ਲੈਂਡ ਪੂਲਿੰੰਗ ਪਾਲਿਸੀ ਤੋਂ ਬਾਅਦ ਸਰਕਾਰ ਤੇ AAP ਦਾ ਡੈਮੇਜ ਕੰਟਰੋਲ ਦਾ ਯਤਨ

 ਚੰਡੀਗੜ੍ਹ – ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਨੀਤੀ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੇ ਅਗਲੀਆਂ ਚੋਣਾਂ ਜਿੱਤਣ ਲਈ ਦਿੱਤੇ ਸਾਮ, ਦਾਮ, ਦੰਡ, ਭੇਦ ਵਾਲੇ ਬਿਆਨ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੌਜਵਾਨਾਂ ਨੂੰ ਚਿੱਠੀਆਂ ਲਿਖੀਆਂ ਹਨ, ਜਿਨ੍ਹਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਇਨ੍ਹਾਂ ਨੌਜਵਾਨਾਂ ਨੂੰ ਚਿੱਠੀ ਲਿਖ ਕੇ ਸਬੰਧਤ ਜਾਣਕਾਰੀ ਉਨ੍ਹਾਂ (ਮੁੱਖ ਮੰਤਰੀ) ਦੇ ਵੱਟਸਅਪ ਨੰਬਰ ’ਤੇ ਭੇਜਣ ਲਈ ਕਿਹਾ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਭਾਜਪਾ ਵਲੋਂ ਕੈਂਪ ਲਗਾ ਕੇ ਜਿੱਥੇ ਕੇਂਦਰ ਸਰਕਾਰ ਦੀਆਂ ਨੀਤੀਆਂ, ਸੁਵਿਧਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਲੋਕਾਂ ਦੇ ਮੋਬਾਇਲ ਤੇ ਫੋਨ ਨੰਬਰ ਵੀ ਪ੍ਰਾਪਤ ਕੀਤੇ ਜਾ ਰਹੇ ਹਨ। ਇਹ ਗੱਲ ਵੱਖਰੀ ਹੈ ਕਿ ਕਈ ਥਾਵਾਂ ’ਤੇ ਸਰਕਾਰ ਤੇ ਭਾਜਪਾ ਆਗੂ ਆਹਮੋ-ਸਾਹਮਣੇ ਹੋਏ ਹਨ ਤੇ ਕੈਂਪ ਲਗਾਉਣ ’ਤੇ ਭਾਜਪਾ ਆਗੂਆਂ ਨੂੰ ਰੋਕਿਆ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਭੇਜੇ ਪੱਤਰ ਵਿਚ ਆਪ ਸਰਕਾਰ ਦੌਰਾਨ ਨੌਕਰੀਆਂ ਪ੍ਰਾਪਤ ਕਰਨ ਦੀ ਨੀਤੀ ਦੀ ਤੁਲਨਾ ਤਤਕਾਲੀ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਸਰਕਾਰ ਨਾਲ ਤੁਲਨਾ ਕਰਦੇ ਹੋਏ, ਉਨ੍ਹਾਂ ਨੂੰ ਵੱਟਸਐਪ ’ਤੇ ਆਪਣਾ ਸੁਨੇਹਾ ਭੇਜਣ ਲਈ ਕਿਹਾ ਹੈ।

ਪੱਤਰ ’ਚ ਲਿਖੀ ਹੈ ਇਹ ਗੱਲ ..

ਮੁੱਖ ਮੰਤਰੀ ਨੇ ਪੰਜਾਬੀ ਵਿਚ ਲਿਖੇ ਪੱਤਰ ਵਿਚ ਕਿਹਾ ਹੈ ਕਿ … ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਤੁਹਾਨੂੰ ਸਰਕਾਰੀ ਨੌਕਰੀ ਮਿਲੀ ਹੈ। ਮੇਰੇ ਵਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਇਸ ਲਈ ਵਧਾਈਆਂ।

ਮੈਂ ਪੁੱਛਣਾ ਚਾਹੁੰਦਾ ਹਾਂ ਕੀ ਤੁਹਾਨੂੰ ਇਹ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਕਿਸੇ ਸਿਫ਼ਾਰਸ਼ ਦੀ ਲੋੜ ਸੀ? ਕੀ ਤੁਹਾਨੂੰ ਨੌਕਰੀ ਪ੍ਰਾਪਤ ਕਰਨ ਲਈ ਪੈਸੇ ਦੇਣੇ ਪਏ? ਕੀ ਤੁਹਾਨੂੰ ਬਿਨਾਂ ਸਿਫ਼ਾਰਸ਼ ਤੇ ਬਿਨਾਂ ਪੈਸੇ ਦੇ ਨੌਕਰੀ ਮਿਲੀ?

ਸਾਡੇ ਤੋਂ ਪਹਿਲਾਂ ਪੰਜਾਬ ਵਿਚ ਕਾਂਗਰਸ ਤੇ ਕਦੇ ਅਕਾਲੀ ਭਾਜਪਾ ਗਠਜੋੜ ਸਰਕਾਰ ਸੱਤਾ ਵਿਚ ਰਹੀ ਹੈ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੈਨੂੰ ਦੱਸੋ ਕੀ ਉਨ੍ਹਾਂ ਦੀਆਂ ਸਰਕਾਰਾਂ ਦੌਰਾਨ ਰਿਸ਼ਵਤ ਜਾਂ ਸਿਫਾਰਸ਼ ਤੋਂ ਬਿਨਾਂ ਨੌਕਰੀਆਂ ਮਿਲਦੀਆਂ ਸਨ? ਕੀ ਤੁਸੀਂ ਮੰਨਦੇ ਹੋ ਕਿ ਪੰਜਾਬ ਵਿਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਮਿਲ ਰਹੀਆਂ ਹਨ। ਮੈਂ ਤੁਹਾਡੇ ਜਵਾਬ ਦੀ ਉਡੀਕ ਕਰਾਂਗਾ। ਤੁਸੀਂ ਆਪਣਾ ਜਵਾਬ 9876761515 ’ਤੇ ਵਟਸਐਪ ਰਾਹੀਂ ਭੇਜ ਸਕਦੇ ਹੋ।

ਸੱਤਾ ਦੇ ਗਲਿਆਰਿਆ ਵਿਚ ਚਰਚਾ ਹੈ ਕਿ ਅਜਿਹਾ ਕਰ ਕੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਆਪਣੀ ਸਥਿਤੀ ਸੁਧਾਰਨਾ ਚਾਹੁੰਦੇ ਹਨ। ਲੈਂਡ ਪੂਲਿੰਗ ਨੀਤੀ ਤੇ ਔਰਤਾਂ ਨੂੰ ਇਕ ਪ੍ਰੋਗਰਾਮ ਦੌਰਾਨ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਲਈ ‘ਸਾਮ, ਦਾਮ, ਦੰਡ, ਭੇਦ’ ਅਪਣਾਉਣ ਦੀ ਗੱਲ ਕਰ ਰਹੇ ਸਨ। ਵੀਡਿਓ ਵਾਇਰਲ ਹੋਣ ਨਾਲ ਸਰਕਾਰ ਤੇ ਆਪ ਦੀ ਕਾਫ਼ੀ ਕਿਰਕਰੀ ਹੋਈ। ਕਾਂਗਰਸ ਨੇ ਸਿਸੋਦੀਆ ਖਿਲਾਫ਼ ਕੇਸ ਦਰਜ ਕਰਨ ਲਈ ਜ਼ਿਲ੍ਹਿਆਂ ਵਿਚ ਮੰਗ ਪੱਤਰ ਦਿੱਤੇ ਹਨ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਪਿੰਡਾਂ-ਕਸਬਿਆਂ ਵਿਚ ਕੈਂਪ ਲਗਾ ਕੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਰਹੇ ਹਨ।

ਇਹ ਕੰਮ ਪਿਛਲੇ ਡੇਢ ਮਹੀਨੇ ਤੋਂ ਚੱਲ ਰਿਹਾ ਸੀ। ਪਹਿਲਾਂ ਤਾਂ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਪਰ ਜਦੋਂ ਇਨ੍ਹਾਂ ਕੈਂਪਾਂ ਰਾਹੀਂ ਭਾਜਪਾ ਨੂੰ ਸਫ਼ਲਤਾ ਮਿਲਣੀ ਸ਼ੁਰੂ ਹੋਈ ਤੇ ਹਰ ਪਰਿਵਾਰ ਨੇ ਆਪਣਾ ਡਾਟਾ ਦੇਣਾ ਸ਼ੁਰੂ ਕਰ ਦਿੱਤਾ ਤਾਂ ਸੱਤਾਧਾਰੀ ਪਾਰਟੀ ਨੂੰ ਲੱਗਾ ਕਿ ਹਾਲਾਤ ਹੱਥੋਂ ਨਿਕਲ ਰਹੇ ਹਨ। ਇਸ ਤੋਂ ਬਾਅਦ ਸਰਕਾਰ ਨੇ ਕੈਂਪ ਲਗਾਉਣ ਵਾਲਿਆਂ ਨੂੰ ਭਾਜਪਾ ਆਗੂਆਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਵਿਧਾਨ ਸਭਾ ਚੋਣਾਂ ਅਜੇ ਦੂਰ ਹਨ, ਪਰ ਸਿਆਸੀ ਪਾਰਟੀਆਂ ਨੇ ਹੁਣ ਤੋਂ ਹੀ ਸਿਆਸੀ ਸਰਗਰਮੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਉੱਥੇ ਸਰਕਾਰ ਨੇ ਸੱਤਾ ਵਿਰੋਧੀ ਲਹਿਰ ਨੂੰ ਰੋਕਣ ਦੇ ਯਤਨ ਆਰੰਭ ਕਰ ਦਿੱਤੇ ਹਨ।