ਨਵੀਂ ਦਿੱਲੀ – ਪਹਿਲਗਾਮ ‘ਚ ਹੋਏ ਆਤੰਕੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ‘ਚ ਸਥਿਤ ਆਤਮਕ ਟਿਕਾਣਿਆਂ ‘ਤੇ ਹਵਾਈ ਹਮਲੇ ਕਰ ਕੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਸੀ। ਇਸ ਤੋਂ ਬਾਅਦ ਬੌਖ਼ਲਾਏ ਪਾਕਿਸਤਾਨ ਨੇ ਭਾਰਤ ‘ਤੇ ਤਾਬੜਤੋੜ ਮਿਜ਼ਾਈਲਾਂ ਦਾਗਣ ਦਾ ਦੌਰ ਦਿਖਾਇਆ, ਪਰ ਜਵਾਬੀ ਹਮਲੇ ਦੇ ਕੁਝ ਦਿਨਾਂ ‘ਚ ਹੀ ਉਹ ਗੋਡਿਆਂ ਭਾਰ ਆ ਗਿਆ।
ਹਵਾਈ ਫੌਜ ਦੇ ਡਿਪਟੀ ਚੀਫ ਨੇ ਆਪਰੇਸ਼ਨ ਸਿੰਦੂਰ ਨਾਲ ਜੁੜੇ ਕੁਝ ਨਵੇਂ ਵੇਰਵੇ ਸਾਂਝੇ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ‘ਤੇ 50 ਹਥਿਆਰ ਵੀ ਨਹੀਂ ਦਾਗੇ ਤੇ ਉਹ ਸੀਜ਼ਫਾਇਰ ਲਈ ਗਿੜਗਿੜਾਉਣ ਲੱਗਾ। ਏਅਰ ਮਾਰਸ਼ਲ ਨੇ ਗੱਲ-ਗੱਲ ‘ਤੇ ਧਮਕੀਆਂ ਦੇਣ ਵਾਲੇ ਪਾਕਿਸਤਾਨੀ ਦੀ ਸਾਰੀ ਪੋਲ-ਪੱਟੀ ਖੋਲ੍ਹ ਕੇ ਰੱਖ ਦਿੱਤੀ।
ਨਿਊਜ਼ ਚੈਨਲ ਐਨਡੀਟੀਵੀ ਦੇ ਪ੍ਰੋਗਰਾਮ ‘ਡਿਫੈਂਸ ਸਮਿਟ 2025’ ‘ਚ ਏਅਰ ਮਾਰਸ਼ਲ ਤਿਵਾੜੀ ਨੇ ਕਿਹਾ ਕਿ ਪਾਕਿਸਤਾਨ ਨੂੰ ਸੀਜ਼ਫਾਇਰ ਦੀ ਮੇਜ਼ ‘ਤੇ ਲਿਆਉਣ ਲਈ 50 ਤੋਂ ਵੀ ਘੱਟ ਹਥਿਆਰ ਚਲਾਉਣੇ ਪਏ। ਉਨ੍ਹਾਂ ਕਿਹਾ, “ਯੁੱਧ ਸ਼ੁਰੂ ਕਰਨਾ ਬਹੁਤ ਆਸਾਨ ਹੈ ਪਰ ਇਸਨੂੰ ਖਤਮ ਕਰਨਾ ਆਸਾਨ ਨਹੀਂ। ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੀ ਫੌਜ ਸਰਗਰਮ ਰਹੇ, ਤਾਇਨਾਤ ਰਹੇ ਤੇ ਕਿਸੇ ਵੀ ਸੰਭਾਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਰਹੇ।”
ਇਹ ਵੀ ਜਾਣਨਾ ਜ਼ਰੂਰੀ ਹੈ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਵੱਲੋਂ ਕੀਤੀ ਗਈ ਹਿਮਾਕਤ ਦਾ ਭਾਰਤ ਨੇ ਮੂੰਹਤੋੜ ਜਵਾਬ ਦਿੱਤਾ। ਚਾਰ ਦਿਨਾਂ ਤਕ ਦੋਹਾਂ ਪਾਸਿਆਂ ਤੋਂ ਮਿਜ਼ਾਈਲਾਂ ਤੇ ਡਰੋਨਾਂ ਨਾਲ ਹਮਲੇ ਕੀਤੇ ਗਏ। ਪਰ ਇਸ ਸਮੇਂ ਪਾਕਿਸਤਾਨ ਦੀ ਕਮਰ ਟੁੱਟ ਗਈ। ਭਾਰਤੀ ਹਵਾਈ ਫੌਜ ਨੇ 10 ਮਈ ਦੀ ਸਵੇਰੇ ਪਾਕਿਸਤਾਨੀ ਹਵਾਈ ਫੌਜ ਦੇ ਕੁਝ ਮੁੱਖ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਬ੍ਰਹਿਮੋਸ ਮਿਜ਼ਾਈਲਾਂ ਚਲਾਈਆਂ।
ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ‘ਚ ਸਥਿਤ ਜੈਕੋਬਾਬਾਦ, ਭੋਲਾਰੀ ਤੇ ਸਕਾਰਦੂ ‘ਚ ਕੁਝ ਹਮਲਿਆਂ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਸ਼ਾਮ ਦੇ ਸਮੇਂ ਪਾਕਿਸਤਾਨ ਨੇ ਭਾਰਤ ਤੋਂ ਸੀਜ਼ ਫਾਇਰ ਦੀ ਬੇਨਤੀ ਕੀਤੀ ਅਤੇ ਫਿਰ ਦੋਹਾਂ ਦੇਸ਼ਾਂ ਵਿਚਕਾਰ ਸੀਜ਼ ਫਾਇਰ ਹੋ ਗਿਆ।