Home / ਚਲੀਸੇ ਅਤੇ ਵਾਰਾਂ ਦੀ ਵਰਤ ਕਥਾ / ਮੰਗਲਵਾਰ ਵਰਤ ਕਥਾ

ਮੰਗਲਵਾਰ ਵਰਤ ਕਥਾ

ਸ਼੍ਰੀ ਮੰਗਲਵਾਰ ਵਰਤ ਕਥਾ ਦੀ ਵਿਧੀ – ਮੰਗਲਵਾਰ ਦਾ ਵਰਤ ਮਾਰੂਤੀਨੰਦਨ ਸ਼੍ਰੀ ਹਨੂੰਮਾਨ ਜੀ ਦਾ ਵਰਤ ਹੈ। ਇਹ ਹਰ ਤਰ੍ਹਾਂ ਦੇ ਦੈਹਿਕ, ਦੈਵਿਕ ਅਤੇ ਭੌਤਿਕ ਸੁੱਖਾਂ ਨੂੰ ਦੇਣ ਵਾਲਾ ਹੈ। ਸੰਤਾਨ ਪ੍ਰਾਪਤੀ, ਰਕਤ ਵਿਕਾਰ ਨਸ਼ਟ ਕਰਨ, ਆਤਮਸ਼ਕਤੀ ਵਿਕਾਸ, ਰਾਜ ਸਨਮਾਨ ਪ੍ਰਾਪਤੀ ਅਤੇ ਸੰਪੂਰਕ ਮਨਕਾਮਨਾਵਾਂ ਨੂੰ ਪਾਉਣ ਦੇ ਲਈ ਮੰਗਲਵਾਰ ਦਾ ਵਰਤ ਰੱਖਿਆ ਜਾਂਦਾ ਹੈ। ਸ਼੍ਰੀ ਪਦਮਪੁਰਾਣ ਵਿੱਚ ਮੰਗਲਵਾਰ ਦੇ ਵਰਤ ਅਤੇ ਕਥਾ ਦਾ ਵਿਸਤਾਰ ਪੂਰਵਕ ਵਰਨਣ ਹੈ।
ਇਹ ਵਰਤ ਹਰ ਇਸਤਰੀ-ਪੁਰਸ਼ ਰੱਖ ਸਕਦਾ ਹੈ। ਮੰਗਲਵਾਰ ਦੇ ਦਿਨ ਸਵੇਰੇ ਉਠਕੇ ਅਪਾਮਾਰਗ (ਔਂਗਾ) ਦੀ ਦਾਤਨ ਕਰ ਕੇ ਤਿਲ ਅਤੇ ਔਲਿਆਂ ਦਾ ਚੂਰਨ ਲਾਗ ਕੇ ਨਦੀ, ਤਲਾਅ ਜਾਂ ਘਰ ਵਿੱਚ ਇਸ਼ਨਾਨ ਕਰੋ। ਸਾਫ਼ ਲਾਲ ਰੰਗ ਦੇ ਕੱਪੜੇ ਪਾਉ। ਸੁੰਦਰ ਅਤੇ ਪਵਿੱਤਰ ਥਾਂ ਤੇ ਗਊ ਦੇ ਗੋਹੇ ਨਾਲ ਲਿਪ ਕੇ ਪਤਨੀ ਦੇ ਨਾਲ ਮੰਗਲਦੇਵ ਦਾ ਪੂਜਨ ਕਰੋ। ਲਾਲ ਚਾਵਲੰ ਨਾਲ ਅਸ਼ਟਦਲ ਕਮਲ ਬਣਾਓ। ਉਸ ਉਤੇ ਸੋਨੇ ਦੀ ਮੂਰਤੀ ਕਾਂਸੇ ਦੇ ਕਟੋਰੇ ਵਿੱਚ ਪਾਣੀ ਦੇ ਕਲਸ਼ ਉਤੇ ਸਥਾਪਿਤ ਕਰੋ। ਲਾਲ ਚਾਵਲ, ਲਾਲ ਫੁੱਲ, ਲਾਲ ਚੰਦਨ ਅਤੇ ਕਣਕ, ਗੁੜ ਤੇ ਮੇਵੇ ਦੇ ਬਣੇ ਹੋਏ 21 ਲੱਡੂ ਅਤੇ ਪਕਵਾਨਾਂ ਸਮੇਤ, ਚਾਰ ਬੱਤੀਆਂ ਵਾਲਾਂ ਘਿਉ ਨਾਲ ਭਰਿਆ ਆਟੇ ਦਾ ਦੀਪਕ ਜਗਾ ਕੇ ਸ਼ਰਧਾ ਪੂਰਵਕ ਮੰਗਲ ਦੇਵਤਾ ਦਾ ਧਿਆਨ ਤੇ ਪੂਜਨ ਕਰੋ। ‘ਓਮ ਭੌਮਾਇ ਨਮਾ’ ਇਸ ਮੰਤਰ ਨਾਲ ਪੂਜਾ ਦੀਆਂ ਸਾਰੀਆਂ ਵਸਤੂਆਂ ਦੇਵਤਾ ਤੇ ਚੜ੍ਹਾਓ। ਹੇਠਾਂ ਲਿਖੇ ਮੰਗਲ ਦੇਵ ਦੇ 21 ਨਾਵਾਂ ਦੇ ਨਾਲ ਦੱਖਣਾ ਅਤੇ ਲੱਡੂ ਅਰਪਣ ਕਰੋ।
(1) ਓਮ ਮੰਗਲਾਇ ਨਮ, (2) ਓਮ ਭੂਮਿਪੁਤ੍ਰਾਇ ਨਮ, (3) ਓਮ ਰਿਣਹਰਤਾਇ ਨਮ, (4) ਓਮ ਧਨਪ੍ਰਦਾਇ ਨਮ, (5) ਓਮ ਸਥਿਰਾਸਨ ਨਾਇ ਨਮ, (6) ਓਮ ਮਹਾਕਾਇਧਰਾਇ ਨਮਸ਼ (7) ਓਮ ਸਰਵਕਾਮ ਸਾਧਰਾਇ ਨਮ, (8) ਓਮ ਲੋਹਿਤਾਇ ਨਮ, (9) ਓਮ ਲੋਹਿਤਨੇਤ੍ਰਾਇ ਨਮ, (10) ਓਮ ਸਾਮਗਾਨ ਕ੍ਰਿਪਾਕਰਾਇ ਨਮ, (11) ਓਮ ਧਰਾਤਮਜਾਇ ਨਮ, (12) ਓਮ ਕੁਜਾਇ ਨਮ, (13) ਓਮ ਭੌਮਾਇ ਨਮ, (14) ਓਮ ਭੂਜਿਜਾਇ ਨਮ, (15) ਓਮ ਭੂਮਿਨੰਦਨਾਇ ਨਮ, (16) ਓਮ ਅੰਗਾਰਕਾਇ ਨਮ, (17) ਓਮ ਯਮਾਇ ਨਮ, (18) ਓਮ ਸਰਵਰੋਗਹਾਰਕਾਇ ਨਮ, (19) ਓਮ ਧਨਵਰਿਸ਼ਟਕਰਤਾਇ ਨਮ, (20) ਓਮ ਸਰਵਾਪਹਰਤਾਇ ਨਮ, (21) ਓਮ ਸਰਵਕਾਇਫਲਪ੍ਰਦਾਤਾਇ ਨਮ।
ਇਸ ਤੋਂ ਬਾਅਦ ਮੰਗਲ ਭਗਵਾਨ ਦੀ ਕਥਾ ਇੱਕ-ਚਿਤ ਹੋ ਕੇ ਸੁਣੋ। ਕਥਾ ਦੇ ਅੰਤ ਵਿੱਚ ਲੱਡੂ, ਮੇਵਾ ਅਤੇ ਰਿਤੂ ਫਲ ਆਦਿ ਨਾਲ ਦੇਵਤਾ ਦਾ ਭੋਗ ਲਗਾ ਕੇ ਆਰਤੀ ਕਰੋ। 21 ਲੱਡੂ ਦੱਖਣਾ ਨਾਲ ਵਿਦਵਾਨ ਸਤਿਪਾਤਰ ਬ੍ਰਾਹਮਣਾਂ ਵਿੱਚ ਵੰਡ ਦਿਓ ਅਤੇ ਪਾਤਰ ਦਾ ਪ੍ਰਸ਼ਾਦ ਕਥਾ ਸੁਨਣ ਵਾਲਿਆਂ ਨੂੰ ਵੰਡ ਕੇ ਆਪ ਭੋਜਨ ਕਰੋ। ਮੰਗਲਦੇਵ ਦੇ ਵਰਤ ਵਿੱਚ ਕੇਵਲ ਇੱਕ ਵਾਰ ਹੀ ਭੋਜਨ ਕਰਨਾ ਚਾਹੀਦਾ ਹੈ।
ਮੰਗਲਦੇਵ ਦਾ ਵਰਤ 21 ਦਿਨ ਤੱਕ ਕਰਨਾ ਚਾਹੀਦਾ ਹੈ। 21 ਦਿਨਾਂ ਦੇ ਬਾਅਦ ਜਾਂ ਮਨੋਕਾਮਨਾ ਪੂਰੀ ਹੋਣ ਤੇ ਇਸ ਵਰਤ ਦਾ ਪੂਜਨ ਵਿਦਵਾਨ ਬ੍ਰਾਹਮਣ ਕੋਲੋਂ ਕਰਵਾਓ। 21 ਬ੍ਰਾਹਮਣਾਂ ਨੂੰ ਮਿਠਿਆਈ ਨਾਲ ਸੰਤੁਸ਼ਟ ਕਰ ਕੇ ਉਨ੍ਹਾਂ ਨੂੰ ਆਪਣੀ ਇੱਛਾ ਦੇ ਅਨੁਸਾਰ ਸੋਨੇ ਅਤੇ ਕੱਪੜੇ ਆਦਿ ਦੇ ਕੇ ਉਨ੍ਹਾਂ ਦੇ ਚਰਨ ਛੂਹ ਕੇ ਆਸ਼ੀਰਵਾਦ ਪ੍ਰਾਪਤ ਕਰੋ। ਆਚਾਰਿਆ ਨੂੰ ਭੋਜਨ ਕਰਾ ਕੇ ਯਥਾਸ਼ਕਤੀ ਦੱਖਣਾ ਦਿਓ ਅਤੇ ਲਾਲ ਬੈਲ ਦਾ ਦਾਨ ਕਰੋ।
ਇਸ ਵਰਤ ਦੇ ਪ੍ਰਭਾਵ ਨਾਲ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ। ਇਸਤਰੀਆਂ ਨੂੰ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ। ਪੁਰਸ਼ਾਂ ਨੂੰ ਵਿਦਿਆ, ਧਨ, ਬਲ, ਉਮਰ, ਅਰੋਗ, ਦੁਸ਼ਮਣਾਂ ਉਤੇ ਜਿੱਤ, ਭੂਮੀ, ਰਤਨ ਉਚਾ-ਪੱਦ ਅਤੇ ਪੰਨ ਮਿਲਦਾ ਹੈ। ਵਰਤ ਰੱਖਣ ਵਾਲੇ ਦੇ ਉਤੇ ਜੇਕਰ ਕਰਜ਼ਾ ਚੜ੍ਹਿਆ ਹੋਵੇ ਤਾਂ ਉਸ ਦਾ ਕਰਜ਼ਾ ਉਤਰ ਜਾਂਦਾ ਹੈ। ਨੌਕਰੀ, ਮੁਕੱਦਮੇ ਵਿੱਚ ਜਿੱਤ-ਵਪਾਰ ਵਿੱਚ ਲਾਭ ਅਤੇ ਖੇਤੀ ਵਿੱਚ ਅਨਾਜ ਦਾ ਵਾਧਾ ਹੁੰਦਾ ਹੈ। ਕੁਆਰੀ ਕੰਨਿਆਂ ਮੰਗਲਾ-ਗੌਰੀ ਦੇ ਰੂਪ ਵਿੱਚ ਗੌਰੀ ਮਾਤਾ ਦਾ ਪੂਜਨ ਕਰ ਕੇ ਇਹ ਵਰਤ ਰੱਖਣ ਤਾਂ ਉਨ੍ਹਾਂ ਨੂੰ ਸੁੰਦਰ ਪਤੀ ਮਿਲਦਾ ਹੈ। ਇਹ ਵਰਤ ਵਿਸ਼ਨੂੰ ਭਗਵਾਨ, ਸ਼ਿਵ ਜੀ ਅਤੇ ਮੰਗਲ ਦੇਵਤਾ ਨੂੰ ਬਹੁਤ ਹੀ ਪਿਆਰਾ ਹੈ ਅਤੇ ਇਸ ਦਿਨ ਹਨੂੰਮਾਨ ਜੀ ਦੀ ਪੂਜਾ ਨਾਲ ਮੰਗਲ ਗ੍ਰਹਿ ਦਾ ਅਰਿਸ਼ਟ ਸ਼ਾਂਤ ਹੋ ਜਾਂਦਾ ਹੈ। ਘਰ ਧਨ-ਦੌਲਤ ਨਾਲ ਭਰਿਆ ਰਹਿੰਦਾ ਹੈ ਅਤੇ ਅੰਤ ਵਿੱਚ ਵਿਸ਼ਨੂ-ਲੋਕ ਦੀ ਪ੍ਰਾਪਤੀ ਹੁੰਦੀ ਹੈ।

ਅਥ ਮੰਗਲਵਾਰ ਕਥਾ – ਵਿਆਸ ਜੀ ਬੋਲੇ- ਇੱਕ ਸਮੇਂ ਨੈਮਿਸ਼ਾਰਣਿਆ ਤੀਰਥ ਵਿੱਚ 88000 ਸ਼ੋਨਕਾਦਿਰ ਰਿਸ਼ੀ-ਮੁਨੀ ਇਕੱਠੇ ਹੋ ਕੇ ਪੁਰਾਣਾਂ ਦੇ ਗਿਆਨੀ ਸ਼੍ਰੀ ਸੂਤ ਜੀ ਨੂੰ ਪੁੱਛਣ ਲੱਗੇ- ਹੇ ਮਹਾਮੁਨੇ! ਆਪ ਨੇ ਅਨੇਕ ਪੁਰਾਣਾਂ ਦੀਆਂ ਦੁਰਲਭ ਕਥਾ ਸੁਣਾਈਆਂ ਹਨ। ਹੁਣ ਤੁਸੀਂ ਕ੍ਰਿਪਾ ਕਰ ਕੇ ਇਸ ਤਰ੍ਹਾਂ ਦਾ ਵਰਤ ਅਤੇ ਕਥਾ ਸੁਣਾਓ ਜਿਸ ਦੇ ਰੱਖਣ ਨਾਲ ਸੁੱਖ, ਸੌਭਾਗਿਆ, ਸੰਤਾਨ ਦੀ ਪ੍ਰਾਪਤੀ ਹੋਵੇ ਅਤੇ ਮਨੁੱਖਾਂ ਨੂੰ ਰੋਗ, ਸ਼ੋਕ, ਅੱਗ, ਸੱਪ ਆਦਿ ਦਾ ਡਰ ਨਾ ਹੋਵੇ, ਕਿਉਂਕਿ ਕਲਯੁਗ ਦੇ ਜੀਵਾਂ ਦੀ ਉਮਰ ਘੱਟ ਹੈ। ਫੇਰ ਇਸ ਤੇ ਵੀ ਉਨ੍ਹਾਂ ਨੂੰ ਰੋਗ ਆਦਿ ਘੇਰੇ ਰਹਿਣਗੇ, ਤਾਂ ਸ਼੍ਰੀ ਹਰਿ ਦਾ ਧਿਆਨ ਕਿਸ ਤਰ੍ਹਾਂ ਕਰ ਸਕਦੇ ਹਨ? ਸੂਤ ਜੀ ਬੋਲੇ- ਹੇ ਮੁਨੀਓ! ਤੁਸੀਂ ਬਹੁਤ ਹੀ ਸੁੰਦਰ ਕਥਾ ਪੁੱਛੀ ਹੈ। ਸ਼੍ਰੀ ਕ੍ਰਿਸ਼ਨ ਭਗਵਾਨ ਜੀ ਅਤੇ ਯੁਧਿਸ਼ਠਰ ਦਾ ਸੰਵਾਦ ਤੁਹਾਡੇ ਸਾਹਮਣੇ ਕਹਿੰਦਾ ਹਾਂ, ਧਿਆਨ ਨਾਲ ਸੁਣੋ। ਇੱਕ ਸਮੇਂ ਪਾਂਡਵਾਂ ਦੀ ਸਭਾ ਵਿੱਚ ਸ਼੍ਰੀ ਕ੍ਰਿਸ਼ਨ ਜੀ ਬੈਠੇ ਹੋਏ ਸੀ। ਯੁਧਿਸ਼ਠਰ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਪ੍ਰਸ਼ਨ ਕੀਤਾ- ਹੇ ਭਘਵਾਨ ਨੰਦ-ਨੰਦਨ, ਗੋਬਿੰਦ! ਤੁਹਾਡੇ ਸਤਸੰਗ ਲਾਭ ਦੇ ਫਲਸਵਰੂਪ ਮੈਨੂੰ ਅਨੇਕ ਵਰਤ-ਕਥਾ ਅਤੇ ਧਰਮ ਦੇ ਪਾਵਨ ਸਵਰੂਪ ਦਾ ਗਿਆਨ ਪ੍ਰਾਪਤ ਹੋਇਆ ਹੈ। ਹੁਣ ਕ੍ਰਿਪਾ ਕਰ ਕੇ ਕੋਈ ਇਹੋ ਜਿਹੀ ਵਰਤ-ਕਥਾ ਸੁਣਾਓ ਜਿਸ ਦੇ ਕਰਨ ਨਾਲ ਮਨੁੱਖਾਂ ਨੂੰ ਪੁੱਤਰ ਸੁੱਖ ਦੀ ਪ੍ਰਾਪਤੀ ਹੋਵੇ। ਪ੍ਰਭੂ! ਬਿਨਾਂ ਪੁੱਤਰ ਜੀਵਨ ਫਿਜ਼ੂਲ ਹੈ, ਪ੍ਰਾਣੀ ਬਿਨਾਂ ਪੁੱਤਰ ਨਰਕਗਾਮੀ ਹੁੰਦਾ ਹੈ ਅਤੇ ਪ੍ਰਿਤ-ਰਿਣ ਤੋਂ ਛੁਟਕਾਰਾ ਨਹੀਂ ਮਿਲ ਸਕਦਾ ਹੈ ਅਤੇ ਨਾ ਪੁੰਣਾ ਨਾਮ ਦੇ ਨਰਕ ਤੋਂ ਮੁਕਤ ਹੋ ਸਕਦਾ ਹੈ। ਸ਼੍ਰੀ ਕ੍ਰਿਸ਼ਨ ਜੀ ਬੋਲੇ- ਹੇ ਰਾਜਨ! ਮੈਂ ਇੱਕ ਪ੍ਰਾਚੀਨ ਕਥਾ ਸੁਣਾਉਂਦਾ ਹਾਂ, ਧਿਆਨ ਨਾਲ ਸੁਣੋ। ਕੁੰਦਨਪੁਰ ਨਾਂ ਦਾ ਇੱਕ ਨਗਰ ਸੀ, ਉਸ ਵਿੱਚ ਨੰਦਾ ਨਾਮ ਦਾ ਇੱਕ ਬ੍ਰਾਹਮਣ ਰਹਿੰਦਾ ਸੀ। ਭਗਵਾਨ ਦੀ ਕ੍ਰਿਪਾ ਨਾਲ ਸਭ ਕੁੱਝ ਸੀ, ਫੇਰ ਵੀ ਉਹ ਦੁੱਖੀ ਰਹਿੰਦਾ ਸੀ। ਉਸਦਾ ਕਾਰਣ ਇਹ ਸੀ ਕਿ ਬ੍ਰਾਹਮਣ ਦੀ ਇਸਤਰੀ ਸੁਨੰਦਾ ਦੇ ਕੋਈ ਸੰਤਾਨ ਨਹੀਂ ਸੀ। ਬ੍ਰਾਹਮਣ ਦੀ ਇਸਤਰੀ ਪਤੀਵਰਤਾ ਸੀ। ਭਗਤੀ ਪੂਰਵਕ ਸ਼੍ਰੀ ਹਨੂੰਮਾਨ ਜੀ ਦੀ ਅਰਾਧਨਾ ਕਰਦੀ ਸੀ। ਮੰਗਲਵਾਰ ਦੇ ਦਿਨ ਵਰਤ ਦੇ ਅੰਤ ਵਿੱਚ ਭੋਜਨ ਬਣਾ ਕੇ ਹਨੂੰਮਾਨ ਜੀ ਦਾ ਭੋਜ ਲਗਾਉਣ ਤੋਂ ਬਾਅਦ ਆਪ ਭੋਜਨ ਕਰਦੀ ਸੀ। ਇੱਕ ਵਾਰ ਮੰਗਲਵਾਰ ਦੇ ਦਿਨ ਬ੍ਰਾਹਮਣੀ ਕੰਮ ਜ਼ਿਆਦਾ ਹੋਣ ਕਰ ਕੇ ਹਨੂੰਮਾਨ ਜੀ ਦਾ ਭੋਗ ਨਾ ਲਗਾ ਸਕੀ, ਤਾਂ ਬ੍ਰਾਹਮਣੀ ਨੂੰ ਬਹੁਤ ਦੁੱਖ ਹੋਇਆ। ਉਸ ਨੇ ਕੁਝ ਵੀ ਨਹੀਂ ਖਾਧਾ-ਪੀਤਾ, ਆਪਣੇ ਮਨ ਵਿੱਚ ਪ੍ਰਣ (ਨਿਸ਼ਚਾ) ਕਰ ਕੇ ਸੌ ਗਈ, ਹੁਣ ਤਾਂ ਅਗਲੇ ਮੰਗਲਵਾਰ ਨੂੰ ਮਹਾਵੀਰ ਜੀ ਦਾ ਭੋਗ ਲਗਾ ਕੇ ਹੀ ਅੰਨ-ਜਲ ਗ੍ਰਹਿਣ ਕਰਾਂਗੀ। ਬ੍ਰਾਹਮਣੀ ਹਰ ਰੋਜ਼ ਭੋਜਨ ਬਣਾਉਂਦੀ ਸੀ ਪਰੰਤੂ ਆਪ ਭੋਜਨ ਨਹੀਂ ਕਰਦੀ ਸੀ ਅਤੇ ਮਨ ਵਿੱਚ ਹੀ ਸ਼੍ਰੀ ਹਨੂੰਮਾਨ ਜੀ ਦੀ ਅਰਾਧਨਾ ਕਰਦੀ ਰਹਿੰਦੀ ਸੀ। ਇਸ ਤਰ੍ਹਾਂ ਛੇ ਦਿਨ ਬੀਤ ਗਏ। ਬ੍ਰਾਹਮਣੀ ਸੁਨੰਦਾ ਆਪਣੇ ਨਿਸ਼ਚਾ ਦੇ ਅਨੁਸਾਰ ਭੁੱਖੀ-ਪਿਆਸੀ ਰਹੀ, ਮੰਗਲਵਾਰ ਨੂੰ ਉਹ ਸਵੇਰੇ ਹੀ ਮੂਰਛਤ ਹੋ ਕੇ ਡਿੱਗ ਪਈ। ਉਸਦੀ ਭਗਤੀ ਦੇ ਪ੍ਰਭਾਵ ਤੋਂ ਹਨੂੰਮਾਨ ਜੀ ਪ੍ਰਸੰਨ ਹੋ ਗਏ ਅਤੇ ਪ੍ਰਗਟ ਹੋ ਕੇ ਬੋਲੇ- ਮੈਂ ਤੇਰੀ ਭਗਤੀ ਤੋਂ ਪ੍ਰਸੰਨ ਹਾਂ, ਤੂੰ ਵਰ ਮੰਗ। ਸੁਨੰਦਾ ਬੋਲੀ- ਪ੍ਰਭੂ! ਮੇਰੇ ਕੋਈ ਸੰਤਾਨ ਨਹੀਂ ਹੈ, ਕ੍ਰਿਪਾ ਕਰ ਕੇ ਪੁੱਤਰ ਜਾਂ ਕੰਨਿਆ ਪ੍ਰਦਾਨ ਕਰੋ, ਤੁਹਾਡੀ ਬੜੀ ਕ੍ਰਿਪਾ ਹੋਵੇਗੀ। ਸ਼੍ਰੀ ਮਹਾਵੀਰ ਜੀ ਬੋਲੇ- ਤੇਰੀ ਇੱਛਾ ਪੂਰਨ ਹੋਵੇਗੀ। ਤੇਰੇ ਇੱਕ ਕੰਨਿਆ ਪੈਦਾ ਹੋਵੇਗੀ ਅਤੇ ਉਸ ਦੇ ਅਸ਼ਟ-ਅੰਗ ਰੋਜ਼ ਸੋਨਾ ਦਿਆ ਕਰਨਗੇ। ਇਹ ਕਹਿ ਕੇ ਸ਼੍ਰੀ ਮਹਾਵੀਰ ਜੀ ਅਲੋਪ ਹੋ ਗਏ। ਬ੍ਰਾਹਮਣੀ ਬੜੀ ਖੁਸ਼ ਹੋਈ। ਸਾਰਾ ਸਮਾਚਾਰ ਆਪਣੇ ਪਤੀ ਨੂੰ ਕਿਹਾ। ਬ੍ਰਾਹਮਣ ਦੇਵ ਕੰਨਿਆ ਦਾ ਸਮਾਚਾਰ ਸੁਣ ਕੇ ਕੁਝ ਦੁਖੀ ਹੋਏ, ਪਰੰਤੂ ਸੋਨੇ ਦੀ ਗੱਲ ਸੁਣੀ ਤਾਂ ਬੜੇ ਖੁਸ਼ ਹੋਏ। ਵਿਚਾਰ ਕੀਤਾ ਕਿ ਕੰਨਿਆ ਦੇ ਨਾਲ ਮੇਰੀ ਗਰੀਬੀ ਵੀ ਸਮਾਪਤ ਹੋ ਜਾਵੇਗੀ।
ਸ਼੍ਰੀ ਮਹਾਵੀਰ ਜੀ ਦੀ ਕ੍ਰਿਪਾ ਨਾਲ ਉਹ ਬ੍ਰਾਹਮਣੀ ਗਰਭਵਤੀ ਹੋਈ ਅਤੇ ਦਸਵੇਂ ਮਹੀਨੇ ਉਸ ਨੂੰ ਕੰਨਿਆ ਰੂਪੀ ਰਤਨ ਦਾ ਲਾਭ ਹੋਇਆ। ਇਹ ਲੜਕੀ ਆਪਣੀ ਪਿਤਾ ਦੇ ਘਰ ਵਿੱਚ ਠੀਕ ਉਸੇ ਤਰ੍ਹਾਂ ਵੱਡੀ ਹੋਣ ਲੱਗੀ ਜਿਸ ਤਰ੍ਹਾਂ ਸ਼ੁਕਲ ਪਕਸ਼ ਦਾ ਚੰਦਰਮਾ ਵੱਡਾ ਹੁੰਦਾ ਹੈ। ਦਸਵੇਂ ਦਿਨ ਬ੍ਰਾਹਮਣ ਨੇ ਇਸ ਕੰਨਿਆ ਦਾ ਨਾਮਕਰਨ ਸੰਸਕਾਰ ਕਰਾਇਆ ਤਾਂ ਉਨ੍ਹਾਂ ਦੇ ਕੁਲ-ਪੁਰੋਹਿਤ ਨੇ ਇਸ ਕੰਨਿਆ ਦਾ ਨਾਮ ਰਤਲਬਾਲਾ ਰੱਖਿਆ, ਕਿਉਂਕਿ ਉਹ ਕੰਨਿਆ ਸੋਨਾ ਦਿਆ ਕਰਦੀ ਸੀ। ਇਸ ਕੰਨਿਆ ਨੇ ਪੂਰਵ (ਪਹਿਲੇ) ਜਨਮ ਵਿੱਚ ਬੜੇ ਹੀ ਵਿਧੀ-ਵਿਧਾਨਪੂਰਵਕ ਮੰਗਲ ਦੇਵ ਦਾ ਵਰਤ ਕੀਤਾ ਸੀ। ਰਤਨਬਾਲਾ ਦੇ ਅਸ਼ਟ-ਅੰਗ ਤੋਂ ਹਰ ਰੋਜ਼ ਕਾਫੀ ਸੋਨਾ ਮਿਲਣ ਦੇ ਕਾਰਣ ਉਹ ਬ੍ਰਾਹਮਣ ਬੜਾ ਧਨਵਾਨ ਹੋਣ ਦੇ ਨਾਲ-ਨਾਲ ਘਮੰਡੀ ਵੀ ਹੋ ਗਿਆ। ਸੁਨੰਦਾ ਨੇ ਵੇਖਿਆ ਕਿ ਉਸਦੀ ਕੰਨਿਆ ਵਿਆਹ ਦੇ ਯੋਗ ਹੋ ਗਈ ਹੈ, ਤਾਂ ਉਸ ਨੇ ਆਪਣੇ ਪਤੀ ਨੂੰ ਕਿਹਾ ਕਿ ਕੋਈ ਯੋਗਿਆ ਸੁੰਦਰ ਵਰ ਨੂੰ ਦੇਖ ਕੇ ਆਪਣੀ ਪੁੱਤਰੀ ਦਾ ਵਿਆਹ ਕਰ ਦਿਓ, ਕਿਉਂਕਿ ਸ਼ਾਸਤ੍ਰਿਆ ਵਿਧਾਨ ਦੇ ਅਨੁਸਾਰ ਅੱਠ ਸਾਲਾਂ ਦੀ ਗੌਰੀ, ਨੌ ਸਾਲਾਂ ਦੀ ਰੌਹਿਣੀ ਅਤੇ ਦਸ ਸਾਲਾਂ ਦੀ ਕੰਨਿਆ ਇਸ ਤੋਂ ਬਾਅਦ ਰਜਸਵਲਾ ਮੰਨੀ ਗਈ ਹੈ। ਗੌਰੀ ਦੇ ਦਾਨ ਨਾਲ ਪਾਤਾਲ ਲੋਕ ਅਤੋ ਰੌਹਿਣੀ ਦੇ ਦਾਨ ਨਾਲ ਬੈਕੁੰਠ ਦੀ ਪ੍ਰਾਪਤੀ ਹੁੰਦੀ ਹੈ, ਕੰਨਿਆ ਦੇ ਦਾਨ ਨਾਲ ਇਸ ਲੋਕ ਵਿੱਚ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਪਰੰਤੂ ਰਜਸਵਲਾ ਕੰਨਿਆ ਦਾ ਦਾਨ ਸ਼ਾਸਤ੍ਰ ਵਿਰੁੱਧ ਹੋਣ ਕਰ ਕੇ ਘੋਰ ਨਰਕ ਦੀ ਪ੍ਰਾਪਤੀ ਹੁੰਦੀ ਹੈ।
ਪਤਨੀ ਸੁਨੰਦਾ ਦੇ ਸ਼ਾਸਤ੍ਰ ਸਬੰਧੀ ਵਚਨਾਂ ਨੂੰ ਸੁਣ ਕੇ ਲੋਭੀ ਬ੍ਰਾਹਮਣ ਨੇ ਕਿਹਾ, ਹਾਲੇ ਤਾਂ ਰਤਬਾਲਾ ਕੇਵਲ ਦਸ ਵਰ੍ਹਿਆ ਦੀ ਹੀ ਹੋਈ ਹੈ। ਮੈਂ ਤਾਂ ਸੋਲਾਹ ਵਰ੍ਹਿਆਂ ਦੀ ਕੰਨਿਆਂ ਦੇ ਵਿਆਹ ਕਰਵਾਏ ਹਨ। ਇਸ ਲਈ ਚਿੰਤਾ ਦੀ ਕੋਈ ਗੱਲ ਨਹੀਂ। ਪਤੀ ਦੀ ਗੱਲ ਸੁਣ ਕੇ ਸੁਨੰਦਾ ਨੇ ਕਿਹਾ- ਸ਼ਾਸਤ੍ਰ ਵਿੱਚ ਕਿਹਾ ਵੀ ਹੈ ਕਿ ਜਿਹੜੇ ਮਾਤਾ-ਪਿਤਾ, ਵੱਡੇ ਭਰਾ ਰਜਸਵਲਾ ਕੰਨਿਆ ਨੂੰ ਵੇਖਦੇ ਹਨ ਉਹ ਨਰਕ-ਗਾਮੀ ਹੁੰਦੇ ਹਨ। ਬ੍ਰਾਹਮਣ ਬੋਲਿਆ- ਚੰਗਾ ਮੈਂ ਕੱਲ੍ਹ ਜ਼ਰੂਰੀ ਲੜਕਾ ਵੇਖਣ ਜਾਵਾਂਗਾ ਜਾਂ ਦੂਤ ਨੂੰ ਭੇਜਾਂਗਾ। ਦੂਜੇ ਦਿਨ ਬ੍ਰਾਹਮਣ ਨੇ ਆਪਣੇ ਦੂਤ ਨੂੰ ਬੁਲਾਇਆ ਅਤੇ ਆਗਿਆ ਦਿੱਤੀ ਕਿ ਜਿਸ ਤਰ੍ਹਾਂ ਦੀ ਮੇਰੀ ਸੁੰਦਰ ਕੰਨਿਆ ਹੈ ਉਸੇ ਤਰ੍ਹਾਂ ਦਾ ਸੁੰਦਰ ਵਰ ਤਲਾਸ਼ ਕਰੋ। ਆਪਣੇ ਸਵਾਮੀ ਦੀ ਆਗਿਆ ਪਾ ਕੇ ਦੂਤ ਨੇ ਵਰ ਲੱਭਣਾ ਸ਼ੁਰੂ ਕਰ ਦਿੱਤਾ। ਜਲਦੀ ਹੀ ਉਸ ਨੂੰ ਇੱਕ ਬ੍ਰਾਹਮਣ ਕੁਮਾਰ ਦੱਖਣਵਰਤ ਵਿੱਚ ਮਿਲ ਗਿਆ। ਬਾਲਕ ਵੇਖਣ ਵਿੱਚ ਸੁੰਦਰ ਸੀ ਅਤੇ ਬ੍ਰਾਹਮਣਾਂ ਦੇ ਸਾਰੇ ਗੁਣ ਇਸ ਬਾਲਕ ਵਿੱਚ ਸਨ। ਦੂਤ ਨੇ ਆਪਣੇ ਸਵਾਮੀ ਨੂੰ ਸੂਚਿਤ ਕੀਤਾ ਤਾਂ ਨੰਦਾ ਨੇ ਜਾ ਕੇ ਆਪ ਉਸ ਬਾਲਕ ਨੂੰ ਵੇਖਿਆ। ਇਸ ਬਾਲਕ ਦਾ ਨਾਂ ਸੋਮਦੇਵ ਸੀ ਅਤੇ ਵਿਧੀ ਪੂਰਵਕ ਆਪਣੀ ਕੰਨਿਆ ਦਾ ਵਿਆਹ ਉਸ ਬਾਲਕ ਨਾਲ ਕਰ ਦਿੱਤਾ ਅਤੇ ਕੰਨਿਆਦਾਨ ਵਿੱਚ ਕਾਫੀ ਧਨ ਦਿੱਤਾ। ਕੰਨਿਆ ਦਾ ਵਿਆਹ ਕਰ ਕੇ ਪਤੀ-ਪਤਨੀ ਨੇ ਆਪਣੇ ਆਪ ਨੂੰ ਬੜਾ ਸੁਖੀ ਅਤੇ ਭਾਗਸ਼ਾਲੀ ਸਮਝਿਆ, ਪਰੰਤੂ ਜਲਦੀ ਹੀ ਨੰਦਾ ਦੀ ਮਨੋਦਸ਼ਾ ਬਦਲ ਗਈ। ਉਸ ਨੇ ਵਿਚਾਰ ਕੀਤਾ ਕਿ ਕੰਨਿਆ ਦਾ ਵਿਆਹ ਤਾਂ ਮੈਂ ਕਰ ਹੀ ਚੁੱਕਾ ਹਾਂ। ਕੱਲ੍ਹ ਸਵੇਰ ਨੂੰ ਉਹ ਆਪਣੇ ਪਤੀ ਦੇ ਘਰ ਚਲੀ ਜਾਵੇਗੀ। ਇਸ ਤਰ੍ਹਾਂ ਹੁਣ ਮੈਨੂੰ ਪੁਤਰੀ ਰਤਨਬਾਲਾ ਦੇ ਅਸ਼ਟ-ਅੰਗਾਂ ਤੋਂ ਨਿਕਲਣ ਵਾਲਾ ਸੋਨਾ ਪ੍ਰਾਪਤ ਨਹੀਂ ਹੋਵੇਗਾ। ਹੁਣ ਇਹ ਸੋਨਾ ਇਸ ਦੇ ਪਤੀ ਨੂੰ ਪ੍ਰਾਪਤ ਹੋਵੇਗਾ। ਮੇਰੇ ਕੋਲ ਇਕੱਠਾ ਕੀਤਾ ਹੋਇਆ ਧਨ ਇਸ ਕੰਨਿਆ ਦੇ ਵਿਆਹ ਉਤੇ ਖਰਚ ਹੋ ਗਿਆ ਹੈ। ਬਾਕੀ ਬਚਿਆ ਹੋਇਆ ਧਨ ਕੁਝ ਸਮੇਂ ਨੂੰ ਖਰਚ ਹੋ ਜਾਵੇਗਾ। ਇਸ ਲਈ ਇਸ ਕੰਨਿਆ ਦਾ ਵਿਆਹ ਕਰ ਕੇ ਮੈਂ ਸਭ ਤੋਂ ਵੱਡੀ ਗਲਤੀ ਕੀਤੀ ਹੈ। ਹੁਣ ਇਕੋਂ ਤਰੀਕਾ ਹੈ ਕਿ ਇਸ ਕੰਨਿਆ ਨੂੰ ਕਿਸੇ ਤਰ੍ਹਾਂ ਆਪਣੇ ਘਰ ਵਿੱਚ ਰੱਖਿਆ ਜਾਵੇ ਅਤੇ ਇਹ ਸੌਹਰੇ ਨਾ ਜਾਵੇ। ਇਸ ਉਤੇ ਨੰਦਾ ਵਿਚਾਰ ਕਰਦਾ-ਕਰਦਾ ਸਾਰੀ ਰਾਤ ਜਾਗਦਾ ਰਿਹਾ। ਅੰਤ ਵਿੱਚ ਉਸ ਨੇ ਧਰਮ ਦੇ ਵਿਰੁੱਧ ਫੈਸਲਾ ਕੀਤਾ ਕਿ ਜਦੋਂ ਕੰਨਿਆ ਨੂੰ ਲੈ ਕੇ ਉਸ ਦਾ ਪਤੀ (ਸੋਮਦੇਵ) ਆਪਣੇ ਘਰ ਜਾਵੇਗਾ ਤਾਂ ਉਹ ਰਾਹ ਵਿੱਚ ਛੁੱਪ ਕੇ ਉਸ ਦੀ ਹੱਤਿਆ ਕਰ ਦੇਵੇਗਾ ਅਤੇ ਆਪਣੀ ਕੰਨਿਆ ਨੂੰ ਸਮਝਾ-ਬੁਝਾ ਕੇ ਆਪਣੇ ਘਰ ਲੈ ਆਵੇਗਾ। ਵਿਧਵਾ ਅਤੇ ਬੇਸਹਾਰਾ ਪੁੱਤਰੀ ਨੂੰ ਘਰ ਵਿੱਚ ਰੱਖਣ ਤੇ ਸਮਾਜ ਵੀ ਮੇਰੀ ਨਿੰਦਾ ਨਹੀਂ ਕਰੇਗਾਅਤੇ ਸੋਨਾ ਮੈਨੂੰ ਪਹਿਲਾਂ ਦੀ ਤਰ੍ਹਾਂ ਪੁੱਤਰੀ ਤੋਂ ਪ੍ਰਾਪਤ ਹੁੰਦਾ ਰਹੇਗਾ।
ਸਵੇਰ ਹੋਣ ਤੇ ਨੰਦਾ ਤੇ ਸੁਨੰਦਾ ਨੇ ਆਪਣੇ ਜਵਾਈ ਅਤੇ ਲੜਕੀ ਨੂੰ ਖੂਬ ਧਨ ਦੇ ਕੇ ਵਿਦਾ ਕੀਤਾ। ਸੋਮਦੇਵ ਆਪਣੀ ਪਤਨੀ ਰਤਲਬਾਲਾ ਨੂੰ ਸੌਹਰਿਆਂ ਤੋਂ ਆਪਣੇ ਘਰ ਵੱਲ ਲੈ ਕੇ ਚੱਲ ਪਿਆ ਅਤੇ ਸੋਨੇ ਦਾ ਲੋਭੀ ਨੰਦਾ ਸੋਮਦੇਵ ਦੀ ਹੱਤਿਆ ਕਰਨ ਲਈ ਰਸਤੇ ਵਿੱਚ ਛੁੱਪ ਗਿਆ। ਚੰਗਾ ਜਿਹਾ ਮੌਕਾ ਪਾ ਕੇ ਨੰਦਾ ਨੇ ਆਪਣੇ ਜਵਾਈ ਸੋਮਦੇਵ ਨੂੰ ਮਾਰ ਦਿੱਤਾ ਅਤੇ ਆਪਣੀ ਲੜਕੀ ਰਤਲਬਾਲਾ ਦੇ ਕੋਲ ਜਾ ਕੇ ਬੋਲਿਆ- ਹੇ ਪੁੱਤਰੀ! ਰਸਤੇ ਵਿੱਚ ਲੁਟੇਰਿਆਂ ਨੇ ਤੇਰੇ ਪਤੀ ਦੀ ਹੱਤਿਆ ਕਰ ਦਿੱਤੀ ਹੈ, ਹੁਣ ਤੂੰ ਘਰ ਚੱਲ। ਉਥੇ ਰਹਿ ਕੇ ਆਪਣੇ ਬਾਕੀ ਜੀਵਨ ਨੂੰ ਬਿਤਾਉਣਾ। ਭਗਵਾਨ ਦੀ ਇੱਛਾ ਦੇ ਅੱਗੇ ਕਿਸੇ ਦਾ ਕੋਈ ਵੱਸ ਨਹੀਂ ਚੱਲਦਾ। ਉਸਨੂੰ ਜੋ ਚੰਗਾ ਲੱਗਦਾ ਹੈ ਉਹੀ ਕਰਦਾ ਹੈ ਅਤੇ ਹੇ ਪੁੱਤਰੀ! ਜੋ ਕਿਸਮਤ ਵਿੱਚ ਲਿਖਿਆ ਹੈ ਉਹੀ ਹੋਵੇਗਾ, ਇਸ ਵਿੱਚ ਕਿਸੇ ਦਾ ਕੋਈ ਵੱਸ ਨਹੀਂ ਹੈ। ਆਪਣੇ ਪਿਤਾ ਦੇ ਕੋਲੋਂ ਆਪਣੇ ਪਤੀ ਦੀ ਮੌਤ ਦਾ ਸਮਾਚਾਰ ਸੁਣ ਕੇ ਰਤਨਬਾਲਾ ਬਹੁਤ ਦੁਖੀ ਹੋਈ ਅਤੇ ਵਿਰਲਾਪ ਕਰਨ ਲੱਗੀ ਅਤੇ ਆਪਣੇ ਪਿਤਾ ਨੂੰ ਕਹਿਣ ਲੱਗੀ- ਹੇ ਪਿਤਾ ਜੀ! ਇਸ ਸੰਸਾਰ ਵਿੱਚ ਜਿਹੜੀ ਇਸਤਰੀ ਦਾ ਪਤੀ ਨਹੀਂ ਹੈ, ਉਸ ਇਸਤਰੀ ਦਾ ਜੀਊਣਾ ਫਿਜ਼ੂਲ ਹੈ। ਮੈਂ ਆਪਣੇ ਪਤੀ ਦੇ ਨਾਲ ਹੀ ਆਪਣੇ ਸਰੀਰ ਨੂੰ ਜਲਾ ਦੇਵਾਂਗੀ ਅਤੇ ਆਪਣੇ ਇਸ ਜਨਮ ਅਤੇ ਮਾਤਾ-ਪਿਤਾ ਦੇ ਨਾਮ ਅਤੇ ਸੱਸ-ਸੌਹਰੇ ਦੇ ਯਸ਼ ਨੂੰ ਸਾਰਥਕ ਕਰਾਂਗੀ। ਮੈਂ ਹੁਣ ਵਾਪਿਸ ਆਪਣੇ ਘਰ ਨਹੀਂ ਜਾਵਾਂਗੀ। ਆਪਣੀ ਕੰਨਿਆ ਰਤਲਬਾਲਾ ਦੀ ਗੱਲ ਸੁਣ ਕੇ ਬ੍ਰਾਹਮਣ ਬਹੁਤ ਦੁਖੀ ਹੋਇਆ। ਉਹ ਵਿਚਾਰ ਕਰਨ ਲੱਗਾ- ਮੈਨੂੰ ਇਸ ਦੇ ਪਤੀ ਦੀ ਹੱਤਿਆ ਕਰਨ ਦਾ ਕੋਈ ਲਾਭ ਨਹੀਂ ਹੋਇਆ ਕਿਉਂਕਿ ਰਤਨਬਾਲਾ ਇਸ ਦੇ ਪਿੱਛੇ ਆਪਣੀ ਜਾਨ ਤੱਕ ਦੇਣ ਨੂੰ ਤਿਆਰ ਹੈ। ਮੇਰੇ ਲਈ ਹੁਣ ਧਨ ਪ੍ਰਾਪਤ ਨਹੀਂ ਹੋਵੇਗਾ। ਮੇਰਾ ਤਾਂ ਦੋਨੋਂ ਪਾਸਿਓ ਮਰਨ ਹੋ ਗਿਆ ਅਤੇ ਇਹ ਸੋਚ ਕੇ ਬਹੁਤ ਹੀ ਰੋਣ ਲੱਗਾ।
ਸੋਮਦੇਵ ਦੀ ਚਿਤਾ ਬਣਾਈ ਗਈ। ਸੋਮਦੇਵ ਦੀ ਪਤਨੀ ਰਤਨਬਾਲਾ ਸਤੀ ਹੋਣ ਦੀ ਇੱਛਾ ਨਾਲ ਆਪਣੇ ਪਤੀ ਦਾ ਸਿਰ ਆਪਣੀ ਗੋਦ ਵਿੱਚ ਰੱਖ ਕੇ ਚਿਤਾ ਤੇ ਬੈਠ ਗਈ। ਜਿਸ ਵੇਲੇ ਅੱਗ ਲਗਾਈ ਗਈ ਉਸ ਵੇਲੇ ਹੀ ਮੰਗਲਦੇਵ ਪ੍ਰਸੰਨ ਹੋ ਗਏ ਅਤੇ ਬੋਲੇ- ਹੇ ਰਤਨਬਾਲਾ! ਮੈਂ ਤੇਰੀ ਪਤੀ-ਭਗਤੀ ਤੋਂ ਖੁਸ਼ ਹਾਂ, ਤੂੰ ਵਰ ਮੰਗ। ਰਤਨਬਾਲਾ ਨੇ ਆਪਣੇ ਪਤੀ-ਦੇਵ ਦਾ ਜੀਵਨ ਦਾਨ ਮੰਗਿਆ। ਮੰਗਲਦੇਵ ਬੋਲੇ- ਰਤਨਬਾਲਾ! ਤੇਰਾ ਪਤੀ ਅਜਰ, ਅਮਰ ਅਤੇ ਮਹਾਵਿਦਵਾਨ ਹੋ ਜਾਵੇਗਾ ਅਤੇ ਹੋਰ ਵੀ ਜਿਹੜੀ ਤੇਰੀ ਇੱਛਾ ਹੋਵੇ ਵਰ ਮੰਗ। ਰਤਨਬਾਲਾ ਬੋਲੀ- ਹੇ ਗ੍ਰਹਿਆਂ ਦੇ ਸਵਾਮੀ! ਜੇਕਰ ਤੁਸੀਂ ਮੇਰੇ ਤੇ ਪ੍ਰਸੰਨ ਹੋ ਤਾਂ ਤੁਸੀਂ ਮੈਨੂੰ ਇਹ ਵਰਦਾਨ ਦਿਉ ਕਿ ਜਿਹੜਾ ਤੁਹਾਡਾ ਮੰਗਲਵਾਰ ਦੇ ਦਿਨ ਸਵੇਰੇ ਲਾਲ ਪੁਸ਼ਪ (ਫੁੱਲ), ਲਾਲ ਚੰਦਨ ਨਾਲ ਪੂਜਾ ਕਰ ਕੇ ਤੁਹਾਡਾ ਸਮਰਨ ਕਰੇ ਉਸ ਨੂੰ ਰੋਗ ਅਤੇ ਵਿਆਧਿ ਕਦੇ ਨਾ ਹੋਵੇ। ਉਸ ਦਾ ਸਵਜਨਾਂ ਨਾਲੋਂ ਕਦੇ ਵੀ ਵਿਛੋੜਾ ਨਾ ਹੋਵੇ ਅਤੇ ਸੱਪ, ਅੱਗ ਅਤੇ ਦੁਸ਼ਮਣਾਂ ਦਾ ਡਰ ਨਾ ਰਹੇ। ਜਿਹੜੀ ਇਸਤਰੀ ਮੰਗਲਵਾਰ ਦਾ ਵਰਤ ਰੱਖੇ, ਉਹ ਕਦੇ ਵੀ ਵਿਧਵਾ ਨਾ ਹੋਵੇ ਅਤੇ ਉਸ ਨੂੰ ਅਨੇਕਾਂ ਪੁੱਤਰ ਅਤੇ ਪੋਤਰਿਆਂ ਦੀ ਪ੍ਰਾਪਤੀ ਹੋਵੇ। ਮੰਗਲਦੇਵ ‘ਤਥਾਅਸਤੂ’ ਕਹਿ ਕੇ ਅਲੋਪ ਹੋ ਗਏ। ਸੋਮਦੇਵ ਮੰਗਲਦੇਵ ਦੀ ਕ੍ਰਿਪਾ ਨਾਲ ਜੀਵਤ ਹੋ ਗਿਆ। ਰਤਨਬਾਲਾ ਆਪਣੇ ਪਤੀ ਨੂੰ ਪ੍ਰਾਪਤ ਕਰ ਕੇ ਬਹੁਤ ਹੀ ਪ੍ਰਸੰਨ ਹੋਈ ਅਤੇ ਮੰਗਲਵਾਰ ਦਾ ਵਰਤ ਹਰ ਮੰਗਲਵਾਰ ਨੂੰ ਰੱਖ ਕੇ ਵਰਤਰਾਜ ਅਤੇ ਮੰਗਲਦੇਵ ਦੀ ਕ੍ਰਿਪਾ ਨਾਲ ਇਸ ਲੋਕ ਵਿੱਚ ਹਰ ਪ੍ਰਕਾਰ ਦੇ ਸੁੱਖਾਂ ਨੂੰ ਭੋਗ ਕੇ ਅੰਤ ਵਿੱਚ ਪਤੀ ਦੇ ਨਾਲ ਸਵਰਗ ਲੋਕ ਨੂੰ ਸਿਧਾਰ ਗਈ।

ਸ਼੍ਰੀ ਹਨੂੰਮਾਨ ਜੀ ਦੀ ਆਰਤੀ

ਆਰਤੀ ਕੀਜੈ ਹਨੂੰਮਾਨ ਲਲਾ ਕੀ। ਦੁਸ਼ਟ ਦਲਨ ਰਘੂਨਾਥ ਕਲਾ ਕੀ ॥ ਟੇਕ॥
ਜਾਕੇ ਬਲ ਸੇ ਗਿਰਵਰ ਕਾਂਪੈ। ਰੋਗ ਦੋਸ਼ ਜਾਕੇ ਨਿਕਟ ਨਾ ਝਾਂਕੇ ॥ 1॥
ਅੰਜਨੀ ਪ੍ਰਤੁ ਮਹਾ ਬਲਦਾਈ। ਸੰਤਨ ਕੇ ਪ੍ਰਭੂ ਸਦਾ ਸਹਾਈ ॥ 2॥
ਦੇ ਬੀਰਾ ਰਘੂਨਾਥ ਪਠਾਏ। ਲੰਕਾ ਜਾਰਿ ਸਿਯਾ ਸੁਧਿ ਲਾਏ ॥ 3॥
ਲੰਕਾ ਸੋ ਕੋਟ ਸਮੁਦ੍ਰ ਸੀ ਖਾਈ। ਜਾਤ ਪਵਨ ਸੁਤ ਬਾਰ ਨਾ ਲਾਈ ॥ 4॥
ਲੰਕਾ ਸਾਰਿ ਅਸੁਰ ਸਬ ਮਾਰੇ। ਸਿਯਾ ਰਾਮ ਕੇ ਕਾਜ ਸੰਵਾਰੇ ॥ 5॥
ਲਛਮਣ ਮੂਰਛਿਤ ਪਰੇ ਸਕਾਰੇ। ਆਨਿ ਸਜੀਵਨ ਪ੍ਰਾਨ ਉਭਾਰੇ ॥ 6॥
ਪੈਠ ਪਤਾਲ ਤੋਰਿ ਜਮ ਕਾਰੇ। ਅਹਿਰਾਵਣ ਕੀ ਭੁਜਾ ਉਖਾਰੇ ॥ 7॥
ਬਾਯੇਂ ਭੁਜਾ ਅਸੁਰ ਦਲ ਮਾਰੇ। ਦਾਹਿਨੇ ਭੁਜਾ ਸੰਤ ਜਨ ਤਾਰੇ ॥ 8॥
ਸੁਰ ਨਰ ਮੁਨਿ ਜਨ ਆਰਤੀ ਉਤਾਰੇਂ। ਜੈ ਜੈ ਜੈ ਹਨੂੰਮਾਨ ਉਚਾਰੇਂ ॥ 9॥
ਕੰਚਨ ਥਾਰ ਕਪੂਰ ਲੌ ਛਾਈ। ਆਰਤੀ ਕਰਤ ਅੰਜਨਾ ਮਾਈ ॥ 10॥
ਜੋ ਹਨੂੰਮਾਨ ਜੀ ਕੀ ਆਰਤੀ ਗਾਵੇ। ਬਸਿ ਬੈਕੁੰਠ ਪਰਮ ਪਦ ਪਾਵੇ ॥ 11॥
ਲੰਕਾ ਵਿਧਵੰਸ ਕੀਨਹ ਰਘੂਰਾਈ। ਤੁਰਸੀਦਾਸ ਸਵਾਮੀ ਆਰਤੀ ਗਾਈ ॥ 12॥

ਸ਼੍ਰੀ ਮੰਗਲਦੇਵ ਜੀ ਕੀ ਆਰਤੀ

ਮੰਗਲ ਰੂਪ ਅਮੰਗਲ ਹਾਰੀ, ਜੈ-ਜੈ ਮੰਗਲ ਦੇਵ ਮਹਾਮਯ।
ਸਰਵ ਸ਼ਕਤੀ ਅਤੁਲਿਤ ਬਲਧਾਰੀ, ਭਯ ਭਯ ਹਾਰੀ॥
ਰੋਗ ਸ਼ੋਕ ਭਵਤਾਪ ਨਿਵਾਰੀ ਜੈ-ਜੈ ਮੰਗਲ ਦੇਵ ਮਹਾਮਯ।
ਕ੍ਰਿਪਾ ਦਰਿਸ਼ਟੀ, ਅਨੁਰਾਗ ਵਿਹਾਰੀ ਮੰਗਲਰੂਪ ਅਮੰਗਲਹਾਰੀ॥
ਜੈ-ਜੈ ਮੰਗਲ ਦੇਵ ਮਹਾਮਯ ਮਹਿਮਾ ਧਾਰੀ।
ਕਲਿਮਲ ਕਲੁਸ਼ ਕਸ਼ਟ ਦੁਖ ਹਾਰੀ ਮੰਗਲ ਰੂਪ ਅਮੰਗਲ ਹਾਰੀ॥
ਜੈ-ਜੈ ਸ਼੍ਰੀ ਮੰਗਲ ਦੇਵ ਮਹਾਮਯ ਮਹਿਮਾ ਧਾਰੀ।

Scroll To Top