ਅਜਨਾਲਾ- ਕੁਦਰਤ ਦਾ ਕਹਿਰ ਹੜ੍ਹ ਦੇ ਪਾਣੀ ਦੇ ਰੂਪ ’ਚ ਇਸ ਤਰ੍ਹਾਂ ਆਇਆ ਕਿ ਸਭ ਕੁਝ ਤਬਾਹ ਹੋ ਗਿਆ। ਵਿਧਾਨ ਸਭਾ ਹਲਕਾ ਅਜਨਾਲਾ ਦੇ ਰਮਦਾਸ ਸੈਕਟਰ ਦੇ 45 ਪਿੰਡਾਂ ਦੇ ਲੋਕ ਰਾਤ ਨੂੰ ਸੁੱਤੇ ਤੇ ਸਵੇਰੇ ਪਾਣੀ ਨਾਲ ਘਿਰੇ ਹੋਏ ਪਾਏ ਗਏ। ਸਾਲਾਂ ਦੀ ਮਿਹਨਤ ਨਾਲ ਬਣੇ ਘਰ ਪਾਣੀ ’ਚ ਡੁੱਬ ਗਏ। ਸਾਮਾਨ ਨਾਲ ਬੱਚਿਆਂ ਵਾਂਗ ਪਾਲੇ ਪਸ਼ੂ ਵੀ ਰੁੜ੍ਹ ਗਏ। ਪਿੰਡਾਂ ਵਿਚ ਸੱਤ ਸੱਤ ਫੁੱਟ ਤੱਕ ਪਾਣੀ ਭਰਿਆ ਹੈ। ਪਿਛਲੇ 96 ਘੰਟਿਆਂ ਤੋਂ ਲੋਕ ਛੱਤਾਂ ‘ਤੇ ਜੀਵਨ ਬਸਰ ਕਰ ਰਹੇ ਹਨ। ਪਾਣੀ ਦੇ ਵਿਚਕਾਰ ਵੀ ਪੀਣ ਲਈ ਪਾਣੀ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਹੜ੍ਹ ਤੋਂ ਪਹਿਲਾਂ ਘਰਾਂ ਦੀਆਂ ਟੈਂਕੀਆਂ ਵਿਚ ਭਰੇ ਪਾਣੀ ਨਾਲ ਪਿਆਸ ਬੁਝਾਈ ਜਾ ਰਹੀ ਹੈ। ਜ਼ਿੰਦਗੀ ਹੁਣ ਤੱਕ ਬਚੇ ਹੋਏ ਰਾਸ਼ਨ ਨਾਲ ਚੱਲ ਰਹੀ ਹੈ। ਰਾਵੀ ਦਰਿਆ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ ਹਾਲਾਤ ਹੋਰ ਵੀ ਵਿਗੜ ਸਕਦੇ ਹਨ।
ਰਾਵੀ ਦਰਿਆ ‘ਤੇ ਬਣੇ ਬੰਨ੍ਹਾਂ ਦੇ ਟੁੱਟਣ ਕਾਰਨ ਰਮਦਾਸ ਸੈਕਟਰ ਦੇ ਬਾਰਡਰ ਤੋਂ 24 ਕਿਲੋਮੀਟਰ ਤੱਕ ਪਾਣੀ ਅੰਦਰ ਆ ਗਿਆ ਹੈ। 45 ਪਿੰਡ ਪਾਣੀ-ਪਾਣੀ ਹੋ ਗਏ ਹਨ। 37 ਸਾਲਾਂ ਬਾਅਦ ਅਜਿਹਾ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ ਹੈ। ਇਸ ਤੋਂ ਪਹਿਲਾਂ 1988 ’ਚ ਅਜਿਹੇ ਹਾਲਾਤ ਬਣੇ ਸਨ। ਇਹੀ ਕਾਰਨ ਸੀ ਕਿ ਲੋਕ ਇਸ ਲਈ ਤਿਆਰ ਨਹੀਂ ਸਨ। ਜਿਵੇਂ ਹੀ 25 ਅਗਸਤ ਨੂੰ ਪਾਣੀ ਚੜ੍ਹਨਾ ਸ਼ੁਰੂ ਹੋਇਆ, ਪ੍ਰਸ਼ਾਸਨ ਚੌਕਸ ਹੋ ਗਿਆ ਪਰ ਇਸ ਤੋਂ ਪਹਿਲਾਂ ਉਹ ਕੁਝ ਕਰ ਸਕਦੇ, ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਗਿਆ ਕਿ ਦੇਖਦੇ ਹੀ ਦੇਖਦੇ ਪਿੰਡਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਜਿਨ੍ਹਾਂ 14 ਪਿੰਡਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਸੀ, ਰਾਤ ਹੋਣ ਤੱਕ ਉਨ੍ਹਾਂ ਵਿਚ ਪਾਣੀ ਦਾਖ਼ਲ ਹੋ ਗਿਆ ਤੇ ਪੰਜ ਤੋਂ ਸੱਤ ਫੁੱਟ ਤੱਕ ਪਾਣੀ ਭਰ ਗਿਆ। ਅਜਿਹੇ ’ਚ ਪਿੰਡ ਵਾਸੀਆਂ ਲਈ ਉਥੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ। ਹਾਲਾਂਕਿ ਪੂਰਾ ਤੰਤਰ ਸਿਸਟਮ ਰਾਹੀਂ ਰਾਹਤ ਪਹੁੰਚਾਉਣ ਵਿਚ ਲੱਗਾ ਹੋਇਆ ਹੈ ਪਰ ਅਜੇ ਵੀ ਬਾਰਡਰ ‘ਤੇ ਬਹੁਤ ਸਾਰੇ ਪਿੰਡ ਅਜਿਹੇ ਹਨ, ਜਿੱਥੇ ਰਾਹਤ ਸਮੱਗਰੀ ਨਹੀਂ ਪਹੁੰਚ ਸਕੀ ਹੈ।
ਅਜਨਾਲਾ ਹਲਕੇ ’ਚ ਹੜ੍ਹ ਦੇ ਪਾਣੀ ਕਾਰਨ ਹਾਲਾਤ ਕਾਫੀ ਗੰਭੀਰ ਹਨ। ਇਨ੍ਹਾਂ 45 ਪਿੰਡਾਂ ਵਿਚ ਫਸੇ 60 ਤੋਂ 70 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਹਾਲੇ ਲੋਕ ਛੱਤਾਂ ‘ਤੇ ਤਿਰਪਾਲ ਦੇ ਸਹਾਰੇ ਜੀਵਨ ਬਸਰ ਕਰ ਰਹੇ ਹਨ। ਜਿਨ੍ਹਾਂ ਕੋਲ ਤਿਰਪਾਲ ਨਹੀਂ ਹੈ, ਉਹ ਖੁੱਲ੍ਹੇ ਅਸਮਾਨ ਹੇਠ ਰਹਿ ਰਹੇ ਹਨ। ਪਾਣੀ ਦਾ ਵਹਾਅ ਤੇਜ਼ ਨਾ ਹੋ ਜਾਵੇ, ਇਸ ਲਈ ਰਾਤਾਂ ਜਾਗ ਕੇ ਬਿਤਾ ਰਹੇ ਹਨ। 45 ਪਿੰਡਾਂ ਦੀ ਬਿਜਲੀ ਵੀ ਬੰਦ ਹੈ। ਅਜਿਹੇ ਵਿਚ ਰਾਤ ਭਰ ਮੱਛਰ ਕੱਟਦੇ ਹਨ। ਇਸ ਨਾਲ ਬਿਮਾਰੀਆਂ ਦਾ ਖ਼ਤਰਾ ਵੀ ਵਧ ਗਿਆ ਹੈ। ਉੱਥੇ, ਲੋਕ ਇਸ ਲਈ ਵੀ ਜਾਣ ਲਈ ਤਿਆਰ ਨਹੀਂ ਹਨ ਕਿ ਰਿਸ਼ਤੇਦਾਰਾਂ ਕੋਲ ਜਾ ਕੇ ਉਨ੍ਹਾਂ ਨੂੰ ਕਿੰਨੇ ਕੁ ਦਿਨ ਤੰਗ ਕਰਨਗੇ।
**ਸਾਮਾਨ ਅਤੇ ਪਸ਼ੂ ਰੁੜ੍ਹ ਗਏ, ਰਾਸ਼ਨ ਵਿਚ ਵੀ ਨਾਮਾਤਰ ਬਚਿਆ**
ਰਮਦਾਸ ਦੇ ਪਿੰਡ ਨੰਗਲ ਸੋਹਲੀ ਦੇ ਸੁਖਵਿੰਦਰ, ਸਾਹਿਬ ਜੀਤ ਅਤੇ ਜਸਪਾਲ ਸਿੰਘ ਨੇ ਕਿਹਾ ਕਿ ਪਿੰਡ ਵਿਚ ਛੇ ਤੋਂ ਸੱਤ ਫੁੱਟ ਤੱਕ ਪਾਣੀ ਭਰਿਆ ਹੋਇਆ ਹੈ। ਲੋਕਾਂ ਦੇ ਘਰਾਂ ’ਚ ਵੀ ਪਾਣੀ ਹੈ। ਉੱਚੇ ਘਰਾਂ ਵਿਚ ਲੋਕ ਟੈਂਟ ਜਾਂ ਤਿਰਪਾਲ ਲਾ ਕੇ ਰਹਿ ਰਹੇ ਹਨ। ਇਕਦਮ ਪਿੰਡਾਂ ਵਿਚ ਪਾਣੀ ਆ ਜਾਣ ਕਾਰਨ ਲੋਕਾਂ ਨੂੰ ਆਪਣੇ ਪਸ਼ੂਆਂ ਅਤੇ ਸਾਮਾਨ ਨੂੰ ਕੱਢਣ ਦਾ ਸਮਾਂ ਨਹੀਂ ਮਿਲਿਆ। ਇੱਥੇ ਇੰਨਾ ਪਾਣੀ ਆ ਚੁੱਕਾ ਹੈ ਕਿ ਹੁਣ ਪੈਰ ਰੱਖਣ ਲਈ ਸੁੱਕੀ ਜਗ੍ਹਾ ਨਹੀਂ ਬਚੀ। 96 ਘੰਟਿਆਂ ਤੋਂ ਛੱਤਾਂ ‘ਤੇ ਬੈਠੇ ਹਨ। ਹੁਣ ਤੱਕ ਉਨ੍ਹਾਂ ਨੂੰ ਕੋਈ ਰਾਹਤ ਸਮੱਗਰੀ ਵੀ ਨਹੀਂ ਮਿਲੀ। ਜੇਕਰ ਮੀਂਹ ਪਿਆ ਤਾਂ ਬਚਾਅ ਕਰਨਾ ਮੁਸ਼ਕਲ ਹੋ ਜਾਵੇਗਾ। ਕਿਉਂਕਿ ਛੱਤਾਂ ‘ਤੇ ਰਹਿਣ ਲਈ ਮਜ਼ਬੂਤ ਤਿਰਪਾਲ ਜਾਂ ਤੰਬੂ ਦੀ ਲੋੜ ਹੈ ਜੋ ਕਿ ਨਹੀਂ ਹੈ। ਘਰ ਵਿਚ ਖਾਣ-ਪੀਣ ਦਾ ਥੋੜ੍ਹਾ ਹੀ ਸਾਮਾਨ ਬਚਿਆ ਹੈ, ਜੋ ਖ਼ਤਮ ਹੋਣ ‘ਤੇ ਖਾਣ ਲਈ ਮੁਸ਼ਕਲ ਹੋ ਸਕਦੀ ਹੈ।
ਅਜਨਾਲਾ ਤੋਂ ਆਠ ਕਿਲੋਮੀਟਰ ਦੂਰ ਗੱਗੋਮਾਹਲ ਤੱਕ ਪੁੱਜਾ ਪਾਣੀ**
ਬਾਰਡਰ ਤੋਂ 24 ਕਿਲੋਮੀਟਰ ਤੱਕ ਹਰ ਪਾਸੇ ਪਾਣੀ ਹੀ ਪਾਣੀ ਹੈ। ਰਾਵੀ ਦਰਿਆ ਤੋਂ ਘੋਨੇਵਾਲ ਦੀ ਦੂਰੀ ਇਕ-ਡੇਢ ਕਿਲੋਮੀਟਰ, ਘੋਨੇਵਾਲ ਤੋਂ ਰਮਦਾਸ ਤੱਕ ਛੇ ਕਿਲੋਮੀਟਰ, ਰਮਦਾਸ ਤੋਂ ਗੱਗੋਮਾਹਲ ਨੌਂ ਕਿਲੋਮੀਟਰ ਅਤੇ ਗੱਗੋਮਾਹਲ ਤੋਂ ਅਜਨਾਲਾ ਅੱਠ ਕਿਲੋਮੀਟਰ ਦੀ ਦੂਰੀ ‘ਤੇ ਹੈ। ਵੀਰਵਾਰ ਨੂੰ ਪਾਣੀ ਗੱਗੋਮਾਹਲ ਵਿਚ ਦਾਖਲ ਹੋ ਗਿਆ ਅਤੇ ਸ਼ੁੱਕਰਵਾਰ ਨੂੰ ਪਾਣੀ ਉਸ ਤੋਂ ਅੱਗੇ ਵਧ ਗਿਆ। ਅਜਨਾਲਾ ਸ਼ਿਵ ਮੰਦਰ ਅਤੇ ਕੀਤਰਨ ਦਰਬਰ ਸਮਿਤੀ ਦੀਆਂ ਗਲੀਆਂ ਤੱਕ ਪਾਣੀ ਪਹੁੰਚਣ ਤੋਂ ਬਾਅਦ ਅਜਨਾਲਾ ਸਿਟੀ ਦੇ ਲੋਕਾਂ ਵਿਚ ਵੀ ਡਰ ਬਣ ਗਿਆ ਹੈ ਕਿ ਜੇਕਰ ਵਹਾਅ ਘੱਟ ਨਾ ਹੋਇਆ ਤਾਂ ਅਜਨਾਲਾ ਵੀ ਪਾਣੀ ਦੀ ਚਪੇਟ ਵਿਚ ਆ ਜਾਵੇਗਾ। ਫਿਲਹਾਲ ਪਾਣੀ ਅਜੇ ਵੀ ਸੱਤ ਤੋਂ ਆਠ ਕਿਲੋਮੀਟਰ ਦੀ ਦੂਰੀ ‘ਤੇ ਹੈ।