ਨਵੀਂ ਦਿੱਲੀ-ਏਸ਼ੀਆ ਕੱਪ 2025 ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ‘ਚ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਰੋਜਰ ਬਿੰਨੀ ਨੇ ਬੀਸੀਸੀਆਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਗਲੀਆਂ ਚੋਣਾਂ ਤਕ ਮੀਤ ਪ੍ਰਧਾਨ ਰਾਜੀਵ ਸ਼ੁਕਲਾ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਪ੍ਰਧਾਨ ਦੀ ਚੋਣ ਸਤੰਬਰ ‘ਚ ਹੋ ਸਕਦੀ ਹੈ। 2015 ‘ਚ ਸ਼ੁਕਲਾ ਨੂੰ ਬੀਸੀਸੀਆਈ ਵੱਲੋਂ ਸਹਿਮਤੀ ਨਾਲ ਆਈਪੀਐਲ ਦਾ ਪ੍ਰਧਾਨ ਮੁੜ ਨਿਯੁਕਤ ਕੀਤਾ ਗਿਆ ਸੀ। 18 ਦਸੰਬਰ 2020 ਨੂੰ ਉਨ੍ਹਾਂ ਨੂੰ ਬੀਸੀਸੀਆਈ ਦਾ ਨਿਰਵਿਰੋਧ ਮੀਤ ਪ੍ਰਧਾਨ ਚੁਣਿਆ ਗਿਆ ਸੀ।
‘ਜਾਗਰਣ ਸਮੂਹ’ ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ਬੁੱਧਵਾਰ ਨੂੰ ਹੋਈ ਬੀਸੀਸੀਆਈ ਦੀ ਸਿਖਰਲੀ ਕੌਂਸਲ ਦੀ ਬੈਠਕ ‘ਚ ਸ਼ੁਕਲਾ ਨੇ ਕਾਰਜਕਾਰੀ ਪ੍ਰਧਾਨ ਦਾ ਕਾਰਜਭਾਰ ਸੰਭਾਲਿਆ। ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਹੈ ਕਿ ਬੈਠਕ ਦਾ ਮੁੱਖ ਏਜੰਡਾ ਇਸ ਮਹੀਨੇ ਦੀ ਸ਼ੁਰੂਆਤ ‘ਚ ਡਰੀਮ 11 ਦੇ ਜਾਣ ਤੋਂ ਬਾਅਦ ਟੀਮ ਇੰਡੀਆ ਦੇ ਨਵੇਂ ਮੁੱਖ ਸਪਾਂਸਰ ਬਾਰੇ ਚਰਚਾ ਕਰਨਾ ਸੀ। ਹਾਲਾਂਕਿ, 9 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਦੇ ਨਾਲ ਇਕ ਨਵਾਂ ਸਪਾਂਸਰ ਲੱਭਣਾ ਇਕ ਵੱਡੀ ਚੁਣੌਤੀ ਬਣੀ ਹੋਈ ਹੈ।
ਇਹ ਜਾਣਨਾ ਜ਼ਰੂਰੀ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਦੇ ਅਧਾਰ ‘ਤੇ ਆਏ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਬਣੇ ਸੰਵਿਧਾਨ ‘ਤੇ ਚੱਲਦਾ ਹੈ। ਜਦ ਤਕ ਨਵਾਂ ਕਾਨੂੰਨ ਪ੍ਰਕਾਸ਼ਿਤ ਨਹੀਂ ਹੁੰਦਾ, ਤਦ ਤਕ ਬੀਸੀਸੀਆਈ ਅਤੇ ਸੂਬਾ ਸੰਘਾਂ ਨੂੰ ਪੁਰਾਣੇ ਸੰਵਿਧਾਨ ਦੇ ਅਧਾਰ ‘ਤੇ ਹੀ ਕੰਮ ਕਰਨਾ ਪਵੇਗਾ। ਖੇਡ ਮੰਤਰਾਲੇ ਨੇ ਵੀ ਬੋਰਡ ਅਤੇ ਰਾਜ ਕ੍ਰਿਕਟ ਸੰਘਾਂ ਦੀਆਂ ਚੋਣਾਂ ਬਾਰੇ ਸਥਿਤੀ ਸਾਫ ਕੀਤੀ ਸੀ।
ਇਕ ਅਧਿਕਾਰੀ ਨੇ ਕਿਹਾ ਸੀ ਕਿ ਜਦ ਤਕ ਨਵਾਂ ਬਿੱਲ ਪ੍ਰਕਾਸ਼ਿਤ ਨਹੀਂ ਹੁੰਦਾ, ਤਦ ਤਕ ਕ੍ਰਿਕਟ ਨਾਲ ਸੰਬੰਧਿਤ ਸੰਘ ਪੁਰਾਣੇ ਸੰਵਿਧਾਨ ਦੇ ਅਧਾਰ ‘ਤੇ ਹੀ ਚੱਲਣਗੇ। ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਦੇ ਅਧਾਰ ‘ਤੇ ਅਹੁਦੇਦਾਰਾਂ ਦੀ ਵੱਧ ਤੋਂ ਵੱਧ ਉਮਰ 70 ਸਾਲ ਹੈ। 19 ਜੁਲਾਈ ਨੂੰ 70 ਸਾਲ ਦੇ ਹੋਣ ਕਾਰਨ ਰੋਜਰ ਬਿੰਨੀ ਨੂੰ ਆਪਣਾ ਅਹੁਦਾ ਛੱਡਣਾ ਪਿਆ।