Sydney Beach Shooting: ਆਸਟਰੇਲੀਆ ਦੇ ਬੌਂਡੀ ਬੀਚ ’ਤੇ ਯਹੂਦੀ ਸਮਾਗਮ ਦੌਰਾਨ ਦਹਿਸ਼ਤਗਰਦੀ ਹਮਲਾ, ਮੌਤਾਂ ਦੀ ਗਿਣਤੀ 16 ਤੱਕ ਪਹੁੰਚੀ

ਸਿਡਨੀ: ਆਸਟਰੇਲੀਆ ਦੇ ਮਸ਼ਹੂਰ ਬੌਂਡੀ ਬੀਚ ਨੇੜੇ ਇੱਕ ਯਹੂਦੀ ਸਮਾਗਮ ਦੌਰਾਨ ਹੋਏ ਭਿਆਨਕ ਗੋਲੀਕਾਂਡ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ। ਮ੍ਰਿਤਕਾਂ ਵਿੱਚ ਇੱਕ 10 ਸਾਲਾ ਬੱਚੀ ਅਤੇ ਇੱਕ ਗੋਲੀਆਂ ਚਲਾਉਣ ਵਾਲਾ ਸ਼ੂਟਰ ਵੀ ਸ਼ਾਮਲ ਹੈ। ਇਸ ਹਮਲੇ ਨੂੰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਯਹੂਦੀ ਭਾਈਚਾਰੇ ਵਿਰੁੱਧ ਦਹਿਸ਼ਤੀ ਕਾਰਵਾਈ ਕਰਾਰ ਦਿੱਤਾ ਹੈ।

ਪੁਲਿਸ ਅਧਿਕਾਰੀਆਂ ਮੁਤਾਬਕ, ਗੋਲੀਬਾਰੀ ਕਰਨ ਵਾਲੇ ਪਿਉ-ਪੁੱਤ ਸਨ, ਜਿਨ੍ਹਾਂ ਨੇ ਬੌਂਡੀ ਬੀਚ ਤੋਂ ਕੁਝ ਦੂਰ ਇਕ ਪਾਰਕ ਵਿੱਚ ਚੱਲ ਰਹੇ ਯਹੂਦੀ ਸਮਾਗਮ ਨੂੰ ਨਿਸ਼ਾਨਾ ਬਣਾਇਆ। ਸਮਾਗਮ ਵਿੱਚ ਲਗਭਗ 1000 ਲੋਕ ਮੌਜੂਦ ਸਨ।

CBS News ਦੀ ਰਿਪੋਰਟ ਅਨੁਸਾਰ, ਦੋਸ਼ੀਆਂ ਦੀ ਪਛਾਣ ਪਾਕਿਸਤਾਨੀ ਮੂਲ ਦੇ ਸਾਜਿਦ ਅਕਰਮ (50) ਅਤੇ ਉਸ ਦੇ ਪੁੱਤਰ ਨਾਵੀਦ ਅਕਰਮ (24) ਵਜੋਂ ਹੋਈ ਹੈ। ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਸਾਜਿਦ ਅਕਰਮ ਮਾਰਿਆ ਗਿਆ, ਜਦਕਿ ਨਾਵੀਦ ਅਕਰਮ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਹੈ।

ਆਸਟਰੇਲੀਆ ਦੇ ਗ੍ਰਹਿ ਮੰਤਰੀ ਮੁਤਾਬਕ, ਸਾਜਿਦ ਅਕਰਮ ਵਿਦਿਆਰਥੀ ਵੀਜ਼ੇ ’ਤੇ ਆਸਟਰੇਲੀਆ ਆਇਆ ਸੀ, ਜਦਕਿ ਉਸ ਦਾ ਪੁੱਤਰ ਇੱਥੇ ਜਨਮਿਆ ਨਾਗਰਿਕ ਹੈ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸਾਜਿਦ ਅਕਰਮ ਦੇ ਡਰਾਈਵਿੰਗ ਲਾਇਸੈਂਸ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ।

ਨਿਊ ਸਾਊਥ ਵੇਲਜ਼ ਦੇ ਪੁਲਿਸ ਕਮਿਸ਼ਨਰ ਮਾਲ ਲੈਨਯਨ ਨੇ ਦੱਸਿਆ ਕਿ ਇੱਕ ਸ਼ੂਟਰ ਪੁਲਿਸ ਕਾਰਵਾਈ ਦੌਰਾਨ ਮਾਰਿਆ ਗਿਆ, ਜਦਕਿ ਦੂਜੇ ਨੂੰ ਜ਼ਖ਼ਮੀ ਹਾਲਤ ਵਿੱਚ ਕਾਬੂ ਕਰ ਲਿਆ ਗਿਆ। ਹਾਲਾਂਕਿ ਪੁਲਿਸ ਨੂੰ ਇੱਕ ਸ਼ੂਟਰ ਬਾਰੇ ਪਹਿਲਾਂ ਜਾਣਕਾਰੀ ਸੀ, ਪਰ ਕਿਸੇ ਯੋਜਨਾਬੱਧ ਹਮਲੇ ਦੇ ਸੰਕੇਤ ਨਹੀਂ ਮਿਲੇ ਸਨ।

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਕਿਹਾ ਕਿ ਮਰਨ ਵਾਲਿਆਂ ਦੀ ਉਮਰ 10 ਤੋਂ 87 ਸਾਲ ਦੇ ਦਰਮਿਆਨ ਹੈ। ਇਸ ਸਮੇਂ ਘੱਟੋ-ਘੱਟ 42 ਲੋਕ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਕਿ ਇਹ ਘਟਨਾ ਆਸਟਰੇਲੀਆ ਦੇ ਇਤਿਹਾਸ ਦੀ ਸਭ ਤੋਂ ਦਰਦਨਾਕ ਅਤੇ ਘਾਤਕ ਸਮੂਹਕ ਗੋਲੀਬਾਰੀ ਵਿੱਚੋਂ ਇੱਕ ਹੈ, ਜਿਸ ਨੇ ਦੇਸ਼ ਨੂੰ ਝੰਝੋੜ ਕੇ ਰੱਖ ਦਿੱਤਾ ਹੈ।