ਚੰਡੀਗੜ੍ਹ : ਭਾਜਪਾ ਨੇ ਮੁੱਖ ਮੰਤਰੀ ’ਤੇ ਹਮਲਾ ਕਰਦਿਆਂ ਕਿਹਾ ਕਿ ਅੱਜ ਪੰਜਾਬ ਹੜ੍ਹ ਵਿਚ ਡੁੱਬਿਆ ਹੋਇਆ ਹੈ ਤੇ ਭਗਵੰਤ ਮਾਨ ਤਮਿਲਨਾਡੂ ਵਿਚ ਘੁੰਮ ਰਹੇ ਹਨ। ਭਾਜਪਾ ਕੋਰ ਕਮੇਟੀ ਦੇ ਮੈਂਬਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਹੜ੍ਹ ਦੇ ਮਾਮਲੇ ’ਤੇ ਸਰਕਾਰ ਦੀਆਂ ਸਾਰੀਆਂ ਤਿਆਰੀਆਂ ਧਰੀਆਂ ਦੀ ਧਰੀਆਂ ਰਹਿ ਗਈਆਂ। ਹੁਣ ਜਦੋਂ ਹੜ੍ਹ ਨਾਲ ਲੋਕ ਪ੍ਰੇਸ਼ਾਨ ਹਨ, ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੇ ਹੋਣ ਦੀ ਬਜਾਏ ਤਮਿਲਨਾਡੂ ਵਿਚ ਮੁੱਖ ਮੰਤਰੀ ਨਾਸ਼ਤਾ ਯੋਜਨਾ ਚਲਾ ਰਹੇ ਹਨ। ਢਿੱਲੋਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ 1984 ਦੇ ਦੰਗਾ ਪੀੜਤ 121 ਪਰਿਵਾਰਾਂ ਨੂੰ ਨੌਕਰੀ ਦੇਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੇ ਵੀ ਪੀੜਤਾਂ ਨੂੰ ਨੌਕਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਹੀ ਸਿੱਖਾਂ ਦੇ ਨਾਲ ਖੜ੍ਹੇ ਰਹੇ ਹਨ, ਚਾਹੇ ਕਰਤਾਰਪੁਰ ਲਾਂਘਾ ਹੋਵੇ ਜਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਨੂੰ ਵੀਰ ਬਾਲ ਦਿਵਸ ਐਲਾਨਿਆ ਹੋਵੇ। ਪਾਰਟੀ ਦਫ਼ਤਰ ਵਿਚ ਉਪ ਪ੍ਰਧਾਨ ਬਿਕਰਮ ਸਿੰਘ ਚੀਮਾ, ਐਸਐਸ ਚੰਨੀ ਤੇ ਵਿਨੀਤ ਜੋਸ਼ੀ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਨੇ ਕਿਹਾ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਹੀ ਸਿੱਖਾਂ ਨੂੰ ਇਨਸਾਫ਼ ਮਿਲ ਰਿਹਾ ਹੈ। ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰਾਸ਼ਨ ਚੋਰੀ ਦੇ ਲਾਏ ਦੋਸ਼ਾਂ ’ਤੇ ਬਿਕਰਮ ਸਿੰਘ ਚੀਮਾ ਨੇ ਕਿਹਾ, ਅਸਲ ਰਾਸ਼ਨ ਚੋਰੀ ਕਰਨ ਵਾਲੀ ਤਾਂ ਆਪ ਸਰਕਾਰ ਹੈ। ਸੂਬਾ ਸਰਕਾਰ ਦੋ ਕਿਲੋ ਅਨਾਜ ਦਿੰਦੀ ਸੀ। ਮੁੱਖ ਮੰਤਰੀ ਦੱਸਣ ਕੇ ਸਾਢੇ ਤਿੰਨ ਸਾਲਾਂ ਵਿਚ ਉਨ੍ਹਾਂ ਨੇ ਗਰੀਬਾਂ ਨੂੰ ਕਿੰਨਾ ਰਾਸ਼ਨ ਦਿੱਤਾ? ਰਾਸ਼ਨ ਕਾਰਡ ਕੱਟਣ ਦੇ ਮਾਮਲੇ ’ਤੇ ਢਿੱਲੋਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਕੇਵਾਈਸੀ ਕਰਵਾਇਆ ਜਾ ਰਿਹਾ ਹੈ। ਕੇਵਾਈਸੀ ਤਾਂ ਸੂਬਾ ਸਰਕਾਰ ਨੇ ਕਰਨਾ ਹੈ, ਸਰਕਾਰ ਲਾਭਪਾਤਰੀ ਦਾ ਨਾਂ ਨਾ ਕੱਟੇ। ਆਪ ਵਿਧਾਇਕ ਕੁਲਦੀਪ ਧਾਲੀਵਾਲ ਵੱਲੋਂ ਭਾਖੜਾ ਬੰਨ੍ਹ ’ਤੇ ਕੇਂਦਰੀ ਅਰਧ-ਸੈਨਿਕ ਬਲ ਨਾ ਲਗਾਉਣ ਬਾਰੇ ਕਹਿਣ ’ਤੇ ਢਿੱਲੋਂ ਨੇ ਕਿਹਾ ਸਰਕਾਰ ਕਿਸ ਦਿਸ਼ਾ ਵਿਚ ਜਾ ਰਹੀ ਹੈ, ਇਕ ਪਾਸੇ ਅੱਧਾ ਪੰਜਾਬ ਹੜ੍ਹ ਨਾਲ ਪ੍ਰਭਾਵਿਤ ਹੈ ਤੇ ਸਰਕਾਰ ਇਨ੍ਹਾਂ ਮੁੱਦਿਆਂ ’ਤੇ ਉਲਝੀ ਹੋਈ ਹੈ।
ਮੁੱਖ ਮੰਤਰੀ ਮਾਨ ਨੂੰ ਵਿਰੋਧੀ ਧਿਰ ਨੇ ਹੁਣ ਹੜ੍ਹ ਦੇ ਮੁੱਦੇ ‘ਤੇ ਘੇਰਿਆ
