ਨਵੀਂ ਦਿੱਲੀ – ਜਿਸ ਭਾਰਤੀ ਅਰਥਚਾਰੇ ਨੂੰ ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈੱਡ ਇਕੋਨਾਮੀ ਦੱਸਿਆ ਸੀ, ਉਸੇ ਦੀ ਪਹਿਲੀ ਤਿਮਾਹੀ ਦੇ ਨਤੀਜਿਆਂ ਨੇ ਦੁਨੀਆ ਭਰ ਨੂੰ ਹੈਰਾਨ ਕਰ ਦਿੱਤਾ ਹੈ। ਚਾਲੂ ਵਿੱਤੀ ਵਰ੍ਹੇ 2025-26 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਦੇ ਦੌਰਾਨ ਭਾਰਤ ਦੀ ਜੀਡੀਪੀ ਦੀ ਵਾਧਾ ਦਰ 7.8 ਫ਼ੀਸਦੀ ਰਹੀ ਹੈ। ਦੁਨੀਆ ਭਰ ਵਿਚ ਚੱਲ ਰਹੀ ਉਥਲ-ਪੁਥਲ ਵਿਚਾਲੇ ਇਹ ਵਿਕਾਸ ਦਰ ਕਾਫੀ ਅਹਿਮ ਹੈ ਅਤੇ ਇਸ ਨੇ ਆਰਬੀਆਈ ਸਣੇ ਤਮਾਮ ਵਿੱਤੀ ਏਜੰਸੀਆਂ ਦੇ ਪੇਸ਼ੀਨਗੋਈਆਂ ਨੂੰ ਪਿੱਛੇ ਛੱਡ ਦਿੱਤਾ ਹੈ। ਆਰਬੀਆਈ, ਵਿਸ਼ਵ ਬੈਂਕ, ਆਈਐੱਮਐੱਫ ਨੇ ਪਹਿਲੀ ਤਿਮਾਹੀ ਵਿਚ ਵਿਕਾਸ 6.5 ਫ਼ੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਸੀ। ਅਪ੍ਰੈਲ-ਜੂਨ ਦੌਰਾਨ ਭਾਰਤ ਦੀ ਵਿਕਾਸ ਦਰ ਅਮਰੀਕਾ ਤੇ ਚੀਨ ਸਣੇ ਦੁਨੀਆ ਦੇ ਸਭ ਤੋਂ ਵੱਡੇ ਅਰਥਚਾਰਿਆਂ ਵਿਚੋਂ ਸਭ ਤੋਂ ਵੱਧ ਹੈ। ਇਹ ਪਿਛਲੀਆਂ ਪੰਜ ਤਿਮਾਹੀਆਂ ਵਿਚੋਂ ਸਭ ਤੋਂ ਜ਼ਿਆਦਾ ਹੈ। ਮੁੱਖ ਰੂਪ ਨਾਲ ਮੈਨਿਊਫੈਕਚਰਿੰਗ ਅਤੇ ਸਰਵਿਸ ਸੈਕਟਰ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵਜ੍ਹਾ ਨਾਲ ਇਹ ਵਿਕਾਸ ਦਰ ਹਾਸਲ ਕਰਨ ਵਿਚ ਮਦਦ ਮਿਲੀ ਹੈ। ਇਸ ਅਰਸੇ ਵਿਚ ਬਰਾਮਦ ਦੇ ਨਾਲ ਨਿੱਜੀ ਖਪਤ ਤੇ ਸਰਕਾਰੀ ਖ਼ਰਚ ਵਿਚ ਵਾਧੇ ਨਾਲ ਵੀ ਅਰਥਚਾਰੇ ਨੂੰ ਹੱਲਾਸ਼ੇਰੀ ਮਿਲੀ।
ਬਿਹਤਰ ਮੌਨਸੂਨ, ਪੇਂਡੂ ਤੇ ਸ਼ਹਿਰੀ ਮੰਗ ਵਿਚ ਮਜ਼ਬੂਤੀ ਤੇ ਸਤੰਬਰ ਦੇ ਪਹਿਲੇ ਹਫ਼ਤੇ ਵਿਚ ਜੀਐੱਸਟੀ ਦਰਾਂ ਵਿਚ ਕਟੌਤੀ ਦੀ ਸੰਭਾਵਨਾ ਨਾਲ ਚਾਲੂ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ) ਵਿਚ ਵੀ ਵਿਕਾਸ ਦੀ ਇਹ ਗਤੀ ਕਾਇਮ ਰਹਿਣ ਦੀ ਉਮੀਦ ਹੈ। ਹਾਲਾਂਕਿ ਸਤੰਬਰ ਵਿਚ ਭਾਰਤੀ ਬਰਾਮਦ ’ਤੇ ਅਮਰੀਕਾ ਦੇ 50 ਫ਼ੀਸਦੀ ਟੈਰਿਫ ਦਾ ਅਸਰ ਵੀ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਚਾਲੂ ਵਿੱਤੀ ਵਰ੍ਹੇ ਵਿਚ ਵਿਕਾਸ ਦਰ ਦੇ ਅਨੁਮਾਨ ਵਿਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ ਅਤੇ ਇਹ ਪਹਿਲਾਂ ਦੀ ਤਰ੍ਹਾਂ 6.3-6.8 ਫ਼ੀਸਦੀ ਦੇ ਵਿਚਾਲੇ ਰਹਿ ਸਕਦੀ ਹੈ। ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਲਈ ਆਰਬੀਆਈ ਨੇ 6.5 ਫ਼ੀਸਦੀ ਤਾਂ ਹੋਰ ਏਜੰਸੀਆਂ ਨੇ ਵੀ 6.5-7 ਫ਼ੀਸਦੀ ਵਿਚਾਲੇ ਦਾ ਅੰਦਾਜ਼ਾ ਲਾਇਆ ਸੀ। ਇਸ ਮਿਆਦ ਵਿਚ ਮੈਨਿਊਫੈਕਚਰਿੰਗ ਤੇ ਸਰਵਿਸ ਸੈਕਟਰ ਦੇ ਬਿਹਤਰ ਪ੍ਰਦਰਸ਼ਨ ਨਾਲ ਰੁਜ਼ਗਾਰ ਵਿਚ ਵੀ ਇਜ਼ਾਫਾ ਦੇਖਿਆ ਗਿਆ।
ਵੱਖ-ਵੱਖ ਉਪਾਵਾਂ ਦੀ ਵਜ੍ਹਾ ਨਾਲ ਅਮਰੀਕਾ ਦੇ ਟੈਰਿਫ ਦਾ ਓਨਾ ਅਸਰ ਨਹੀਂ ਹੋਵੇਗਾ, ਜਿੰਨਾ ਖ਼ਦਸ਼ਾ ਸੀ। ਟੈਕਸਟਾਈਲ, ਲੈਦਰ, ਇੰਜੀਨੀਅਰਿੰਗ ਗੁੱਡਸ ਵਰਗੀਆਂ ਕੁਝ ਆਈਟਮਾਂ ਦੀ ਮੈਨਿਊਫੈਕਚਰਿੰਗ ’ਤੇ ਇਸ ਦਾ ਥੋੜਾ ਅਸਰ ਦਿਸ ਸਕਦਾ ਹੈ ਪਰ ਇਹ ਲੰਬੇ ਸਮੇਂ ਲਈ ਨਹੀਂ ਹੋਵੇਗਾ।
ਭਾਰਤ ————- 7.8
ਚੀਨ ——– 5.2
ਇੰਡੋਨੇਸ਼ੀਆ ——- 5.1
ਅਮਰੀਕਾ ——— 2.1
ਜਾਪਾਨ ———- 1.2
ਬਰਤਾਨੀਆ ——– 1.2
ਫਰਾਂਸ ———- 0.7
ਮੈਕਸੀਕੋ ——- (ਸਿਫ਼ਰ)
ਜਰਮਨੀ ——– (-0.2)
ਤਿਮਾਹੀ ਵਾਧਾ ਦਰ (ਫ਼ੀਸਦੀ ’ਚ)
ਅਪ੍ਰੈਲ-ਜੂਨ 2024 6.5
ਜੁਲਾਈ-ਸਤੰਬਰ 2024 5.6
ਅਕਤੂਬਰ-ਦਸੰਬਰ 2024 6.4
ਜਨਵਰੀ-ਮਾਰਚ 2025 7.4
ਅਪ੍ਰੈਲ-ਜੂਨ 2025 7.8
ਪਹਿਲੀ ਤਿਮਾਹੀ ’ਚ ਸੈਕਟਰਵਾਰ ਵਿਕਾਸ ਦਰ (ਫ਼ੀਸਦੀ ’ਚ)
ਖੇਤੀਬਾੜੀ, ਮੱਛੀ ਪਾਲਣ ਤੇ ਹੋਰ ਸਬੰਧਤ—— 3.7
ਖੁਦਾਈ —- (-3.1)
ਮੈਨਿਊਫੈਕਚਰਿੰਗ —— 7.7
ਬਿਜਲੀ, ਗੈਸ ਤੇ ਪਾਣੀ ਸਪਲਾਈ —- 0.5
ਨਿਰਮਾਣ —– 7.6
ਵਪਾਰ, ਹੋਟਲ, ਟਰਾਂਸਪੋਰਟ, ਸੰਚਾਰ —- 8.6
ਬਰਾਡਕਾਸਟਿੰਗ —-8.6
ਵਿੱਤ, ਰੀਅਲ ਅਸਟੇਟ ਤੇ ਪ੍ਰੋਫੈਸ਼ਨਲ ਸਰਵਿਸ – 9.5
ਲੋਕ ਪ੍ਰਸ਼ਾਸਨ, ਰੱਖਿਆ ਤੇ ਹੋਰ — 9.8