ਸ਼ਨੀਵਾਰ ਵਰਤ ਕਥਾ

ਸ਼ਨੀਵਾਰ ਦੇ ਵਰਤ ਦੀ ਵਿਧੀ – ਸ਼ਨੀਦੇਵ ਦਾ ਵਰਤ ਸ਼ਨੀਵਾਰ ਨੂੰ ਕੀਤਾ ਜਾਂਦਾ ਹੈ। ਇਸ ਦਿਨ ਵਰਤ ਰੱਖਣ ਵਾਲਾ ਆਦਮੀ ਇੱਕੋ ਹੀ ਵੇਲੇ ਭੋਜਨ ਕਰਦਾ ਹੈ। ਭੋਜਨ ਵਿੱਚ ਕਾਲੇ ਤਿਲ ਅਤੇ ਕਾਲੇ ਉੜਦ ਦਾ ਵਿਸ਼ੇਸ਼ ਮਹੱਤਵ ਹੈ। ਸ਼ਨੀਦੇਵ ਦੀ ਪੂਜਾ ਵਿੱਚ ਤਾਂਬੇ ਦੇ ਪੈਸੇ, ਤੇਲ, ਕਾਲੇ ਉੜਦ ਅਤੇ ਕਾਲਾ ਕੱਪੜਾ ਚੜ੍ਹਾਇਆ ਜਾਂਦਾ ਹੈ। ਸ਼ਨੀਦੇਵ ਦਾ ਵਰਤ ਸ਼ਨੀ ਗ੍ਰਹਿ ਦੇ ਕਸ਼ਟਾਂ ਨੂੰ ਦੂਰ ਕਰਨ ਵਿੱਚ ਸਹਾਇਕ ਹੁੰਦਾ ਹੈ। ਸ਼ਨੀ ਸਤ੍ਰੋਤ ਦਾ ਪਾਠ ਖਾਸ ਲਾਭ ਦੇਣ ਵਾਲਾ ਹੁੰਦਾ ਹੈ।

ਸ਼ਨੀਵਾਰ ਦੀ ਕਥਾ – ਇੱਕ ਦਿਨ ਸੂਰਜ, ਚੰਦਰਮਾ, ਮੰਗਲ, ਬੁੱਧ, ਬ੍ਰਹਿਸਪਤੀ, ਸ਼ੁੱਕਰਸ਼ ਸ਼ਨੀ, ਰਾਹੂ ਅਤੇ ਕੇਤੂ- ਇਨ੍ਹਾਂ ਨੌ ਗ੍ਰਹਿਆਂ ਦਾ ਇਸ ਗੱਲ ਨੂੰ ਲੈ ਕੇ ਆਪਸ ਵਿੱਚ ਝਗੜਾ ਹੋ ਗਿਆ ਕਿ ਸਾਡੇ ਵਿੱਚੋਂ ਸਭ ਤੋਂ ਵੱਡਾ ਕੌਣ ਹੈ। ਸਾਰੇ ਆਪਣੇ ਆਪ ਨੂੰ ਵੱਡਾ ਕਹਿੰਦੇ ਸੀ। ਜਦੋਂ ਆਪਸ ਵਿੱਚ ਕੋਈ ਫ਼ੈਸਲਾ ਨਾ ਕਰ ਸਕੇ ਤਾਂ ਸਾਰੇ ਇੰਦਰ ਦੇ ਕੋਲ ਗਏ ਅਤੇ ਕਿਹਾ ਤੁਸੀਂ ਦੱਸੋਂ ਕਿ ਸਾਡੇ ਵਿੱਚੋਂ ਸਭ ਤੋਂ ਵੱਡਾ ਕੋਣ ਹੈ। ਇੰਦਰ ਨੇ ਸੋਚਿਆ ਕਿ ਜੇਕਰ ਮੈਂ ਕਿਸੇ ਇੱਕ ਗ੍ਰਹਿ ਨੂੰ ਮਹਾਨ ਕਹਿ ਦੇਵਾਂਗਾ ਤਾਂ ਬਾਕੀ ਅੱਠ ਗ੍ਰਹਿ ਮੇਰੇ ਤੋਂ ਨਾਰਾਜ਼ ਹੋ ਜਾਣਗੇ। ਇਸ ਲਈ ਉਸ ਨੇ ਇੱਕ ਤਰੀਕਾ ਸੋਚਿਆ ਉਹ ਹੱਥ ਜੋੜ ਕੇ ਕਹਿਣ ਲੱਗਾ- ਦੇਵਗਣ! ਇਸ ਸਮੇਂ ਧਰਤੀ ਉਤੇ ਰਾਜਾ ਵਿਕਰਮਾਦਿੱਤ ਰਾਜ ਕਰਦਾ ਹੈ। ਤੁਸੀਂ ਸਾਰੇ ਉਸ ਦੇ ਕੋਲ ਜਾਓ। ਉਹ ਬੜਾ ਨਿਆਂ-ਪਸੰਦ ਹੈ। ਸਾਰੇ ਦੇਵਤਾ ਵਿਕਰਮਾਦਿੱਤ ਦੇ ਦਰਬਾਰ ਵਿੱਚ ਪੁੱਜੇ ਅਤੇ ਆਪਣਾ ਪ੍ਰਸ਼ਨ ਰਾਜਾ ਦੇ ਸਾਹਮਣੇ ਰੱਖਿਆ। ਰਾਜਾ ਉਨ੍ਹਾਂ ਦੀ ਗੱਲ ਸੁਣ ਕੇ ਬੜੀ ਚਿੰਤਾ ਵਿੱਚ ਪੈ ਗਿਆ ਕਿ ਮੈਂ ਕਿਸ ਨੂੰ ਵੱਡਾ ਅਤੇ ਕਿਸ ਨੂੰ ਛੋਟਾ ਦੱਸਾਂ। ਜਿਸ ਨੂੰ ਛੋਟਾ ਕਹਾਂਗਾ ਉਹ ਹੀ ਗੁੱਸਾ ਕਰੇਗਾ। ਪਰੰਤੂ ਉਨ੍ਹਾਂ ਦਾ ਝਗੜਾ ਖ਼ਤਮ ਕਰਨ ਲਈ ਰਾਜੇ ਨੇ ਇੱਕ ਤਰੀਕਾ ਸੋਚਿਆ ਕਿ ਸੋਨਾ, ਚਾਂਦੀ, ਕਾਂਸਾ, ਪਿੱਤਲ, ਸ਼ੀਸ਼ਾ, ਰਾਂਗਾ, ਜਿਸਤ, ਅਭਰਕ, ਲੋਹਾ ਆਦਿ ਨੌਂ ਧਾਤਾਂ ਦੇ ਨੌਂ ਆਸਣ ਬਣਵਾਏ ਅਤੇ ਸਾਰੇ ਆਸਣਾਂ ਨੂੰ ਕ੍ਰਮ ਨਾਲ ਜਿਵੇਂ, ਸੋਨਾ ਸਭ ਤੋਂ ਪਹਿਲਾਂ ਅਤੇ ਲੋਹਾ ਸਭ ਤੋਂ ਪਿੱਛੇ ਲਗਾਇਆ ਗਿਆ। ਇਸ ਤੋਂ ਬਾਅਦ ਰਾਜਾ ਨੇ ਸਭ ਗ੍ਰਹਿਆਂ ਨੂੰ ਕਿਹਾ- ਤੁਸੀਂ ਸਾਰੇ ਆਪਣੇ-ਆਪਣੇ ਆਸਣਾਂ ਉਤੇ ਬੈਠੋ। ਜਿਸਦਾ ਆਸਣ ਸਭ ਤੋਂ ਅੱਗੇ ਹੋਵੇ ਉਹ ਸਭ ਤੋਂ ਵੱਡਾ ਹੈ ਅਤੇ ਜਿਸਦਾ ਸਭ ਤੋਂ ਪਿੱਛੇ ਹੋਵੇ ਉਸ ਨੂੰ ਸਭ ਤੋਂ ਛੋਟਾ ਜਾਣੋ। ਲੋਹੇ ਦਾ ਆਸਣ ਸਭ ਤੋਂ ਬਾਅਦ ਵਿੱਚ ਸੀ। ਉਹ ਸ਼ਨੀਦੇਵ ਦਾ ਆਸਣ ਸੀ ਇਸ ਲਈ ਸ਼ਨੀਦੇਵ ਗਏ ਕਿ ਰਾਜਾ ਨੇ ਮੈਨੂੰ ਸਭ ਤੋਂ ਛੋਟਾ ਬਣਾ ਦਿੱਤਾ ਹੈ ਅਤੇ ਉਹ ਗੁੱਸੇ ਵਿੱਚ ਕਹਿਣ ਲੱਗੇ- ਰਾਜਾ ਤੂੰ ਮੇਰੇ ਪਰਾਕ੍ਰਮ ਨੂੰ ਨਹੀਂ ਜਾਣਦਾ, ਸੂਰਜ ਇੱਕ ਰਾਸ਼ੀ ਉਤੇ ਇੱਕ ਮਹੀਨਾ, ਚੰਦਰਮਾ ਸਿਰਫ਼ ਦੋ ਦਿਨ, ਮੰਗਲ ਡੇਢ ਮਹੀਨਾ, ਬ੍ਰਹਿਸਪਤੀ ਤੇਰ੍ਹਾਂ ਮਹੀਨੇ, ਬੁੱਧ ਅਤੇ ਸ਼ੁੱਕਰ ਇੱਕ-ਇੱਕ ਮਹੀਨੇ, ਰਾਹੂ ਅਤੇ ਕੇਤੂ ਉਲਟੇ ਚਲਦੇ ਹੋਏ ਕੇਵਲ ਅਠ੍ਹਾਰਾਂ ਮਹੀਨੇ ਇੱਕ ਰਾਸ਼ੀ ਉਤੇ ਰਹਿੰਦੇ ਹਨ। ਪਰੰਤੂ ਮੈਂ ਇੱਕ ਰਾਸ਼ੀ ਉਤੇ ਢਾਈ ਤੋਂ ਸਾਢੇ ਸੱਤ ਸਾਲ ਤੱਕ ਰਹਿੰਦਾ ਹਾਂ। ਵੱਡੇ-ਵੱਡੇ ਦੇਵਤਿਆਂ ਨੂੰ ਮੈਂ ਬਹੁਤ ਦੁੱਖ ਦਿੱਤਾ ਹੈ। ਰਾਜਨ! ਸੁਣੋ, ਰਾਮ ਚੰਦਰ ਜੀ ਨੂੰ ਸਾੜ੍ਹਸਤੀ ਆਈ ਤਾਂ ਬਨਵਾਸ ਹੋ ਗਿਆ, ਜਦ ਰਾਵਣ ਉਤੇ ਆਈ ਤਾਂ ਰਾਮ ਅਤੇ ਲੱਛਮਣ ਨੇ ਸੈਨਾ ਲੈ ਕੇ ਲੰਕਾ ਉਤੇ ਚੜ੍ਹਾਈ ਕਰ ਦਿੱਤੀ। ਰਾਵਣ ਦੇ ਵੰਸ਼ ਦਾ ਨਾਸ਼ ਹੋ ਗਿਆ। ਇਸ ਲਈ ਹੇ ਰਾਜਾ! ਤੂੰ ਹੁਣ ਸਾਵਧਾਨ ਰਹਿਣਾ। ਰਾਜਾ ਕਹਿਣ ਲੱਗਾ- ਜੋ ਕੁਝ ਕਿਸਮਤ ਵਿੱਚ ਹੋਵੇਗਾ ਵੇਖਿਆ ਜਾਵੇਗਾ। ਸ਼ਨੀਦੇਵ ਬਹੁਤ ਗੁੱਸੇ ਹੋ ਕੇ ਉਥੋਂ ਚਲੇ ਗਏ।
ਸਮੇਂ ਅਨੁਸਾਰ ਜਦ ਰਾਜਾ ਵਿਕਰਮਾਦਿੱਤ ਉਤੇ ਸਾੜ੍ਹਸਤੀ ਆਈ ਤਾਂ ਸ਼ਨੀ ਦੇਵ ਘੋੜਿਆਂ ਦੇ ਸੌਦਾਗਰ ਬਣ ਕੇ ਵਿਕਰਮਾਦਿੱਤ ਦੀ ਰਾਜਧਾਨੀ ਉਜੈਨ ਵਿੱਚ ਆਏ। ਜਦੋਂ ਰਾਜਾ ਨੇ ਘੋੜਿਆਂ ਦੇ ਸੌਦਾਗਰ ਦੇ ਆਉਣ ਦੀ ਖ਼ਬਰ ਸੁਣੀ ਤਾਂ ਆਪਣੇ ਅਸ਼ਵਪਾਲ ਨੂੰ ਵਧੀਆ ਨਸਲ ਦੇ ਘੋੜੇ ਵੇਖਣ ਅਤੇ ਚੁਣਨ ਲਈ ਭੇਜਿਆ। ਅਸ਼ਵਪਾਲ ਦੁਆਰਾ ਚੁਣੇ ਗਏ ਘੋੜਿਆਂ ਵਿੱਚੋਂ ਇੱਕ ਘੋੜਾ ਏਨਾ ਸੁੰਦਰ ਸੀ ਕਿ ਰਾਜਾ ਦਾ ਮਨ ਉਸ ਦੀ ਸਵਾਰੀ ਕਰਨ ਲਈ ਲਲਚਾ ਗਿਆ। ਰਾਜਾ ਨੇ ਘੋੜੇ ਦੀ ਪਿੱਠ ਉਤੇ ਚੜ੍ਹਦਿਆਂ ਹੀ ਘੋੜਾ ਹਵਾ ਨਾਲ ਗੱਲਾਂ ਕਰਦਾ ਹੋਇਆ ਇੱਕ ਬੜੇ ਭਾਰੀ ਜੰਗਲ ਵਿੱਚ ਪੁੱਜਿਆ ਅਤੇ ਉਥੇ ਰਾਜਾ ਨੂੰ ਛੱਡ ਕੇ ਆਪ ਅਲੋਪ ਹੋ ਗਿਆ। ਇਸ ਤੋਂ ਬਾਅਦ ਰਾਜਾ ਇਕੱਲਾ ਹੀ ਜੰਗਲ ਵਿੱਚ ਘੁੰਮਦਾ ਰਿਹਾ। ਭਟਕਦੇ-ਭਟਕਦੇ ਉਸ ਨੂੰ ਇੱਕ ਗਵਾਲਾ ਮਿਲਿਆ, ਪਿਆਸ ਨਾਲ ਦੁਖੀ ਹੋਏ ਰਾਜਾ ਨੂੰ ਉਸ ਨੇ ਪਾਣੀ ਪਿਲਾਇਆ। ਖੁਸ਼ ਹੋ ਕੇ ਰਾਜਾ ਨੇ ਉਸ ਨੂੰ ਆਪਣੀ ਅੰਗੂਠੀ ਦੇ ਦਿੱਤੀ। ਉਸ ਤੋਂ ਬਾਅਦ ਭਟਕਦਾ ਹੋਇਆ ਇੱਕ ਨਗਰ ਵਿੱਚ ਪੁੱਜਿਆ, ਉਥੇ ਉਸਦੀ ਮੁਲਾਕਾਤ ਇੱਕ ਸੇਠ ਨਾਲ ਹੋਈ। ਸੇਠ ਨੇ ਉਸ ਨੂੰ ਭੁੱਖਾ-ਪਿਆਸਾ ਦੇਖ ਕੇ ਖਾਣਾ ਖਵਾਇਆ ਅਤੇ ਦੁਕਾਨ ’ਤੇ ਇੱਕ ਪਾਸੇ ਬਿਠਾ ਦਿੱਤਾ।
ਸ਼ਨੀ ਮਹਾਰਾਜ ਦੀ ਕ੍ਰਿਪਾ ਨਾਲ ਉਸ ਦਿਨ ਸੇਠ ਦੀ ਖੂਬ ਆਮਦਨੀ ਹੋਈ। ਸੇਠ ‘ਰਾਜਾ’ ਨੂੰ ਕਿਸਮਤ ਵਾਲਾ ਆਦਮੀ ਸਮਝ ਕੇ ਆਪਣੇ ਘਰ ਲੈ ਗਿਆ। ਜਿਸ ਵੇਲੇ ਰਾਜਾ ਭੋਜਨ ਕਰ ਰਿਹਾ ਸੀ ਤਾਂ ਉਹ ਕਮਰੇ ਵਿੱਚ ਇਕੱਲਾ ਸੀ ਅਤੇ ਉਹ ਕਮਰੇ ਦੀ ਖੂੰਟੀ ਉਤੇ ਇੱਕ ਨੌ ਲੱਖਾ ਹਾਰ ਟੰਗਿਆ ਸੀ। ਰਾਜਾ ਨੇ ਵੇਖਿਆ ਕਿ ਉਹ ਖੂੰਟੀ ਉਸ ਹਾਰ ਨੂੰ ਨਿਗਲ ਰਹੀ ਸੀ। ਕੁਝ ਦੇਰ ਬਾਅਦ ਸੇਠ ਕਮਰੇ ਵਿੱਚ ਆਇਆ ਅਤੇ ਉਸ ਨੂੰ ਖੂੰਟੀ ਉਤੇ ਹਾਰ ਨਾ ਮਿਲਿਆ ਤਾਂ ਉਸਨੇ ਰਾਜਾ ਨੂੰ ਹਾਰ ਦੀ ਚੋਰੀ ਦੇ ਅਪਰਾਧ ਵਿੱਚ ਨਗਰ ਦੇ ਨਿਆਂ-ਪਤੀ ਦੀ ਸੇਵਾ ਵਿੱਚ ਹਾਜ਼ਰ ਕਰ ਦਿੱਤਾ। ਸਾਰੀ ਸਥਿਤੀ ਨੂੰ ਸੋਚ-ਸਮਝ ਕੇ ਨਿਆਂ-ਪਤੀ ਨੇ ਰਾਜਾ ਦੇ ਦੋਨੋਂ ਹੱਥ-ਪੈਰ ਕੱਟ ਕੇ ‘ਚੌਰੰਗੀਆ’ ਬਣਾ ਦੇਣ ਦਾ ਫ਼ੈਸਲਾ ਸੁਣਾ ਦਿੱਤਾ।
ਨਿਆਂ-ਪਤੀ ਦੇ ਆਦੇਸ਼ ਅਨੁਸਾਰ ਜਦੋਂ ਰਾਜਾ ਚੌਰੰਗੀਆਂ ਬਣ ਗਿਆ ਤਾਂ ਉਸ ਨਗਰ ਦੇ ਇੱਕ ਤੇਲੀ ਨੂੰ ਰਾਜਾ ਉਤੇ ਦਇਆ ਆ ਗਈ। ਉਹ ਉਸ ਨੂੰ ਆਪਣੇ ਘਰ ਲੈ ਗਿਆ। ਤੇਲੀ ਨੇ ਉਸ ਦੀ ਦਵਾ ਆਦਿ ਕਰ ਕੇ ਉਸ ਨੂੰ ਇਸ ਯੋਗ ਬਣਾ ਲਿਆ ਕਿ ਉਹ ਕੋਹਲੂ ਦੇ ਪਿੱਛੇ ਬੈਠ ਕੇ ਆਪਣੀ ਆਵਾਜ਼ ਨਾਲ ਬੈਲ ਹੱਕ ਸਕੇ। ਇਸ ਤਰ੍ਹਾਂ ਸਮਾਂ ਗੁਜ਼ਰਦਾ ਗਿਆ। ਸਾੜ੍ਹਸਤੀ ਬੀਤਣ ਵਿੱਚ ਕੁਝ ਹੀ ਕਾਲ ਬਚਿਆ ਸੀ। ਇੱਕ ਦਿਨ ਚੌਰੰਗੀਆ ਨੂੰ ਵਰਖਾ-ਰੁੱਤ ਵਿੱਚ ਮਲਹਾਰ ਰਾਗ ਗਾਉਣ ਦੀ ਸੁੱਝੀ। ਰਾਤ ਦੀ ਖਾਮੋਸ਼ੀ ਵਿੱਚ ਉਸ ਦੀ ਮਨਮੋਹਕ ਆਵਾਜ਼ ਰਾਜਕੁਮਾਰੀ ਦੇ ਕੰਨਾਂ ਵਿੱਚ ਪਈ। ਏਨੀ ਸੁਰੀਲੀ ਆਵਾਜ਼ ਨੂੰ ਸੁਣਦੇ ਹੀ ਉਹ ਉਸ ਰਾਗੀ ਉਤੇ ਮੋਹਿਤ ਹੋਗਈ। ਉਸ ਨੇ ਦਾਸੀ ਨੂੰ ਭੇਜ ਕੇ ਉਸ ਦਾ ਅਤਾ-ਪਤਾ ਲਗਾ ਲਿਆ। ਰਾਗੀ ਚੌਰੰਗੀਆ ਹੈ, ਸੁਣ ਕੇ ਰਾਜਕੁਮਾਰੀ ਨੇ ਪ੍ਰਣ ਕਰ ਲਿਆ ਕਿ ਜੇਕਰ ਉਹ ਵਿਆਹ ਕਰੇਗੀ ਤਾਂ ਉਸ ਰਾਗੀ ਚੌਰੰਗੀਏ ਨਾਲ, ਨਹੀਂ ਤਾਂ ਜੀਵਨ-ਭਰ ਕੁੰਆਰੀ ਰਹੇਗੀ। ਇਸ ਕਾਰਨ ਉਹ ਆਸਨਪਾਟੀ ਲੈ ਕੇ ਪੈ ਗਈ। ਸਵੇਰੇ ਜਦੋਂ ਰਾਜਾ-ਰਾਣੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਰਾਜਕੁਮਾਰੀ ਆਪਣੇ ਪ੍ਰਣ ’ਤੇ ਅਟੱਲ ਰਹੀ। ਮਜਬੂਰ ਹੋ ਕੇ ਰਾਜਾ-ਰਾਣੀ ਨੂੰ ਮੰਨਣਾ ਪਿਆ ਅਤੇ ਸੋਚਿਆ ਕਿ ਰਾਜਕੁਮਾਰੀ ਦੀ ਕਿਸਮਤ ਵਿੱਚ ਜੋ ਲਿਖਿਆ ਹੈ ਉਹ ਹੀ ਹੋਵੇਗਾ।
ਰਾਜਾ ਨੇ ਤੁਰੰਤ ਤੇਲੀ ਨੂੰ ਬੁਲਾ ਕੇ ਆਦੇਸ਼ ਦਿੱਤਾ ਕਿ ਉਹ ਚੌਰੰਗੀਆ ਦੀ ਸ਼ਾਦੀ ਦਾ ਇੰਤਜ਼ਾਮ ਕਰੇ, ਕਿਉਂਕਿ ਰਾਜਾ ਉਸਦੇ ਨਾਲ ਆਪਣੀ ਰਾਜਕੁਮਾਰੀ ਦਾ ਵਿਆਹ ਕਰਨ ਦਾ ਫ਼ੈਸਲਾ ਕਰ ਚੁੱਕਿਆ ਹੈ। ਪਹਿਲਾਂ ਤਾਂ ਤੇਲੀ ਨੇ ਸਮਝਿਆ ਕਿ ਰਾਜਾ ਮਜ਼ਾਕ ਕਰ ਰਿਹਾ ਹੈ, ਪਰ ਜਦੋਂ ਰਾਜਾ ਨੇ ਸਖ਼ਤੀ ਨਾਲ ਆਦੇਸ਼ ਦਿੱਤਾ ਤਾਂ ਉਸ ਨੂੰ ਚੌਰੰਗੀਆ ਦੀ ਸ਼ਾਦੀ ਦਾ ਪ੍ਰਬੰਧ ਕਰਨਾ ਪਿਆ।
ਸ਼ੁਭ ਮਹੂਰਤ ਦੇਖ ਕੇ ਰਾਜ ਪੁਰੋਹਿਤ ਨੇ ਰਾਜਕੁਮਾਰੀ ਅਤੇ ਚੌਰੰਗੀਆ ਦਾ ਵਿਆਹ ਕਰ ਦਿਤਾ। ਉਹ ਸਾੜ੍ਹਸਤੀ ਦੀ ਅੰਤਿਮ ਘੜੀ ਸੀ। ਉਸ ਰਾਤ ਅੱਧੀ ਬੀਤਣ ’ਤੇ ਚੌਰੰਗੀਆ ਨੂੰ ਸ਼ਨੀਦੇਵ ਸੁਪਨੇ ਵਿੱਚ ਵਿਖਾਈ ਦਿੱਤੇ ਅਤੇ ਬੋਲੇ- ਰਾਜਨ! ਤੂੰ ਮੈਨੂੰ, ਛੋਟਾ ਕਹਿਣ ਦੀ ਸਜ਼ਾ ਪਾ ਲਈ ਹੈ। ਉਮੀਦ ਹੈ, ਹੁਣ ਤੇਰੇ ਹੋਸ਼ ਠਿਕਾਣੇ ਆ ਗਏ ਹੋਣਗੇ। ਰਾਜਾ ਨੇ ਹੱਥ ਜੋੜ ਕੇ ਮੁਆਫ਼ੀ ਮੰਗਦੇ ਹੋਏ ਸ਼ਨੀਦਾਵ ਨੂੰ ਪ੍ਰਾਰਥਣਾ ਕੀਤੀ ਕਿ ਜਿਸ ਤਰ੍ਹਾਂ ਦਾ ਦੁੱਖ ਤੁਸੀਂ ਮੈਨੂੰ ਦਿੱਤਾ ਹੈ, ਭਵਿੱਖ ਵਿੱਚ ਐਸਾ ਦੁੱਖ ਕਿਸੇ ਹੋਰ ਨੂੰ ਨਾ ਦੇਣਾ। ਸ਼ਨੀਦੇਵ ਨੇ ਰਾਜਾ ਦੀ ਪ੍ਰਾਰਥਣਾ ਸਵੀਕਾਰ ਕਰ ਲਈ ਅਤੇ ਕਿਹਾ, ਜੋ ਮਨੁੱਖ ਮੇਰੀ ਕਥਾ ਪੜ੍ਹੇਗਾ ਜਾਂ ਸੁਣੇਗਾ ਉਸ ਨੂੰ ਮੇਰੀ ਦਸ਼ਾ ਵਿੱਚ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਹੋਵੇਗਾ ਅਤੇ ਜੋ ਨਿੱਤ ਮੇਰਾ ਧਿਆਨ ਕਰੇਗਾ ਜਾਂ ਕੀੜਿਆਂ ਨੂੰ ਆਟਾ ਪਾਵੇਗਾ ਉਸਦੇ ਸਾਰੇ ਮਨੋਰਥ ਪੂਰੇ ਹੋਣਗੇ। ਏਨਾਂ ਕਹਿ ਕੇ ਸ਼ਨੀਦੇਵ ਰਾਜਾ ਦੇ ਸੁਪਨੇ ’ਚੋਂ ਚਲੇ ਗਏ।
ਅੱਖ ਖੁੱਲ੍ਹਣ ’ਤੇ ਚੌਰੰਗੀਆ ਨੇ ਵੇਖਿਆ ਕਿ ਉਸਦੇ ਦੋਨੋਂ ਹੱਥ ਅਤੇ ਦੋਨੋਂ ਪੈਰ ਬਿਲਕੁਲ ਠੀਕ ਹੋ ਗਏ ਹਨ। ਉਹ ਬਿਲਕੁਲ ਚੰਗਾ-ਭਲਾ ਹੋ ਗਿਆ। ਸਵੇਰੇ ਉਠਣ ’ਤੇ ਜਦੋਂ ਰਾਜਕੁਮਾਰੀ ਨੇ ਵੀ ਆਪਣੇ ਪਤੀ ਨੂੰ ਪੂਰਨ ਸਵੱਸਥ (ਪੂਰਾ ਠੀਕ) ਵੇਖਿਆ ਤਾਂ ਉਸ ਦੀ ਖੁਸ਼ੀ ਦੀ ਹੱਦ ਨਾ ਰਹੀ। ਰਾਜਾ ਵੀ ਆਪਣੇ ਜਵਾਈ ਨੂੰ ਠੀਕ ਵੇਖ ਕੇ ਬਹੁਤ ਖੁਸ਼ ਹੋਇਆ ਅਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਉਸਦਾ ਜਵਾਈ ਉਜੈਨ ਦਾ ਰਾਜਾ ਵਿਕਰਮਾਦਿੱਤ ਹੈ ਤਾਂ ਉਸਨੂੰ ਆਪਣੀ ਕਿਸਮਤ ’ਤੇ ਮਾਣ ਹੋਣ ਲੱਗਾ। ਜਦੋਂ ਇਹ ਸਮਾਚਾਰ ਨਗਰ ਦੇ ਸੇਠ ਨੇ ਵੀ ਸੁਣਿਆ ਤਾਂ ਉਹ ਸੇਠ ਵਿਕਰਮਾਦਿੱਤ ਦੇ ਪੈਰਾਂ ਵਿੱਚ ਗਿਰ ਕੇ ਮੁਆਫ਼ੀ ਮੰਗਣ ਲੱਗਾ ਅਤੇ ਉਸ ਨੂੰ ਬਹੁਤ ਆਦਰ ਨਾਲ ਆਪਣੇ ਘਰ ਲੈ ਗਿਆ।
ਵਿਕਰਮਾਦਿੱਤ ਉਸੇ ਕਮਰੇ ਵਿੱਚ ਹੀ ਭੋਜਨ ਕਰਨ ਲਈ ਗਏ ਜਿਸ ਕਮਰੇ ਵਿੱਚ ਖੂੰਟੀ ਨੇ ਹਾਰ ਨਿਗਲਿਆ ਸੀ। ਰਾਜਾ ਜਦੋਂ ਖਾਣਾ ਖਾ ਰਿਹਾ ਸੀ ਤਾਂ ਸਭ ਨੇ ਵੇਖਿਆ ਕਿ ਖੂੰਟੀ ਹਾਰ ਉਗਲ ਰਹੀ ਹੈ। ਉਹ ਵੇਖ ਕੇ ਸਾਰਿਆਂ ਦੀ ਹੈਰਾਨੀ ਦੀ ਹੱਦ ਨਾ ਰਹੀ ਅਤੇ ਨਗਰ ਦੇ ਸੇਠ ਨੇ ਪ੍ਰਭਾਵਿਤ ਹੋ ਕੇ ਰਾਜਾ ਵਿਕਰਮਾਦਿੱਤ ਨਾਲ ਆਪਣੀ ਕੰਨਿਆ ਸ਼੍ਰੀ ਕੰਵਰੀ ਦਾ ਵਿਆਹ ਬੜੀ ਧੂਮਧਾਮ ਨਾਲ ਕਰ ਦਿੱਤਾ। ਕੁਝ ਦਿਨਾਂ ਬਾਅਦ ਜਦੋਂ ਰਾਜਾ ਵਿਕਰਮਾਦਿੱਤ ਆਪਣੀ ਰਾਜਧਾਨੀ ਵਿੱਚ ਆਏ ਤਾਂ ਲੋਕਾਂ ਨੂੰ ਬਹੁਤ ਖੁਸ਼ੀ ਹੋਈ ਅਤੇ ਉਨ੍ਹਾਂ ਨੇ ਰਾਜਾ ਦੇ ਆਉਣ ਦਾ ਨਿੱਘਾ ਸਵਾਗਤ ਕੀਤਾ। ਦੁਬਾਰਾ ਰਾਜ ਪ੍ਰਾਪਤ ਕਰ ਲੈਣ ਤੋਂ ਬਾਅਦ, ਰਾਜਾ ਨੇ ਰਾਜ ਵਿੱਚ ਐਲਾਨ ਕਰ ਦਿੱਤਾ ਕਿ ਕੋਈ ਵੀ ਸ਼ਨੀਦੇਵ ਨੂੰ ਛੋਟਾ ਨਾ ਕਹੇ। ਹਰ ਸ਼ਨੀਵਾਰ ਨੂੰ ਵਰਤ ਰੱਖ ਕੇ ਉਸ ਦੀ ਕੱਥਾ ਸੁਣੇ ਅਤੇ ਉਨ੍ਹਾਂ ਨੂੰ ਤੇਲ, ਕਾਲੇ ਉੜਦ, ਕਾਲੇ ਕੱਪੜੇ ਅਤੇ ਤਾਂਬੇ ਦਾ ਚੜ੍ਹਾਵਾ ਚੜ੍ਹਾਵੇ ਅਤੇ ਕੀੜਿਆ ਨੂੰ ਸਵੇਰੇ ਸ਼ਾਮ ਜਿਮਾਇਆ ਕਰੇ।

ਸ਼ਨੀਦੇਵ ਦੀ ਆਰਤੀ

ਆਰਤੀ ਕੀਜੈ ਨਰ ਸਿੰਘ ਕੁੰਵਰ ਕੀ। ਵੇਦ ਵਿਮਲ ਯਸ਼ ਗਾਉਂ ਮੈਂ ਪ੍ਰਭੂ ਜੀ॥ ਟੇਕ॥
ਪਹਿਲੀ ਆਰਤੀ ਪ੍ਰਹਲਾਦ ਉਬਾਰੇ। ਹਰਿਨਾਕੁਸ਼ ਨਖ ਉਦਰ ਵਿਦਾਰੇ॥
ਦੂਸਰੀ ਆਰਤੀ ਵਾਮਨ ਸੇਵਾ। ਬਲਿ ਕੇ ਦਵਾਰੇ ਪਧਾਰੇ ਹਰਿ ਦੇਵਾ॥
ਤੀਸਰੀ ਆਰਤੀ ਬ੍ਰਹਮਾ ਪਧਾਰੇ। ਸਹਸ ਬਾਹੁ ਕੇ ਭੁਜਾ ਉਖਾਰੇ॥
ਚੌਥੀ ਆਰਤੀ ਅਸੁਰ ਸੰਹਾਰੇ। ਭਗਤ ਵਿਭੀਸ਼ਨ ਲੰਕ ਪਧਾਰੇ॥
ਪਾਂਚਵੀਂ ਆਰਤੀ ਕੰਸ ਪਛਾਰੇ। ਗੋਪੀ ਗਵਾਲ ਸਖਾ ਪ੍ਰਤਿਪਾਲੇ॥
ਤੁਲਸੀ ਕੋ ਪੱਤਰ ਕੰਠ ਮਣਿ ਹੀਰਾ। ਹਰਖਿ ਨਿਰਖਿ ਗਾਵੇਂ ਦਾਸ ਕਬੀਰਾ॥

Scroll To Top