ਤਿਆਨਜਿਨ – ਚੀਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੀ ਮੁਲਾਕਾਤ ਲਗਾਤਾਰ ਸਿਰਲੇਖਾਂ ‘ਚ ਹੈ। ਐਸਸੀਓ (SCO) ਸੰਮੇਲਨ ਦੇ ਬਾਅਦ ਦੋਹਾਂ ਨੇਤਾਵਾਂ ਵਿਚਕਾਰ ਦੁਵੱਲੀ ਗੱਲਬਾਤ ਵੀ ਹੋਈ। ਹਾਲਾਂਕਿ, ਗੱਲਬਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਨੇ 45 ਮਿੰਟ ਤਕ ਕਾਰ ‘ਚ ਗੱਲਬਾਤ ਕੀਤੀ, ਜਿਸ ਦੀ ਤਸਵੀਰ ਖ਼ੁਦ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਾਂਝੀ ਕੀਤੀ ਹੈ।
ਚੀਨ ਦੇ ਤਿਆਨਜਿਨ ‘ਚ ਐਸਸੀਓ ਸੰਮੇਲਨ ਖਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਪੁਤਿਨ ਦੀ ਮੁਲਾਕਾਤ ਇਕ ਹੋਟਲ ‘ਚ ਸ਼ਡਿਊਲ ਕੀਤੀ ਗਈ ਸੀ। ਇਸ ਦੌਰਾਨ ਪੁਤਿਨ ਨੇ ਨਾ ਸਿਰਫ਼ ਕਾਫੀ ਸਮੇਂ ਤਕ ਪ੍ਰਧਾਨ ਮੰਤਰੀ ਮੋਦੀ ਦਾ ਕਾਰ ‘ਚ ਇੰਤਜ਼ਾਰ ਕੀਤਾ, ਸਗੋਂ ਵੈਨਿਊ ‘ਤੇ ਪਹੁੰਚਣ ਤੋਂ ਬਾਅਦ ਵੀ ਦੋਵੇਂ ਆਗੂ ਕਾਰ ‘ਚ ਹੀ ਬੈਠ ਕੇ ਗੱਲਬਾਤ ਕਰਦੇ ਰਹੇ।
ਐਸਸੀਓ ਸੰਮੇਲਨ ‘ਚ ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੇਖਦੇ ਹੀ ਗਲੇ ਲਗਾ ਲਿਆ ਸੀ। ਇਸ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਤੁਹਾਡੇ ਨਾਲ ਮਿਲ ਕੇ ਹਮੇਸ਼ਾ ਖੁਸ਼ੀ ਹੁੰਦੀ ਹੈ। ਇਸ ਤੋਂ ਇਲਾਵਾ ਐਸਸੀਓ ਸੰਮੇਲਨ ਦੇ ਖਤਮ ਹੋਣ ਤੋਂ ਬਾਅਦ ਪੁਤਿਨ ਨੂੰ ਭਾਰਤ ਨਾਲ ਦੋਪੱਖੀ ਗੱਲਬਾਤ ਲਈ ਜਾਣਾ ਸੀ, ਪਰ ਰੂਸੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹੀ ਜਾਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ 10 ਮਿੰਟ ਤੱਕ ਪ੍ਰਧਾਨ ਮੰਤਰੀ ਮੋਦੀ ਦਾ ਇੰਤਜ਼ਾਰ ਕੀਤਾ।
ਪ੍ਰਧਾਨ ਮੰਤਰੀ ਮੋਦੀ ਦੇ ਪਹੁੰਚਣ ਤੋਂ ਬਾਅਦ ਦੋਹਾਂ ਆਗੂ ਇਕ ਹੀ ਕਾਰ ਵਿਚ ਵੈਨਿਊ ਲਈ ਰਵਾਨਾ ਹੋਏ। ਵੈਨਿਊ ‘ਤੇ ਪਹੁੰਚਣ ਤੋਂ ਬਾਅਦ ਵੀ ਦੋਵੇਂ ਆਗੂ 45 ਮਿੰਟ ਤਕ ਕਾਰ ‘ਚ ਗੱਲਬਾਤ ਕਰਦੇ ਰਹੇ। ਐਕਸ ‘ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ: “ਐਸਸੀਓ ਸਿਖਰ ਸੰਮੇਲਨ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਪੁਤਿਨ ਤੇ ਮੈਂ ਦੋਪੱਖੀ ਗੱਲਬਾਤ ਲਈ ਇਕੱਠੇ ਯਾਤਰਾ ਕੀਤੀ। ਉਨ੍ਹਾਂ ਨਾਲ ਗੱਲ ਕਰਨਾ ਹਮੇਸ਼ਾ ਗਿਆਨਵਰਧਕ ਹੁੰਦਾ ਹੈ।”
ਰਾਸ਼ਟਰਪਤੀ ਪੁਤਿਨ ਨਾਲ ਦੋਪੱਖੀ ਗੱਲਬਾਤ ‘ਤੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ, “ਤਿਆਨਜਿਨ ‘ਚ ਐਸਸੀਓ ਦੌਰਾਨ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਸ਼ਾਨਦਾਰ ਰਹੀ। ਅਸੀਂ ਦੋਹਾਂ ਦੇਸ਼ਾਂ ਦੇ ਦੋਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵਪਾਰ, ਖਾਦ, ਪੁਲੜ, ਸੁਰੱਖਿਆ ਅਤੇ ਸੰਸਕ੍ਰਿਤੀ ‘ਤੇ ਗੱਲ ਕੀਤੀ। ਅਸੀਂ ਯੂਕਰੇਨ ‘ਚ ਸ਼ਾਂਤੀ ਬਹਾਲ ਕਰਨ ਤੋਂ ਲੈ ਕੇ ਕਈ ਸਥਾਨਕ ਅਤੇ ਵਿਸ਼ਵ ਪੱਧਰ ਦੇ ਮਾਮਲਿਆਂ ‘ਤੇ ਵੀ ਚਰਚਾ ਕੀਤੀ। ਦੋਹਾਂ ਦੇਸ਼ਾਂ ਦੀ ਵਿਸ਼ੇਸ਼ ਅਤੇ ਰਣਨੀਤਿਕ ਭਾਈਚਾਰੇ ਨੇ ਵਿਸ਼ਵ ਸਥਿਰਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।”