉਸੇ ਵੇਲੇ ਸਲਾਹ ਵਾਲੀ ਜਗ੍ਹਾ ਆ ਕੇ ਆਪਣੇ ਸਭਾ ਦੇ ਸਾਥੀਆਂ ਨੂੰ ਬੁਲਾ ਕੇ ਪੁੱਛਣ ਲੱਗਾ ਕਿ ਹੇ ਮੰਤਰੀਓ! ਮੈਨੂੰ ਅੱਜ ਸ਼ਿਵ ਜੀ ਦੀ ਵਾਣੀ ਹੋਈ ਹੈ ਕਿ ਰਾਜਾ ਨੂੰ ਆਪਣੀ ਇਸ ਰਾਣੀ ਨੂੰ ਕੱਢ ਦੇ ਨਹੀਂ ਤਾਂ ਇਹ ਤੇਰਾ ਸਰਵਨਾਸ਼ ਕਰ ਦੇਵੇਗੀ। ਰਾਜ ਸਭਾ ਦੇ ਮੰਤਰੀ ਆਦਿ ਸਭ ਬੜੇ ਹੈਰਾਨੀ ਅਤੇ ਦੁੱਖ ਵਿੱਚ ਡੁੱਬ ਗਏ ਕਿਉਂਕਿ ਜਿਸ ਕੰਨਿਆ ਦੇ ਕਾਰਨ ਰਾਜ ਮਿਲਿਆ ਹੈ ਰਾਜਾ ਉਸੇ ਨੂੰ ਕੱਢਣ ਦਾ ਜਾਲ ਰਚਾ ਰਿਹਾ ਹੈ, ਇਹ ਕਿਵੇਂ ਹੋ ਸਕੇਗਾ? ਅੰਤ ਵਿੱਚ ਰਾਜਾ ਨੇ ਉਸ ਨੂੰ ਆਪਣੇ ਘਰੋਂ ਕੱਢ ਦਿੱਤਾ। ਰਾਣੀ ਦੁਖੀ ਹਿਰਦੇ ਨਾਲ ਕਿਸਮਤ ਨੂੰ ਕੋਸਦੀ ਹੋਈ ਨਗਰ ਦੇ ਬਾਹਰ ਚਲੀ ਗਈ। ਬਿਨਾਂ ਪੈਰਾਂ ਵਿੱਚ ਕੁਝ ਪਹਿਨੇ, ਫਟੇ ਕੱਪੜੇ ਪਹਿਨੇ, ਭੁੱਖ ਨਾਲ ਦੁੱਖੀ ਹੌਲੀ-ਹੌਲੀ ਚੱਲ ਕੇ ਇੱਕ ਨਗਰ ਵਿੱਚ ਪਹੁੰਚੀ। ਉਥੇ ਇੱਕ ਬੁੱਢੀ ਸੂਤ ਕੱਤ ਕੇ ਵੇਚਣ ਨੂੰ ਜਾਂਦੀ ਸੀ। ਰਾਣੀ ਦੀ ਦਰਦ ਭਰੀ ਦਸ਼ਾ ਦੇਖ ਕੇ ਬੋਲੀ ਚੱਲ ਤੂੰ ਮੇਰਾ ਸੂਤ ਵਿਕਵਾ ਦੇ। ਮੈਂ ਬੁੱਢੀ ਹਾਂ, ਭਾਅ ਨਹੀਂ ਜਾਣਦੀ ਹਾਂ। ਇਹੋ ਜਿਹੀ ਗੱਲ ਬੁੱਢੀ ਦੀ ਸੁਣ ਰਾਣੀ ਨੇ ਬੁੱਢੀ ਦੇ ਸਿਰ ਤੋਂ ਸੂਤ ਦੀ ਗੱਠੜੀ ਉਤਾਰ ਕੇ ਆਪਣੇ ਸਿਰ ’ਤੇ ਰੱਖ ਲਈ। ਥੋੜ੍ਹੀ ਦੇਰ ਬਾਅਦ ਹਨੇਰੀ ਆਈ ਅਤੇ ਬੁੱਢੀ ਦਾ ਸੂਤ ਪੋਟਲੀ ਸਹਿਤ ਉਡ ਗਿਆ। ਵਿਚਾਰੀ ਬੁੱਢੀ ਪਛਤਾਉਂਦੀ ਰਹਿ ਗਈ ਅਤੇ ਰਾਣੀ ਨੂੰ ਆਪਣੇ ਨਾਲੋਂ ਦੂਰ ਰਹਿਣ ਨੂੰ ਕਹਿ ਦਿੱਤਾ। ਹੁਣ ਰਾਣੀ ਇੱਕ ਤੇਲੀ ਦੇ ਘਰ ਗਈ ਤਾਂ ਤੇਲੀ ਦੇ ਸਭ ਮਟਕੇ ਸ਼ਿਵ ਜੀ ਦੇ ਪ੍ਰਕੋਪ ਦੇ ਕਾਰਨ ਉਸ ਸਮੇਂ ਤਿੜਕ ਗਏ। ਇਹੋ ਜਿਹੀ ਦਸ਼ਾ ਦੇਖ ਕੇ ਤੇਲੀ ਨੇ ਰਾਣੀ ਨੂੰ ਆਪਣੇ ਘਰ ਤੋਂ ਕੱਢ ਦਿੱਤਾ। ਇਸ ਤਰ੍ਹਾਂ ਰਾਣੀ ਅਤਿਅੰਤ ਦੁੱਖ ਪਾਉਂਦੀ ਹੋਈ ਇੱਕ ਨਦੀ ਦੇ ਤੱਟ ’ਤੇ ਗਈ ਤਾਂ ਨਦੀ ਦਾ ਸਾਰਾ ਪਾਣੀ ਸੁੱਕ ਗਿਆ। ਉਸ ਦੇ ਬਾਅਦ ਰਾਣੀ ਇੱਕ ਜੰਗਲ ਵਿੱਚ ਗਈ। ਉਥੇ ਜਾ ਕੇ ਸਰੋਵਰ ਵਿੱਚ ਪੌੜੀ ਤੋਂ ਉਤਰ ਕੇ ਪਾਣੀ ਪੀਣ ਨੂੰ ਗਈ। ਉਸ ਦਾ ਹੱਥ ਪਾਣੀ ਨਾਲ ਲੱਗਦੇ ਹੀ ਸਰੋਵਰ ਦਾ ਨੀਲ ਕਮਲ ਦੇ ਸਮਾਨ ਪਾਣੀ ਅਣਗਿਣਤ ਕੀੜਿਆਂ ਵਾਲਾ ਗੰਦਾ ਹੋ ਗਿਆ। ਰਾਣੀ ਨੇ ਕਿਸਮਤ ਨੂੰ ਦੋਸ਼ੀ ਕਹਿੰਦੇ ਹੋਏ ਉਸ ਪਾਣੀ ਨੂੰ ਵੀ ਪੀ ਕੇ ਦਰੱਖਤ ਦੀ ਠੰਢੀ ਛਾਂ ਥੱਲੇ ਆਰਾਮ ਕਰਨਾ ਚਾਹਿਆ। ਉਹ ਰਾਣੀ ਜਿਸ ਦਰੱਖਤ ਦੇ ਹੇਠਾਂ ਜਾਂਦੀ ਉਸ ਦਰੱਖਤ ਦੇ ਪੱਤੇ ਉਸੇ ਵੇਲੇ ਡਿੱਗ ਜਾਂਦੇ। ਜੰਗਲ ਅਤੇ ਸਰੋਵਰ ਦੇ ਪਾਣੀ ਦੀ ਇਹੋ ਜਿਹੀ ਦਸ਼ਾ ਦੇਖ ਕੇ ਗਊ ਚਰਾਉਂਦੇ ਗੁਆਲਿਆਂ ਨੇ ਆਪਣੇ ਗੁਸਾਈੰ ਜੀ ਤੋਂ ਜਿਹੜੇ ਉਸ ਜੰਗਲ ਵਿੱਚ ਸਥਿਤ ਮੰਦਿਰ ਵਿੱਚ ਪੁਜਾਰੀ ਸੀ ਪੁੱਛਿਆ। ਗੁਸਾਈਂ ਜੀ ਦੇ ਆਦੇਸ਼ ਅਨੁਸਾਰ ਗਵਾਲੇ ਰਾਣੀ ਨੂੰ ਫੜ ਕੇ ਗੁਸਾਈਂ ਦੇ ਕੋਲ ਲੈ ਗਏ। ਰਾਣੀ ਦੀ ਸ਼ਕਲ ਅਤੇ ਸਰੀਰ ਸ਼ੋਭਾ ਦੇਖ ਕੇ ਗੁਸਾਈਂ ਜਾਣ ਗਏ ਕਿ ਇਹ ਜ਼ਰੂਰ ਹੀ ਕੋਈ ਵਿਧੀ ਦੀ ਗਤੀ ਦੀ ਮਾਰੀ ਕੁਲੀਨ ਇਸਤਰੀ ਹੈ। ਇਸ ਤਰ੍ਹਾਂ ਸੋਚ ਕੇ ਪੁਜਾਰੀ ਜੀ ਨੇ ਰਾਣੀ ਨੂੰ ਕਿਹਾ ਕਿ ਹੇ ਪੁੱਤਰੀ, ਮੈਂ ਤੈਨੂੰ ਆਪਣੀ ਪੁੱਤਰੀ ਦੇ ਬਰਾਬਰ ਰੱਖਾਂਗਾ। ਤੂੰ ਮੇਰੇ ਆਸ਼ਰਮ ਵਿੱਚ ਹੀ ਕਹੋ, ਮੈਂ ਤੈਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਦਿਆਂਗਾ। ਗੁਸਾਈਂ ਦੇ ਇਹੋ ਜਿਹੇ ਵਚਨ ਸੁਣ ਕੇ ਰਾਣੀ ਨੂੰ ਧੀਰਜ ਹੋਇਆ ਅਤੇ ਆਸ਼ਰਮ ਵਿੱਚ ਰਹਿਣ ਲੱਗੀ। ਪਰੰਤੂ ਆਸ਼ਰਮ ਵਿੱਚ ਰਾਣੀ ਜਿਹੜਾ ਭੋਜਨ ਬਣਾਉਂਦੀ ਉਸ ਵਿੱਚ ਕੀੜੇ ਪੈ ਜਾਂਦੇ, ਪਾਣੀ ਭਰ ਕੇ ਲਿਆਂਦੀ ਤਾਂ ਉਸ ਵਿੱਚ ਕੀੜੇ ਪੈ ਜਾਂਦੇ। ਹੁਣ ਤਾਂ ਗੁਸਾਈਂ ਜੀ ਵੀ ਦੁਖੀ ਹੋਏ ਅਤੇ ਰਾਣੀ ਨੂੰ ਕਹਿਣ ਲੱਗੇ ਕਿ ਹੇ ਪੁੱਤਰੀ! ਤੇਰੇ ਉਪਰ ਕਿਹੜੇ ਦੇਵਤੇ ਦਾ ਕ੍ਰੋਪ ਹੈ, ਜਿਸ ਨਾਲ ਤੇਰੀ ਇਹੋ ਜਿਹੀ ਦਸ਼ਾ ਹੈ? ਪੁਜਾਰੀ ਦੀ ਗੱਲ ਸੁਣ ਰਾਣੀ ਨੇ ਸ਼ਿਵ ਜੀ ਮਹਾਰਾਜ ਦੀ ਪੂਜਾ ਦਾ ਅਨਾਦਰ ਕਰਨ ਦੀ ਕੱਥਾ ਸੁਣਾਈ ਤਾਂ ਪੁਜਾਰੀ ਸ਼ਿਵ ਜੀ ਮਹਾਰਾਜ ਦੇ ਅਨੇਕ ਤਰ੍ਹਾਂ ਨਾਲ ਗੁਣ ਤਰ੍ਹਾਂ ਨਾਲ ਗੁਣ ਗਾਉਂਦੇ ਹੋਏ ਰਾਣੀ ਨੂੰ ਕਹਿਣ ਲੱਗੇ ਕਿ ਦੇਵੀ ਤੂੰ ਸਾਰੇ ਮਨੋਰਥਾ ਨੂੰ ਪੂਰਾ ਕਰਨ ਵਾਲੇ ਸੋਲ੍ਹਾਂ ਸੋਮਵਾਰ ਵਰਤ ਨੂੰ ਕਰੋ। ਉਸਦੇ ਪ੍ਰਭਾਵ ਨਾਲ ਆਪਣੇ ਕਸ਼ਟ ਤੋਂ ਹੋ ਸਕੋਗੀ। ਗੁਸਾਈੰ ਦੀ ਗੱਲ ਸੁਣ ਕੇ ਰਾਣੀ ਨੇ ਸੋਲ੍ਹਾਂ ਸੋਮਵਾਰ ਵਰਤ ਨੂੰ ਵਿਧੀ ਮੁਤਾਬਕ ਸੰਪੰਨ ਕੀਤਾ ਅਤੇ ਸਤਾਰ੍ਹਵੇਂ ਸੋਮਵਾਰ ਨੂੰ ਪੂਜਾ ਦੇ ਪ੍ਰਭਾਵ ਨਾਲ ਰਾਜੇ ਦੇ ਹਿਰਿਦੇ ਵਿੱਚ ਵਿਚਾਰ ਉਤਪੰਨ ਹੋਇਆ ਕਿ ਰਾਣੀ ਨੂੰ ਗਏ ਬਹੁਤ ਸਮਾਂ ਬਤੀਤ ਹੋ ਗਿਆ ਪਤਾ ਨਹੀਂ ਕਿੱਥੇ-ਕਿੱਥੇ ਹੋਵੇਗੀ, ਲੱਭਣਾ ਚਾਹੀਦਾ ਹੈ। ਇਹ ਸੋਚ ਰਾਣੀ ਨੂੰ ਲੱਭਣ ਲਈ ਚਾਰਾਂ ਦਿਸ਼ਾਵਾਂ ਵਿੱਚ ਦੂਤ ਭੇਜੇ। ਉਹ ਦੂਤ ਰਾਣੀ ਨੂੰ ਲੱਭਦੇ ਹੋਏ ਪੁਜਾਰੀ ਦੇ ਆਸ਼ਰਮ ਵਿੱਚ ਪਹੁੰਚੇ। ਉਥੇ ਰਾਣੀ ਨੂੰ ਦੇਖ ਕੇ ਪੁਜਾਰੀ ਤੋਂ ਰਾਣੀ ਨੂੰ ਮੰਗਣ ਲੱਗੇ, ਪਰੰਤੂ ਪੁਜਾਰੀ ਨੇ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਤਾਂ ਦੂਤ ਚੁੱਪ-ਚਾਪ ਪਰਤੇ ਅਤੇ ਆ ਕੇ ਮਹਾਰਾਜ ਦੇ ਸਨਮੁਖ ਰਾਣੀ ਦਾ ਪਤਾ ਦੱਸਿਆ। ਰਾਣੀ ਦਾ ਪਤਾ ਲੈ ਕੇ ਰਾਜਾ ਖੁਦ ਪੁਜਾਰੀ ਦੇ ਆਸ਼ਰਮ ਵਿੱਚ ਗਏ ਅਤੇ ਪੁਜਾਰੀ ਅੱਗੇ ਪ੍ਰਾਰਥਨਾ ਕਰਨ ਲੱਗੇ ਕਿ ਮਹਾਰਾਜ! ਜਿਹੜੀ ਦੇਵੀ ਜੀ ਤੁਹਾਡੇ ਆਸ਼ਰਮ ਵਿੱਚ ਰਹਿੰਦੀ ਹੈ ਉਹ ਮੇਰੀ ਪਤਨੀ ਹੈ। ਸ਼ਿਵ ਜੀ ਦੇ ਕ੍ਰੋਪ ਨਾਲ ਮੈਂ ਇਸ ਨੂੰ ਤਿਆਗ ਦਿੱਤਾ ਸੀ, ਹੁਣ ਇਸ ਤੋਂ ਸ਼ਿਵ ਜੀ ਦਾ ਪ੍ਰਕੋਪ ਸ਼ਾਂਤ ਹੋ ਗਿਆ ਹੈ ਇਸ ਲਈ ਮੈਂ ਇਸ ਨੂੰ ਲੈਣ ਲਈ ਆਇਆ ਹਾਂ। ਆਪ ਇਨ੍ਹਾਂ ਨੂੰ ਮੇਰੇ ਨਾਲ ਜਾਣ ਦੀ ਆਗਿਆ ਦੇ ਦਿਉ। ਗੁਸਾਈਂ ਜੀ ਨੇ ਰਾਜਾ ਦੇ ਵਚਨ ਨੂੰ ਸੱਚ ਸਮਝ ਕੇ ਰਾਣੀ ਨੂੰਰਾਜੇ ਦੇ ਨਾਲ ਜਾਣ ਦੀ ਆਗਿਆ ਦੇ ਦਿੱਤੀ। ਗੁਸਾਈਂ ਦੀ ਆਗਿਆ ਲੈ ਕੇ ਰਾਣੀ ਪ੍ਰਸੰਨ ਹੋ ਕੇ ਰਾਜੇ ਦੇ ਨਾਲ ਮਹਿਲ ਵਿੱਚ ਆਈ, ਨਗਰ ਵਿੱਚ ਅਨੇਕ ਤਰ੍ਹਾਂ ਦੇ ਢੋਲ-ਵਾਜੇ ਵੱਜਣ ਲੱਗੇ। ਨਗਰ ਵਾਸੀਆਂ ਨੇ ਨਗਰ ਦੇ ਦਰਵਾਜ਼ੇ ਅਤੇ ਨਗਰ ਨੂੰ ਤੋਰਣ ਦੁਆਰਾਂ ਨਾਲ ਵੱਖ-ਵੱਖ ਢੰਗਾਂ ਨਾਲ ਸਜਾਇਆ। ਘਰ-ਘਰ ਵਿੱਚ ਮੰਗਲ-ਗਾਣ ਹੋਣ ਲੱਗੇ, ਪੰਡਿਤਾਂ ਨੇ ਵੱਖ-ਵੱਖ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਆਪਣੀ ਰਾਣੀ ਦਾ ਸਵਾਗਤ ਕੀਤਾ। ਇਹੋ ਜਿਹੀ ਹਾਲਤ ਵਿੱਚ ਰਾਣੀ ਨੇ ਫਿਰ ਆਪਣੀ ਰਾਜਧਾਨੀ ਵਿੱਚ ਪ੍ਰਵੇਸ਼ ਕੀਤਾ। ਮਹਾਰਾਜ ਨੇ ਅਨੇਕ ਤਰ੍ਹਾਂ ਨਾਲ ਬ੍ਰਾਹਮਣਾਂ ਨੂੰ ਦਾਨ ਆਦਿ ਦੇ ਕੇ ਸੰਤੁਸ਼ਟ ਕੀਤਾ। ਸਾਧੂ-ਸੰਤਾਂ ਨੂੰ ਧਨ-ਮਾਲ ਦਿੱਤਾ। ਨਗਰੀ ਵਿੱਚ ਜਗ੍ਹਾ-ਜਗ੍ਹਾ ’ਤੇ ਸਦਾ-ਵ੍ਰਤ ਖੁਲ੍ਹਵਾਏ ਜਿਥੇ ਭੁੱਖੇ ਲੋਕਾਂ ਨੂੰ ਭੋਜਨ ਮਿਲਦਾ ਸੀ। ਇਸ ਤਰ੍ਹਾਂ ਨਾਲ ਰਾਜਾ ਸ਼ਿਵ ਜੀ ਦੀ ਕਿਰਪਾ ਦਾ ਪਾਤਰ ਬਣ ਕੇ ਰਾਜਧਾਨੀ ਵਿੱਚ ਰਾਣੀ ਦੇ ਨਾਲ ਅਨੇਕ ਤਰ੍ਹਾਂ ਦੇ ਸੁੱਖਾਂ ਦਾ ਭੋਗ ਕਰਦੇ ਸੋਮਵਾਰ ਵਰਤ ਕਰਨ ਲੱਗਾ। ਵਿਧੀ ਅਨੁਸਾਰ ਸ਼ਿਵ ਪੂਜਾ ਕਰਦੇ ਹੋਏ, ਇਸ ਲੋਕ ਵਿੱਚ ਅਨੇਕਾਂ ਸੁੱਖਾਂ ਨੂੰ ਭੋਗਣ ਦੇ ਬਾਅਦ ਸ਼ਿਵਪੁਰੀ ਨੂੰ ਚਲੇ ਗਏ। ਇਸ ਤਰ੍ਹਾਂ ਹੀ ਜਿਹੜਾ ਮਨੁੱਖ ਮਨਸਾ ਵਾਚਾ ਕਰਮਣਾ ਦੁਆਰਾ ਭਗਤੀ ਸਹਿਤ ਸੋਲ੍ਹਾਂ ਸੋਮਵਾਰ ਦਾ ਵਰਤ ਪੂਜਾ ਆਦਿ ਵਿਧੀ ਅਨੁਸਾਰ ਕਰਦਾ ਹੈ ਉਹ ਇਸ ਲੋਕ ਵਿੱਚ ਸਾਰਿਆਂ ਸੁੱਖਾਂ ਨੂੰ ਭੋਗ ਕੇ ਅੰਤ ਵਿੱਚ ਸ਼ਿਵਪੁਰੀ ਨੂੰ ਪ੍ਰਾਪਤ ਹੁੰਦਾ ਹੈ। ਇਹ ਵਰਤ ਸਾਰੇ ਮਨੋਰਥਾਂ ਨੂੰ ਪੂਰਨ ਕਰਨ ਵਾਲਾ ਹੈ।

॥ ਸਮਾਪਤੀ ਸੋਲ੍ਹਾਂ ਸੋਮਵਾਰ ਵਰਤ ਕਥਾ॥

ਸ਼ਿਵ ਜੀ ਦੀ ਆਰਤੀ
ਜੈ ਸ਼ਿਵ ਔਂਕਾਰਾ ਗਕ ਡੈ ਸ਼ਿਲ ਔਂਕਾਰਾ। ਬ੍ਰਹਮਾ, ਵਿਸ਼ਨੂ, ਸਦਾਸ਼ਿਵ ਅਰਧਾਂਗੀ ਧਾਰਾ॥ ਟੇਕ॥
ਏਕਾਨਨ ਚਤੁਰਾਨਨ ਪੰਚਾਨਨ ਰਾਜੇ। ਹੰਸਾਨਨ ਗਰੁੜਾਸਨ ਬ੍ਰਿਸ਼ਵਾਹਨ ਸਾਜੇ॥ ਜੈ॥
ਦੋ ਭੁਜ ਚਾਰ ਚਤੁਰਭੁਜ ਦਸ ਭੁਜ ਤੇ ਸੋਹੇ। ਤੀਨੋਂ ਰੂਪ ਨਿਰਖਤਾ ਤ੍ਰਿਭੁਵਨ ਜਨ ਮੋਹੇ ॥ ਜੈ॥
ਅਕਸ਼ਮਾਲਾ ਬਨਮਾਲਾ ਮੁੰਡਮਾਲਾ ਧਾਰੀ। ਚੰਦਨ ਮ੍ਰਿਗਮਦ ਸੋਹੇ ਭਾਲੇ ਸ਼ੁਭਕਾਰੀ॥ ਜੈ॥
ਸ਼ਵੇਤਾਂਬਰ ਪੀਤਾਂਬਰ ਬਾਘੰਬਰ ਅੰਗੇ। ਸਨਕਾਦਿਕ ਬ੍ਰਹਮਾਦਿਕ ਭੂਤਾਦਿਕ ਸੰਗੇ॥ ਜੈ॥
ਕਰ ਕੇ ਮਧਯ ਕਮੰਡਲ ਚਕ੍ਰ ਤ੍ਰਿਸ਼ੂਲ ਧਰਤਾ। ਜਗ-ਕਰਤਾ ਜਗ-ਕਰਤਾ ਜਗ-ਪਾਲਨ ਕਰਤਾ॥ ਜੈ॥
ਬ੍ਰਹਮਾ ਵਿਸ਼ਨੂੰ ਸਦਾਸ਼ਿਵ ਜਾਨਤ ਅਵਿਵੇਕਾ। ਪ੍ਰਣਵਾਕਸ਼ਰ ਕੇ ਮਧਯੇ ਯੇ ਤੀਨੋਂ ਏਕਾ॥ ਜੈ॥
ਤਿਗੁਣ ਸ਼ਿਵ ਜੀ ਕੀ ਆਰਤੀ ਜੋ ਕੋਈ ਨਰ ਗਾਵੇ। ਕਹਿਤ ਸ਼ਿਵਾਨੰਦ ਸਵਾਮੀ ਮਨਵਾਂਛਿਤ ਫਲ ਪਾਵੇ॥ ਜੈ॥

Scroll To Top