ਰਾਹਤ ਕੈਂਪਾਂ ’ਚ 200 ਦੇ ਕਰੀਬ ਲੋਕਾਂ ਨੇ ਲਿਆ ਆਸਰਾ : ਡੀਸੀ

ਅੰਮ੍ਰਿਤਸਰ – ਲਗਾਤਾਰ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਅਜਨਾਲਾ ਹਲਕੇ ਵਿਚ ਕਈ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਲਗਾਤਾਰ ਸਾਰੇ ਪ੍ਰਬੰਧਾਂ ਦੀ ਖੁਦ ਨਿਗਰਾਨੀ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਥਾਪਿਤ ਕੀਤੇ ਗਏ ਰਾਹਤ ਕੇਂਦਰਾਂ ਵਿੱਚ ਹੁਣ ਤੱਕ ਕਰੀਬ 200 ਤੋਂ ਵੱਧ ਲੋਕ ਆਸਰਾ ਲੈ ਚੁੱਕੇ ਹਨ ਅਤੇ ਇਨਾਂ ਲੋਕਾਂ ਨੂੰ ਜਿਲ੍ਹਾ ਪ੍ਰਸ਼ਾਸਨ ਦੀ ਤਰਫ਼ੋ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ ਰਾਸ਼ਨ, ਪੀਣਾ ਵਾਲਾ ਪਾਣੀ, ਪਸ਼ੂਆਂ ਲਈ ਚਾਰੇ ਆਦਿ ਦੇਣ ਲਈ ਕੋਈ ਵੀ ਵਿਅਕਤੀ ਜਾਂ ਸੰਸਥਾ ਰੈਡ ਕਰਾਸ ਅੰਮ੍ਰਿਤਸਰ ਅਤੇ ਮਾਰਕੀਟ ਕਮੇਟੀ ਅਜਨਾਲਾ ਦੇ ਦਫ਼ਤਰ ਵਿੱਖੇ ਪੁਜਦਾ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰਾਹਤ ਸਮੱਗਰੀ ਦੇਣ ਲਈ ਦਵਿੰਦਰ ਠਾਕੁਰ ਦੇ ਮੋਬਾਇਲ ਨੰਬਰ 9877076017 ਤੇ ਵੀ ਸੰਪਰਕ ਸਥਾਪਿਤ ਕੀਤਾ ਜਾ ਸਕਦਾ ਹੈ। ਇਹਨਾਂ ਦਾ ਨੋਡਲ ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਕੌਰ ਨੂੰ ਬਣਾਇਆ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਕੌਰ ਨੇ ਦੱਸਿਆ ਕਿ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਕੈਂਪ ਦਾਣਾ ਮੰਡੀ ਅਜਨਾਲਾ, ਭਲਾ ਪਿੰਡ ਸ਼ੁਗਰ ਮਿਲ ਅਤੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਸ਼ੂਆਂ ਲਈ ਦਾਣਾ ਮੰਡੀ ਅਜਨਾਲਾ ਵਿਖੇ ਵੀ ਇਕ ਵਿਸ਼ੇਸ਼ ਰਾਹਤ ਕੈਂਪ ਸਥਾਪਤ ਕੀਤਾ ਗਿਆ ਹੈ, ਜਿਥੇ ਪਸ਼ੂਆਂ ਦੇ ਚਾਰੇ ਦੇ ਪ੍ਰਬੰਧ ਤੋਂ ਇਲਾਵਾ ਵੈਟਨਰੀ ਡਾਕਟਰ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਲੋੜਵੰਦ ਵਿਅਕਤੀ ਰਾਹਤ ਕੰਮ ਦਾਣਾ ਮੰਡੀ ਚੋਗਾਵਾਂ ਰੋਡ ਅਜਨਾਲਾ ਦੇ ਹੈਲਪਲਾਈਨ ਨੰਬਰ, ਰਾਹਤ ਕੈਂਪ ਭਲਾ ਪਿੰਡ ਸ਼ੁਗਰ ਮਿੱਲ ਦੇ ਹੈਲਪ ਲਾਈਨ ਨੰਬਰ ਤੇ ਰਾਹਤ ਕੈਂਪ ਗੁਰਦੁਆਰਾ ਗੁਰੂ ਕਾ ਬਾਗ ਦੇ ਹੈਲਪ ਲਾਈਨ ਨੰਬਰ ਤੇ ਕਿਸੇ ਵੀ ਮਦਦ ਲਈ ਸੰਪਰਕ ਸਥਾਪਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਤਹਿਸੀਲ ਮਜੀਠਾ ਅਧੀਨ ਆਉਂਦੇ ਪਿੰਡਾਂ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸਦਾ ਨੰਬਰ ਹੈ ਜੋ ਕਿ 24 ਘੰਟੇ ਗਤੀਸ਼ੀਲ ਰਹੇਗਾ। ਉਨ੍ਹਾਂ ਦੱਸਿਆ ਪ੍ਰਸਾਸ਼ਨ ਹਰ ਵੇਲੇ ਉਨ੍ਹਾਂ ਦੀ ਸਹਾਇਤ ਕਰਨ ਲਈ ਹਾਜਰ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਹੜ੍ਹ ਪੀੜਤ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਰਾਹਤ ਕੈਂਪਾਂ ਵਿੱਚ ਸ਼ਰਨ ਲੈ ਸਕਦੇ ਹਨ ਅਤੇ ਇਨ੍ਹਾਂ ਵਾਸਤੇ ਰੋਟੀ ਪਾਣੀ ਦੀ ਪੂਰੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਜਿਲ੍ਹਾ ਪ੍ਰਸਾਸ਼ਨ ਵੱਲੋਂ ਜਿਲ੍ਹਾ ਪੱਧਰ ਤੇ ਹੈਲਪ ਲਾਈਨ ਨੰਬਰ ਤੇ ਅਜਨਾਲਾ ਵਿਖੇ ਹੈਲਪ ਲਾਈਨ ਨੰਬਰ ਵੀ ਸੰਪਰਕ ਸਥਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਣਸੁਖਾਵੀ ਸਥਿਤੀ ਵਿੱਚ ਇਨ੍ਹਾਂ ਹੈਲਪ ਲਾਈਨ ਨੰਬਰਾਂ ਤੇ ਸੰਪਰਕ ਕੀਤਾ ਜਾਵੇ ਤਾਂ ਜੋ ਪ੍ਰਸਾਸ਼ਨ ਉਨ੍ਹਾਂ ਦੀ ਹਰ ਸੰਭਵ ਮਦਦ ਕਰ ਸਕੇ। ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਨਾਲਾ ਵਿਖੇ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ ਸਰਕਾਰੀ ਸਕੂਲ ਤਲਵੰਡੀ ਨਾਹਰ, ਮੱਧੂ ਛਾਂਗਾ, ਮੋਹਣ ਭੰਡਾਰੀਆਂ, ਚੱਕ ਸਿਕੰਦਰ , ਗੋਰੇਨੰਗਲ, ਦਿਆਲ ਭੜੰਗ ਅਤੇ ਅਜਨਾਲਾ ਵਿਖੇ ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ, ਜਿਥੇ ਕੋਈ ਵੀ ਹੜ੍ਹ ਪੀੜ੍ਹਤ ਪਰਿਵਾਰ ਇਨਾਂ ਕੈਂਪਾਂ ਵਿੱਚ ਸ਼ਰਨ ਲੈ ਸਕਦਾ ਹੈ।