Home / ਰਾਸ਼ਟਰੀ / ਮੋਦੀ ਦਾ ਪੀ.ਐਮ. ਬਣਨਾ ਦੇਸ਼ ਲਈ ਖਤਰਾ: ਮਨਮੋਹਨ ਸਿੰਘ
ਮੋਦੀ ਦਾ ਪੀ.ਐਮ. ਬਣਨਾ ਦੇਸ਼ ਲਈ ਖਤਰਾ: ਮਨਮੋਹਨ ਸਿੰਘ

ਮੋਦੀ ਦਾ ਪੀ.ਐਮ. ਬਣਨਾ ਦੇਸ਼ ਲਈ ਖਤਰਾ: ਮਨਮੋਹਨ ਸਿੰਘ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸ਼ੁਕਰਵਾਰ ਨੂੰ ਆਖਰ ਆਪਣੀ ਚੁੱਪ ਤੋੜਦੇ ਹੋਏ ਕਿਹਾ ਕਿ ਉਹ ਅਗਲੇ ਪ੍ਰਧਾਨ ਮੰਤਰੀ ਨੂੰ ਸੱਤਾ ਸੌਂਪਣ ਲਈ ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਗਲਾ ਪ੍ਰਧਾਨ ਮੰਤਰੀ ਯੂਪੀਏ ਗਠਜੋੜ ਦਾ ਹੀ ਹੋਵੇਗਾ। ਉਨ੍ਹਾਂ ਕਿਹਾ ਜੇਕਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਇਹ ਫੈਸਲਾ ਦੇਸ਼ ਨੂੰ ਬਰਬਾਦ ਕਰਨ ਵਾਲਾ ਹੋਵੇਗਾ। ਉਨ੍ਹਾਂ ਦੇ ਇਸ ਬਿਆਨ ਤੋਂ ਇਹੋ ਹੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਅਗਲੀ ਪਾਰੀ ਲਈ ਪ੍ਰਧਾਨ ਮੰਤਰੀ ਦੀ ਦੌੜ ਵਿਚੋਂ ਬਾਹਰ ਹੋਣ ਦਾ ਐਲਾਨ ਕਰ ਦਿੱਤਾ ਹੈ। ਸ਼ੁਕਰਵਾਰ ਨੂੰ ਨੈਸ਼ਨਲ ਮੀਡੀਆ ਸੈਂਟਰ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਯੋਜਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਸ ਨੇ ਅਜੇ ਇਸ ਬਾਰੇ ਨਹੀਂ ਸੋਚਿਆ। ਉਨ੍ਹਾਂ ਕਿਹਾ ਕਿ ਉਸ ਕੋਲ ਅਜੇ ਪੰਜ ਮਹੀਨੇ ਕੰਮ ਕਰਨ ਦਾ ਸਮਾਂ ਹੈ। ਉਹ ਇਸ ਸਮੇਂ ਦੀ ਭਰਪੂਰ ਵਰਤੋਂ ਕਰਨਾ ਚਹੁੰਦੇ ਹਨ। ਇਸ ਮੌਕੇ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਉਹ ਇਹ ਗੱਲ ਵਿਸ਼ਵਾਸ ਨਾਲ ਕਹਿ ਸਕਦੇ ਹਨ ਕਿ ਅਗਲਾ ਪ੍ਰਧਾਨ ਮੰਤਰੀ ਯੂਪੀਏ ਗਠਜੋੜ ਦਾ ਹੀ ਹੋਵੇਗਾ। ਉਨ੍ਹਾਂ ਮੋਦੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਦੇਸ਼ ਲਈ ਵਿਨਾਸ਼ਕਾਰੀ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਇਹ ਗੱਲ ਮੰਨ ਰਹੇ ਹਨ ਕਿ ਨਰਿੰਦਰ ਮੋਦੀ ਜੋ ਕਹਿ ਰਹੇ ਹਨ ਉਹ ਹੋਣ ਵਾਲਾ ਨਹੀਂ। ਉਨ੍ਹਾਂ ਨੂੰ ਸਵਾਲ ਕੀਤਾ ਗਿਆ ਸੀ ਕਿ ਕੀ ਉਹ ਮੰਨਦੇ ਹਨ ਕਿ ਭਾਰੀ ਲਹਿਰ ਕਾਰਨ ਮੋਦੀ ਪ੍ਰਧਾਨ ਮੰਤਰੀ ਬਣਨਗੇ। ਮੁੱਖ ਵਿਰੋਧੀ ਦਲ ਵਲੋਂ ਉਨ੍ਹਾਂ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਕਹੇ ਜਾਣ ਦੇ ਸਵਾਲ ’ਤੇ ਮਨਮੋਹਨ ਸਿੰਘ ਨੇ ਮਜਬੂਤ ਨੇਤਾ ਕਹੇ ਜਾਣ ਵਾਲੇ ਮੋਦੀ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਅਹਿਮਦਾਬਾਦ ਦੀਆਂ ਸੜਕਾਂ ’ਤੇ ਇਕ ਫਿਰਕੇ ਦੇ ਲੋਕਾਂ ਦੇ ਕਤਲੇਆਮ ਤੋਂ ਪ੍ਰਧਾਨ ਮੰਤਰੀ ਦੀ ਮਜਬੂਤੀ ਪਰਖਦੇ ਹੋ ਤਾਂ ਉਹ ਇਸ ਨੂੰ ਨਹੀਂ ਮੰਨਦੇ। ਮਨਮੋਹਨ ਸਿੰਘ ਨੇ 1984 ਦੇ ਸਿੱਖ ਕਤਲੇਆਮ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਇਸ ਬਾਰੇ ਪਹਿਲਾਂ ਹੀ ਸਰਵਜਨਕ ਤੌਰ ’ਤੇ ਸਿੱਖ ਭਾਈਚਾਰੇ ਕੋਲੋਂ ਸਰਕਾਰ ਵਲੋਂ ਮੁਆਫੀ ਮੰਗ ਚੁੱਕੇ ਹਨ। ਉਨ੍ਹਾਂ ਕਿਹਾ ਕਿ 1984 ਵਿਚ ਜੋ ਹੋਇਆ ਗਲਤ ਹੋਇਆ, ਉਹ ਨਹੀਂ ਸੀ ਹੋਣਾ ਚਾਹੀਦਾ। ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੀਆਂ ਸੰਭਾਵਨਾਵਾਂ ਨੂੰ ਖਾਰਿਜ ਕਰਦਿਆਂ ਉਨ੍ਹਾਂ ਕਿਹਾ ਕਿ ਅਗਲਾ ਪ੍ਰਧਾਨ ਮੰਤਰੀ ਯੂਪੀਏ ਗਠਜੋੜ ਦਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਪ੍ਰਧਾਨ ਮੰਤਰੀ ਬਣ ਵੀ ਜਾਂਦੇ ਹਨ ਤਾਂ ਦੇਸ਼ ਬਰਬਾਦ ਹੋ ਜਾਵੇਗਾ। ਅਗਲੀਆਂ ਲੋਕ ਸਭਾ ਚੋਣਾਂ ਵਿਚ ਖੁਦ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚੋਂ ਬਾਹਰ ਕਰਦਿਆਂ ਉਨ੍ਹਾਂ ਇਸ ਅਹੁਦੇ ਲਈ ਕਾਂਗਰਸ ਦੇ ਉ¤ਪ ਪ੍ਰਧਾਨ ਰਾਹੁਲ ਗਾਂਧੀ ਦੀ ਪੈਰਵੀ ਕੀਤੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵਿਚ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਨ ਵਾਲੇ ਸਾਰੇ ਗੁਣ ਮੌਜੂਦ ਹਨ। ਭਾਰਤੀ ਜਨਤਾ ਪਾਰਟੀ ਦੇ ਕਾਂਗਰਸ ਮੁਕਤ ਭਾਰਤ ਦੇ ਨਾਹਰੇ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਦਾ ਇਹ ਸੁਪਨਾ ਕਦੇ ਵੀ ਪੂਰਾ ਨਹੀਂ ਹੋਵੇਗਾ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਉ¤ਪ ਪ੍ਰਧਾਨ ਰਾਹੁਲ ਗਾਂਧੀ ਦੇ ਇਕ ਇਸ਼ਾਰੇ ’ਤੇ ਸਰਕਾਰ ਦੇ ਤੁਰੰਤ ਕੰਮ ਕਰਨ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਸਰਕਾਰ ਲਈ ਚੰਗੀ ਗੱਲ ਹੈ ਕਿ ਪਾਰਟੀ ਦੇ ਨੇਤਾਵਾਂ ਦੇ ਹਿਸਾਬ ਨਾਲ ਸਰਕਾਰ ਦੀਆਂ ਨੀਤੀਆਂ ਤੈਅ ਹੋਣ। ਸਰਕਾਰ ਦੀ ਨਾਕਾਰਾਤਾਮਕ ਛਵੀ ਦੇ ਸਵਾਲ ’ਤੇ ਮਨਮੋਹਨ ਸਿੰਘ ਨੇ ਕਿਹਾ ਕਿ ਉਸ ਦੀ ਤਾਕਤ ਜਾਂ ਕਮਜ਼ੋਰੀ ਦਾ ਫੈਸਲਾ ਉਹ ਖੁਦ ਨਹੀਂ ਕਰ ਸਕਦੇ। ਰਾਹੁਲ ਗਾਂਧੀ ਦੇ ਸਰਕਾਰ ਵਿਚ ਸ਼ਾਮਲ ਨਾ ਹੋਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਉਹ ਰਾਹੁਲ ਗਾਂਧੀ ਨੂੰ ਕਈ ਵਾਰ ਸਰਕਾਰ ਵਿਚ ਸ਼ਾਮਲ ਹੋਣ ਲਈ ਕਹਿ ਚੁੱਕੇ ਹਨ। ਪਰ ਰਾਹੁਲ ਨੂੰ ਲਗਦਾ ਹੈ ਕਿ ਉਸ ਦਾ ਪਾਰਟੀ ਲਈ ਕੰਮ ਕਰਨਾ ਜਿਆਦਾ ਜ਼ਰੂਰੀ ਹੈ।

Scroll To Top