ਸ਼ਿਵਾਜੀ ਨਗਰ ਦਾ ਰਹਿਣ ਵਾਲਾ 39 ਸਾਲਾ ਈ-ਰਿਕਸ਼ਾ ਚਾਲਕ ਦੀਪਕ, ਜਿਸ ਨੂੰ ਇੱਕ ਸੱਪ ਨੇ ਡੰਗ ਲਿਆ ਸੀ, ਉਸੇ ਸੱਪ ਨੂੰ ਫੜ ਕੇ ਹਸਪਤਾਲ ਪਹੁੰਚ ਗਿਆ। ਉਸ ਦਾ ਤਰਕ ਸੀ ਕਿ ਉਹ ਸੱਪ ਇਸ ਲਈ ਨਾਲ ਲਿਆਇਆ ਹੈ ਤਾਂ ਜੋ ਡਾਕਟਰਾਂ ਨੂੰ ਪਤਾ ਲੱਗ ਸਕੇ ਕਿ ਉਸ ਨੂੰ ਕਿਸ ਸੱਪ ਨੇ ਲੜਿਆ ਹੈ ਅਤੇ ਸਹੀ ਇਲਾਜ ਹੋ ਸਕੇ।ਜਦੋਂ ਡਾਕਟਰਾਂ ਨੇ ਦੂਜੇ ਮਰੀਜ਼ਾਂ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਦੀਪਕ ਨੂੰ ਸੱਪ ਬਾਹਰ ਛੱਡ ਕੇ ਆਉਣ ਲਈ ਕਿਹਾ ਤਾਂ ਉਹ ਭੜਕ ਗਿਆ। ਨਾਰਾਜ਼ ਹੋ ਕੇ ਉਹ ਹਸਪਤਾਲ ਤੋਂ ਬਾਹਰ ਆਇਆ ਅਤੇ ਆਪਣਾ ਈ-ਰਿਕਸ਼ਾ ਸੜਕ ਵਿਚਕਾਰ ਖੜ੍ਹਾ ਕਰਕੇ ਜਾਮ ਲਗਾ ਦਿੱਤਾ। ਹੱਥ ਵਿੱਚ ਜਿਊਂਦਾ ਸੱਪ ਫੜੇ ਹੋਏ ਰਿਕਸ਼ਾ ਚਾਲਕ ਨੂੰ ਦੇਖ ਕੇ ਰਾਹਗੀਰ ਵੀ ਡਰ ਕੇ ਦੂਰ ਭੱਜਣ ਲੱਗੇ।
ਜਦੋਂ ਪੁਲਿਸ ਜਾਮ ਖੁੱਲ੍ਹਵਾਉਣ ਪਹੁੰਚੀ ਤਾਂ ਦੀਪਕ ਉਨ੍ਹਾਂ ਨਾਲ ਵੀ ਬਹਿਸ ਕਰਨ ਲੱਗਾ। ਉਸ ਨੇ ਜ਼ਿੱਦ ਫੜ ਲਈ ਕਿ “ਪਹਿਲਾਂ ਮੈਨੂੰ ਇੰਜੈਕਸ਼ਨ ਲਗਾਓ, ਫਿਰ ਹੀ ਮੈਂ ਰਸਤੇ ਤੋਂ ਹਟਾਂਗਾ।” ਪੁਲਿਸ ਦੀ ਕਾਫੀ ਮੁਸ਼ੱਕਤ ਅਤੇ ਸਮਝਾਉਣ ਤੋਂ ਬਾਅਦ ਉਸ ਨੇ ਸੱਪ ਨੂੰ ਇੱਕ ਡੱਬੇ ਵਿੱਚ ਬੰਦ ਕੀਤਾ।
ਸੱਪ ਨੂੰ ਡੱਬੇ ਵਿੱਚ ਬੰਦ ਕਰਨ ਤੋਂ ਬਾਅਦ ਹੀ ਡਾਕਟਰਾਂ ਨੇ ਉਸ ਨੂੰ ਅੰਦਰ ਬੁਲਾਇਆ ਅਤੇ ਤੁਰੰਤ ਐਂਟੀ ਸਨੇਕ ਵੇਨਮ (ASV) ਦਾ ਇੰਜੈਕਸ਼ਨ ਲਗਾਇਆ। ਇਲਾਜ ਮਿਲਣ ਤੋਂ ਬਾਅਦ ਹੀ ਈ-ਰਿਕਸ਼ਾ ਚਾਲਕ ਉੱਥੋਂ ਰਵਾਨਾ ਹੋਇਆ।
ਹਸਪਤਾਲ ਦੇ CMS ਡਾ. ਨੀਰਜ ਅਗਰਵਾਲ ਨੇ ਦੱਸਿਆ ਕਿ ਮਰੀਜ਼ ਜਿਊਂਦਾ ਸੱਪ ਨਾਲ ਲਿਆਇਆ ਸੀ, ਜਿਸ ਨਾਲ ਹਸਪਤਾਲ ਵਿੱਚ ਮੌਜੂਦ ਹੋਰ ਲੋਕਾਂ ਨੂੰ ਖ਼ਤਰਾ ਸੀ, ਇਸ ਲਈ ਪਹਿਲਾਂ ਸੱਪ ਨੂੰ ਸੁਰੱਖਿਅਤ ਥਾਂ ‘ਤੇ ਰੱਖਣ ਲਈ ਕਿਹਾ ਗਿਆ ਸੀ।