ਗੁਰਦਾਸਪੁਰ-ਗੁਰਦਾਸਪੁਰ ਦੇ ਦੋਰਾਂਗਲਾ ਕਸਬੇ ਵਿਚ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਦੇ 381 ਵਿਦਿਆਰਥੀ ਤੇ 70 ਸਟਾਫ਼ ਮੈਂਬਰ ਦੇਰ ਰਾਤ ਇਲਾਕੇ ਵਿਚ ਰਾਵੀ ਦਰਿਆ ਦਾ ਪਾਣੀ ਭਰਨ ਕਾਰਨ ਫਸ ਗਏ। ਇਨ੍ਹਾਂ ਸਾਰਿਆਂ ਨੂੰ 12 ਘੰਟਿਆਂ ਬਾਅਦ ਐੱਨਡੀਆਰਐੱਫ, ਫੌਜ ਤੇ ਸਮਾਜ ਭਲਾਈ ਸੰਗਠਨਾਂ ਨੇ ਬਚਾਇਆ। ਪਤਾ ਲੱਗਿਆ ਹੈ ਕਿ ਰਾਵੀ ਨਦੀ ਦਾ ਪਾਣੀ ਕੰਢੇ ਪਾਰ ਕਰ ਕੇ ਲਗਭਗ 9 ਕਿਲੋਮੀਟਰ ਦੂਰ ਪਹੁੰਚ ਗਿਆ ਹੈ ਤੇ ਇਹ ਪਾਣੀ ਤੇਜ਼ੀ ਨਾਲ ਕਲਾਨੌਰ ਵੱਲ ਵਧ ਰਿਹਾ ਹੈ ਜਿਸ ਕਾਰਨ ਨੇੜਲੇ ਸਾਰੇ ਪਿੰਡ ਹੜ੍ਹ ਦੀ ਲਪੇਟ ਵਿਚ ਆ ਰਹੇ ਹਨ। ਦਬੂੜੀ ਜਵਾਹਰ ਨਵੋਦਿਆ ਵਿਦਿਆਲਿਆ ਰਸਤੇ ਵਿਚ ਸਥਿਤ ਹੈ। ਜਵਾਹਰ ਨਵੋਦਿਆ ਵਿਦਿਆਲਿਆ ਵਿਚ ਲਗਭਗ ਪੰਜ ਫੁੱਟ ਪਾਣੀ ਜਮ੍ਹਾਂ ਹੋ ਗਿਆ ਸੀ। ਮੰਗਲਵਾਰ ਸਵੇਰ ਤਕ ਇੱਥੇ ਸਥਿਤੀ ਆਮ ਸੀ, ਪਰ ਰਾਤ ਦੇ ਲਗਭਗ ਤਿੰਨ ਵਜੇ, ਇਲਾਕੇ ਵਿਚ ਅਚਾਨਕ ਪਾਣੀ ਭਰ ਗਿਆ, ਜਿਸ ਕਾਰਨ ਬੱਚੇ ਸਕੂਲ ਵਿਚ ਫਸ ਗਏ। ਪ੍ਰਿੰਸੀਪਲ ਨਰੇਸ਼ ਕੁਮਾਰ ਨੇ ਦੱਸਿਆ ਕਿ ਸਕੂਲ ’ਚ ਵੱਖ-ਵੱਖ ਜਮਾਤਾਂ ਦੇ 381 ਵਿਦਿਆਰਥੀ ਫਸ ਗਏ ਜੋ ਹੋਸਟਲ ਵਿਚ ਰਹਿ ਰਹੇ ਸਨ। ਇਹ ਸਾਰੇ ਬੱਚੇ ਜ਼ਿਲ੍ਹੇ ਦੇ ਹਨ। ਇਸ ਦੇ ਨਾਲ ਹੀ ਸਕੂਲ ਦੇ 70 ਅਧਿਆਪਕ ਤੇ ਸਟਾਫ਼ ਤੇ ਉਹ ਖੁਦ ਵੀ ਸਕੂਲ ਵਿਚ ਫਸ ਗਏ। ਬੱਚਿਆਂ ਨੂੰ ਸਕੂਲ ਦੀ ਪਹਿਲੀ ਮੰਜ਼ਿਲ ’ਤੇ ਸੁਰੱਖਿਅਤ ਰੱਖਿਆ ਗਿਆ। ਸਰਕਾਰ ਵੱਲੋਂ ਬੱਚਿਆਂ ਨੂੰ ਛੱਡਣ ਦੇ ਹੁਕਮਾਂ ਬਾਰੇ ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਪਹਿਲਾਂ ਕੋਈ ਹੁਕਮ ਨਹੀਂ ਮਿਲਿਆ ਸੀ। ਸਰਕਾਰ ਵੱਲੋਂ 27 ਤੋਂ 30 ਅਗਸਤ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ। ਰਾਤ ਨੂੰ ਲਗਭਗ 3 ਵਜੇ ਸਕੂਲ ਦੇ ਆਲੇ-ਦੁਆਲੇ ਅਚਾਨਕ ਪਾਣੀ ਭਰ ਗਿਆ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਡੀਸੀ ਦਲਵਿੰਦਰਜੀਤ ਸਿੰਘ ਨੇ ਸਕੂਲ ਵਿਚ ਫਸੇ ਬੱਚਿਆਂ ਨੂੰ ਬਚਾਉਣ ਲਈ ਟੀਮਾਂ ਤਾਇਨਾਤ ਕੀਤੀਆਂ। ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲ ਨੇ ਸਵੇਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਿਤ ਕੀਤਾ ਸੀ। ਬੱਚਿਆਂ ਨੂੰ ਬਚਾਉਣ ਲਈ ਪਹਿਲਾਂ ਬੱਸਾਂ ਭੇਜੀਆਂ ਗਈਆਂ ਪਰ ਪਾਣੀ ਬਹੁਤ ਜ਼ਿਆਦਾ ਸੀ। ਇਸ ਤੋਂ ਬਾਅਦ ਐੱਨਡੀਆਰਐੱਫ ਤੇ ਫੌਜ ਦੇ ਜਵਾਨਾਂ ਦੀ ਮਦਦ ਲਈ ਗਈ। ਬੱਚਿਆਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ।
ਤਾਲਿਬਪੁਰ ਪੰਡੋਰੀ ਦੀ ਰਹਿਣ ਵਾਲੀ ਮੰਜੂ ਨੇ ਦੱਸਿਆ ਕਿ ਉਸ ਦੀ ਧੀ ਸਟੈਲਾ ਸਕੂਲ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਹੈ। ਉਹ ਕੱਲ੍ਹ ਤੋਂ ਸਕੂਲ ਪ੍ਰਬੰਧਕਾਂ ਨੂੰ ਫ਼ੋਨ ਕਰ ਰਹੇ ਹਨ ਕਿ ਸਕੂਲ ਬੰਦ ਕਰ ਦਿੱਤੇ ਗਏ ਹਨ, ਪਰ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਸੀ। ਰਾਤ ਨੂੰ ਅਚਾਨਕ ਪਾਣੀ ਬਹੁਤ ਵੱਧ ਗਿਆ ਜਿਸ ਕਾਰਨ ਬੱਚੇ ਸਕੂਲ ਵਿਚ ਫਸ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਬੱਚਿਆਂ ਨੂੰ ਕੱਢਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਉਹ ਬੱਚਿਆਂ ਨਾਲ ਗੱਲ ਨਹੀਂ ਕਰ ਪਾ ਰਹੇ ਹਨ। ਅਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਭਿਜੀਤ ਛੇਵੀਂ ਜਮਾਤ ਵਿਚ ਪੜ੍ਹਦਾ ਹੈ। ਹੁਣ ਤੱਕ ਪ੍ਰਸ਼ਾਸਨ ਦੀ ਕੋਈ ਟੀਮ ਉਨ੍ਹਾਂ ਦੇ ਬੱਚਿਆਂ ਨੂੰ ਸਕੂਲ ਤੋਂ ਕੱਢਣ ਲਈ ਨਹੀਂ ਪਹੁੰਚੀ ਹੈ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਪਹਿਲੀ ਮੰਜ਼ਿਲ ’ਤੇ ਰੱਖਿਆ ਗਿਆ ਹੈ। ਜੇਕਰ ਇਮਾਰਤ ਪਾਣੀ ਨਾਲ ਖਰਾਬ ਹੋ ਜਾਂਦੀ ਹੈ ਤਾਂ ਵੱਡਾ ਹਾਦਸਾ ਹੋ ਸਕਦਾ ਹੈ। ਜਦੋਂ ਸਕੂਲ ਪ੍ਰਬੰਧਨ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਛੁੱਟੀਆਂ ਦਾ ਐਲਾਨ ਕਿਉਂ ਨਹੀਂ ਕੀਤਾ, ਤਾਂ ਜਵਾਬ ਮਿਲਿਆ ਕਿ ਕੇਂਦਰ ਸਰਕਾਰ ਵੱਲੋਂ ਛੁੱਟੀਆਂ ਸਬੰਧੀ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਹਨ। ਇਸ ਦੇ ਨਾਲ ਹੀ ਬੱਚਿਆਂ ਦੇ ਸਕੂਲ ਤੋਂ ਸੁਰੱਖਿਅਤ ਬਾਹਰ ਆਉਣ ਤੋਂ ਬਾਅਦ ਰਿਸ਼ਤੇਦਾਰਾਂ ਨੇ ਸੁੱਖ ਦਾ ਸਾਹ ਲਿਆ ਹੈ।