Home / ਚਲੀਸੇ ਅਤੇ ਵਾਰਾਂ ਦੀ ਵਰਤ ਕਥਾ / ਬੁੱਧਵਾਰ ਵਰਤ ਕਥਾ

ਬੁੱਧਵਾਰ ਵਰਤ ਕਥਾ

ਬੁੱਧਵਾਰ ਦੇ ਵਰਤ ਦੀ ਵਿਧੀ – ਗ੍ਰਹਿ ਸ਼ਾਂਤੀ ਅਤੇ ਸਭ ਸੁੱਖਾਂ ਦੀ ਪ੍ਰਾਪਤੀ ਲਈ ਬੁੱਧਵਾਰ ਦਾ ਵਰਤ ਕਰਨਾ ਚਾਹੀਦਾ ਹੈ। ਇਸ ਵਰਤ ਵਾਲੇ ਦਿਨ ਵਿੱਚ ਕੇਵਲ ਇੱਕੋਂ ਵੇਲੇ ਹੀ ਭੋਜਨ ਕਰਨਾ ਹੁੰਦਾ ਹੈ। ਇਸ ਦਿਨ ਹਰੀਆਂ ਚੀਜ਼ਾਂ ਦਾ ਸੇਵਨ ਵਿਸ਼ੇਸ਼ ਫਲਦਾਇਕ ਹੁੰਦਾ ਹੈ। ਇਸ ਦਿਨ ਸ਼ੰਕਰ ਜੀ ਮਹਾਰਾਜ ਦਾ ਪੂਜਨ ਕਰਨ ਤੋਂ ਬਾਅਦ ਬੁੱਧਵਾਰ ਦੀ ਕਥਾ ਸੁਣਨੀ ਚਾਹੀਦੀ ਹੈ।

ਬੁੱਧਵਾਰ ਵਰਤ ਦੀ ਕਥਾ – ਇੱਕ ਸਮੇਂ ਇੱਕ ਆਦਮੀ ਆਪਣੇ ਸਹੁਰੇ ਗਿਆ ਅਤੇ ਕੁਝ ਦਿਨਾਂ ਤੱਕ ਉਥੇ ਰਹਿਣ ਤੋਂ ਬਾਅਦ ਆਪਣੀ ਪਤਨੀ ਸਹਿਤ ਵਾਪਿਸ ਜਾਣ ਦੀ ਆਪਣੇ ਸਹੁਰਿਆਂ ਤੋਂ ਆਗਿਆ ਮੰਗੀ ਪਰ ਉਸ ਦੇ ਸਹੁਰੇ ਵਾਲਿਆਂ ਨੇ ਉਤਰ ਦਿੱਤਾ- ਅੱਜ ਤਾਂ ਬੁੱਧਵਾਰ ਦਾ ਦਿਨ ਹੈ, ਅੱਜ ਵਿਦਾ ਨਹੀਂ ਕਰਾਂਗੇ, ਤੁਸੀਂ ਕੱਲ੍ਹ ਚਲੇ ਜਾਣਾ। ਪਰੰਤੂ ਉਸ ਦੇ ਵਾਰ-ਵਾਰ ਕਹਿਣ ’ਤੇ ਉਨ੍ਹਾਂ ਨੇ ਦੋਵਾਂ ਨੂੰ ਵਿਦਾ ਕਰ ਦਿੱਤਾ। ਜਦੋਂ ਉਹ ਕੁਝ ਦੂਰ ਗਏ ਤਾਂ ਉਸਦੀ ਪਤਨੀ ਨੇ ਕਿਹਾ- ਮੈਨੂੰ ਪਿਆਸ ਲੱਗੀ ਹੈ, ਜੇਕਰ ਤੁਸੀਂ ਪਾਣੀ ਲੈ ਆਓ ਤਾਂ ਮੈਂ ਪੀ ਲਵਾਂਗੀ। ਉਹ ਏਨਾ ਸੁਣ ਕੇ ਰੱਥ ਤੋਂ ਉਤਰਿਆ ਅਤੇ ਪਾਣੀ ਲੈਣ ਲਈ ਚਲਾ ਗਿਆ ਅਤੇ ਜਦੋਂ ਵਾਪਿਸ ਆਇਆ ਤਾਂ ਕੀ ਵੇਖਦਾ ਹੈ ਕਿ ਉਸ ਦੀ ਪਤਨੀ ਕਿਸੇ ਹੋਰ ਆਦਮੀ ਦੇ ਲੋਟੇ ਵਿੱਚੋਂ ਪਾਣੀ ਪੀ ਰਹੀ ਸੀ ਅਤੇ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ। ਗੁੱਸੇ ਵਿੱਚ ਆ ਕੇ ਉਹ ਉਸ ਆਦਮੀ ਦੇ ਨਾਲ ਝਗੜਾ ਕਰਨ ਲੱਗ ਪਿਆ। ਪਰੰਤੂ ਇਹ ਦੇਖ ਕੇ ਉਸ ਦੀ ਹੈਰਾਨੀ ਦੀ ਹੱਦ ਨਾ ਹੋਈ ਕਿ ਉਸ ਆਦਮੀ ਦੀ ਸ਼ਕਲ ਉਸ ਦੇ ਨਾਲ ਬਿਲਕੁਲ ਮਿਲਦੀ ਸੀ। ਇਕੋ ਜਿਹੀਆਂ ਸ਼ਕਲਾਂ ਦੇ ਆਦਮੀਆਂ ਨੂੰ ਝਗੜਦੇ ਹੋਏ ਦੇਖ ਕੇ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ, ਸਿਪਾਹੀ ਵੀ ਆ ਗਿਆ। ਸਿਪਾਹੀ ਨੇ ਇਸਤਰੀ ਤੋਂ ਪੁੱਛਿਆ ਕਿ ਇਨ੍ਹਾਂ ਦੋਵਾਂ ਵਿੱਚੋਂ ਕਿਹੜਾ ਆਦਮੀ ਤੇਰਾ ਪਤੀ ਹੈ, ਤਾਂ ਉਹ ਵਿਚਾਰੀ ਮੁਸ਼ਕਿਲ ਵਿੱਚ ਪੈ ਗਈ ਕਿਉਂਕਿ ਦੋਵਾਂ ਦੀ ਸ਼ਕਲ ਇੱਕ-ਦੂਜੇ ਨਾਲ ਬਿਲਕੁਲ ਮਿਲਦੀ ਸੀ। ਹੁਣ ਉਸ ਆਦਮੀ ਦੀ ਅੱਖ ਭਰ ਆਈ। ਉਹ ਬੁਧ ਦੇਵ ਨੂੰ ਪ੍ਰਾਰਥਨਾ ਕਰਨ ਲੱਗਾ ਕਿ ਹੇ ਭਗਵਾਨ, ਤੁਸੀਂ ਮੇਰੀ ਅਤੇ ਮੇਰੀ ਪਤਨੀ ਦੀ ਰੱਖਿਆ ਕਰੋ। ਮੇਰੇ ਕੋਲੋਂ ਬੜੀ ਭੁੱਲ ਹੋ ਗਈ ਜਿਹੜਾ ਮੈਂ ਬੁੱਧਵਾਰ ਨੂੰ ਆਪਣੀ ਪਤਨੀ ਨੂੰ ਵਿਦਾ ਕਰ ਕੇ ਲਿਆਇਆ। ਭਵਿੱਖ ਵਿੱਚ ਇਸ ਤਰ੍ਹਾਂ ਦਾ ਅਪਰਾਧ ਕਦੇ ਵੀ ਨਹੀਂ ਕਰਾਂਗਾ।
ਉਸ ਦੀ ਇਹ ਪ੍ਰਾਰਥਣਾ ਬੁੱਧ ਦੇਵ ਨੇ ਪ੍ਰਵਾਨ ਕੀਤੀ ਅਤੇ ਦੂਜੇ ਆਦਮੀ ਦੇ ਰੂਪ ਵਾਲੇ ਬੁੱਧ ਦੇਵ ਅਲੋਪ ਹੋ ਗਏ ਅਤੇ ਉਹ ਆਦਮੀ ਕੁਸ਼ਲਤਾ ਸਹਿਤ ਆਪਣੀ ਪਤਨੀ ਦੇ ਨਾਲ ਆਪਣੇ ਘਰ ਪੁੱਜ ਗਿਆ। ਉਸ ਦਿਨ ਤੋਂ ਬਾਅਦ ਪਤੀ-ਪਤਨੀ ਨਿਯਮ-ਪੂਰਵਕ ਬੁੱਧਵਾਰ ਦਾ ਵਰਤ ਰੱਖਣ ਲੱਗੇ। ਇਸ ਕਥਾ ਨੂੰ ਜਿਹੜਾ ਸੁਣਦਾ ਅਤੇ ਕਹਿੰਦਾ ਹੈ, ਉਸ ਨੂੰ ਬੁੱਧਵਾਰ ਦੇ ਦਿਨ ਯਾਤਰਾ ਕਰਨ ’ਤੇ ਵੀ ਕੋਈ ਦੋਸ਼ ਨਹੀਂ ਲੱਗਦਾ ਅਤੇ ਉਹ ਸੁੱਖ-ਸ਼ਾਂਤੀ ਪ੍ਰਾਪਤ ਕਰਦਾ ਹੈ।

ਆਰਤੀ ਬੁੱਧਵਾਰ ਦੀ
ਆਰਤੀ ਯੁਗਲ ਕਿਸ਼ੋਰ ਕੀ ਕੀਜੈ। ਤਨ ਮਨ ਧਨ ਨਛਾਵਰ ਕੀਜੇ ॥ ਟੇਕ॥
ਗੌਰ ਸ਼ਿਆਮ ਮੁਖ ਨਿਰਖਤ ਲੀਜੈ। ਹਰਿ ਕਾ ਸਵਰੂਪ ਨਯਨ ਭਰਿ ਪੀਜੈ॥
ਰਵੀ ਸ਼ਸ਼ੀ ਕੋਟਿ ਬਦਨ ਕੀ ਸ਼ੋਭਾ। ਤਾਹਿ ਨਿਰਖਿ ਮੇਰੋ ਮਨ ਲੋਭਾ॥
ਔੜ੍ਹੇ ਨੀਲ ਪੀਤ ਪਟ ਸਾਰੀ। ਕੁੰਜ ਬਿਹਾਰੀ ਗਿਰਿਵਰ ਧਾਰੀ॥
ਫੂਲਨ ਕੀ ਮੇਜ ਫੂਲਨ ਕੀ ਮਾਲਾ। ਰਤਨ ਸਿੰਘਾਸਨ ਬੈਠੇ ਨੰਦ ਲਾਲਾ॥
ਮੋਰ ਮੁਕੁਟ ਮੁਰਲੀ ਕਰ ਸੋਹੇ। ਨਟਵਰ ਕਲਾ ਦੇਖਿ ਮਨ ਮੋਹੇ॥
ਕੰਚਨ ਥਾਰ ਕਪੂਰ ਕੀ ਬਾਤੀ। ਹਰਿ ਆਏ ਨਿਰਮਲ ਭਈ ਛਾਤੀ॥
ਸ਼੍ਰੀ ਪਰਸ਼ੋਤਮ ਗਿਰਿਵਰਧਾਰੀ। ਆਰਤੀ ਕਰੇ ਸਕਲ ਬ੍ਰਜ ਨਾਰੀ॥
ਨੰਦ ਨੰਦਨ ਵਰਿਜਭਾਨ ਕਿਸ਼ੋਰੀ। ਪਰਮਾਨੰਦ ਸਵਾਮੀ ਅਵਿਚਲ ਜੋਰੀ॥

Scroll To Top