ਯਾਤਰੀਆਂ ਲੋਕਾਂ ਲਈ ਵੱਡੀ ਰਾਹਤ, ਜੰਮੂਤਵੀ ਤੋਂ ਚੱਲਣ ਵਾਲੀਆਂ ਛੇ ਪ੍ਰਮੁੱਖ ਰੇਲ ਗੱਡੀਆਂ ਪੂਰੀ ਤਰ੍ਹਾਂ ਬਹਾਲ

ਫਿਰੋਜ਼ਪੁਰ – ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਇਕ ਮਹੱਤਵਪੂਰਨ ਐਲਾਨ ਕੀਤਾ ਹੈ। ਉੱਤਰ ਰੇਲਵੇ ਦੇ ਮੁੱਖ ਲੋਕ ਸੰਪਰਕ ਅਫ਼ਸਰ, ਹਿਮਾਂਸ਼ੂ ਸ਼ੇਖਰ ਉਪਾਧਿਆਏ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਕੁੱਲ ਛੇ ਰੇਲ ਗੱਡੀਆਂ ਦੀਆਂ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। ਇਹ ਰੇਲ ਗੱਡੀਆਂ ਵੱਖ-ਵੱਖ ਕਾਰਨਾਂ ਕਰ ਕੇ ਰੱਦ ਜਾਂ ਅੰਸ਼ਕ ਤੌਰ ’ਤੇ ਰੱਦ ਕੀਤੀਆਂ ਜਾ ਰਹੀਆਂ ਸਨ, ਪਰ ਹੁਣ ਇਹ ਪੂਰੀ ਤਰ੍ਹਾਂ ਬਹਾਲ ਕਰ ਕੇ ਆਪਣੀ ਨਿਰਧਾਰਤ ਯਾਤਰਾ ਪੂਰੀ ਕਰਨਗੀਆਂ। ਇਹ ਖ਼ਬਰ ਖਾਸ ਕਰ ਕੇ ਉਨ੍ਹਾਂ ਯਾਤਰੀਆਂ ਲਈ ਵੱਡੀ ਰਾਹਤ ਹੈ ਜੋ ਜੰਮੂਤਵੀ ਤੋਂ ਆਪਣੀ ਯਾਤਰਾ ਸ਼ੁਰੂ ਕਰਦੇ ਹਨ। ਹੁਣ ਉਹ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਣਗੇ। ਬਹਾਲ ਕੀਤੀਆਂ ਗਈਆਂ ਰੇਲ ਗੱਡੀਆਂ ਦੀ ਪੂਰੀ ਸੂਚੀ ਦਿੱਤੀ ਗਈ ਹੈ, ਜਿਨ੍ਹਾਂ ਦਾ ਸੰਚਾਲਨ 27 ਅਗਸਤ 2025 ਤੋਂ ਸ਼ੁਰੂ ਹੋ ਚੁੱਕਾ ਹੈ। ਟਰੇਨ ਨੰਬਰ 15656 ਜੰਮੂਤਵੀ ਤੋਂ ਕਾਮਾਖਿਆ ਤੱਕ ਜਾਣ ਵਾਲੀ ਇਹ ਰੇਲ ਗੱਡੀ, ਜੋ ਪਹਿਲਾਂ ਰੱਦ ਕਰ ਦਿੱਤੀ ਗਈ ਸੀ, ਹੁਣ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਹੈ। ਟਰੇਨ ਨੰਬਰ 18102 ਜੰਮੂਤਵੀ ਤੋਂ ਸੰਬਲਪੁਰ ਜੰਕਸ਼ਨ ਤੱਕ ਜਾਣ ਵਾਲੀ ਇਹ ਟਰੇਨ ਹੁਣ ਜੰਮੂਤਵੀ ਤੋਂ ਹੀ ਚੱਲੇਗੀ। ਪਹਿਲਾਂ ਇਸ ਨੂੰ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਜਾ ਰਿਹਾ ਸੀ, ਜਿਸ ਨਾਲ ਯਾਤਰੀਆਂ ਨੂੰ ਮੁਸ਼ਕਿਲ ਆ ਰਹੀ ਸੀ। ਟਰੇਨ ਨੰਬਰ 12920 ਜੰਮੂਤਵੀ ਤੋਂ ਡਾ. ਅੰਬੇਡਕਰ ਨਗਰ ਤੱਕ ਜਾਣ ਵਾਲੀ ਇਹ ਰੇਲ ਗੱਡੀ ਵੀ ਹੁਣ ਪੂਰੀ ਤਰ੍ਹਾਂ ਬਹਾਲ ਹੋ ਗਈ ਹੈ। ਟਰੇਨ ਨੰਬਰ 12238 ਜੰਮੂਤਵੀ ਤੋਂ ਵਾਰਾਣਸੀ ਜਾਣ ਵਾਲੀ ਇਸ ਰੇਲਗੱਡੀ ਦਾ ਸੰਚਾਲਨ ਹੁਣ ਫਿਰ ਜੰਮੂਤਵੀ ਤੋਂ ਹੋਵੇਗਾ। ਇਸ ਤੋਂ ਪਹਿਲਾਂ ਇਹ ਜਲੰਧਰ ਕੈਂਟ ਤੋਂ ਸ਼ੁਰੂ ਹੁੰਦੀ ਸੀ। ਟਰੇਨ ਨੰਬਰ 12472 ਜੰਮੂਤਵੀ ਤੋਂ ਬਾਂਦਰਾ ਟਰਮਿਨਸ ਤੱਕ ਜਾਣ ਵਾਲੀ ਇਹ ਰੇਲ ਗੱਡੀ, ਜੋ ਪਹਿਲਾਂ ਰੱਦ ਸੀ, ਹੁਣ ਫਿਰ ਤੋਂ ਚੱਲਣੀ ਸ਼ੁਰੂ ਹੋ ਗਈ ਹੈ। ਟਰੇਨ ਨੰਬਰ 05194 ਜੰਮੂਤਵੀ ਤੋਂ ਛਪਰਾ ਤੱਕ ਚੱਲਣ ਵਾਲੀ ਇਹ ਵਿਸ਼ੇਸ਼ ਰੇਲ ਗੱਡੀ ਵੀ ਬਹਾਲ ਕਰ ਦਿੱਤੀ ਗਈ ਹੈ। ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਰੇਲ ਮਦਦ ਹੈਲਪਲਾਈਨ ਨੰਬਰ 139 ’ਤੇ ਸੰਪਰਕ ਕਰ ਸਕਦੇ ਹਨ ਜਾਂ ਐੱਨਟੀਈਐੱਸ ਐਪ ਦੀ ਵਰਤੋਂ ਕਰ ਸਕਦੇ ਹਨ।