ਲਾਹੌਰ – ਪਾਕਿਸਤਾਨ ਦੇ ਪੰਜਾਬ ਸੂਬੇ ’ਚ ਮੌਨਸੂਨ ਦਾ ਕਹਿਰ ਜਾਰੀ ਹੈ। ਭਾਰੀ ਮੀਂਹ ਤੇ ਹੜ੍ਹ ਨੇ 33 ਲੋਕਾਂ ਦੀ ਜਾਨ ਲੈ ਲਈ ਹੈ ਤੇ 2200 ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ। ਸੱਤ ਲੱਖ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਲਈ ਮਜਬੂਤ ਹੋਣਾ ਪਿਆ ਹੈ। ਪੰਜਾਬ ਸੂਬਾਈ ਆਫ਼ਤ ਮੈਨੇਜਮੈਂਟ ਅਥਾਰਟੀ (ਪੀਡੀਐੱਮਏ) ਦੇ ਮੈਨੇਜਿੰਗ ਡਾਇਰੈਕਟਰ ਇਰਫਾਨ ਅਲੀ ਕਾਠੀਆ ਨੇ ਕਿਹਾ ਕਿ ਸੂਬਾ ਆਪਣੇ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਗਲੇ 24 ਘੰਟਿਆਂ ’ਚ ਪਾਕਪੱਟਨ, ਬਹਾਵਲਨਗਰ ਤੇ ਵੇਹਾਰੀ ਤੱਕ 1,35,000 ਕਿਊਸਿਕ ਪਾਣੀ ਪਹੁੰਚਣ ਦੀ ਉਮੀਦ ਹੈ, ਜਿਸ ਨਾਲ ਅਹਿਤਿਆਤ ਦੇ ਤੌਰ ’ਤੇ ਹੋਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਹੜ੍ਹ ਦਾ ਪਾਣੀ ਵਧਣ ਦੇ ਨਾਲ ਹੀ ਬਹਾਵਲਨਗਰ ਤੇ ਬਹਾਵਲਪੁਰ ਵਰਗੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਪਿੰਡਾਂ ਦੇ ਵਾਸੀ ਸੁਰੱਖਿਅਤ ਥਾਵਾਂ ਵੱਲ ਜਾ ਚੁੱਕੇ ਹਨ। ਟ੍ਰੀਮੂਨ ਬੈਰਾਜ ’ਤੇ 3,61,633 ਕਿਊਸਿਕ ਦਾ ਵਹਾਅ ਹੈ, ਜੋ ਕਾਫੀ ਘੱਟ ਸਮੇਂ ’ਚ ਇਕ ਲੱਖ ਕਿਊਸਿਕ ਦਾ ਅਚਾਨਕ ਵਾਧਾ ਦਰਸਾਉਂਦਾ ਹੈ।
ਸਥਾਨਕ ਤੇ ਸੂਬਾਈ ਅਧਿਕਾਰੀ ਹੜ੍ਹ ਨੂੰ ਕੰਟਰੋਲ ਕਰਨ ਤੇ ਪ੍ਰਭਾਵ ਨੂੰ ਘੱਟ ਕਰਨ ਲਈ ਰਣਨੀਤਕ ਤੌਰ ’ਤੇ ਬੰਨ੍ਹਾਂ ਨੂੰ ਤੋੜ ਰਹੇ ਹਨ। ਪੀਡੀਐੱਮਏ ਨੇ ਦੱਸਿਆ ਕਿ ਪੰਜਾਬ ਭਰ ’ਚ ਲਗਪਗ 20 ਲੱਖ ਲੋਕ ਪ੍ਰਭਾਵਿਤ ਹੋਏ ਹਨ। ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ’ਚ ਰਾਹਤ ਟੀਮਾਂ ਕੰਮ ਕਰ ਰਹੀਆਂ ਹਨ। ਇਨਸਾਨਾਂ ਤੋਂ ਇਲਾਵਾ ਹਜ਼ਾਰਾਂ ਪਸ਼ੂਆਂ ਨੂੰ ਵੀ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਇਸ ਵਿਚਾਲੇ, ਸਿੰਧ ਦੇ ਸੀਨੀਅਰ ਮੰਤਰੀ ਸ਼ਾਰਜੀਲ ਇਨਾਮ ਮੇਮਨ ਨੇ ਕਿਹਾ ਕਿ ਹੜ੍ਹ ਕਾਰਨ ਸੂਬੇ ਦੇ 1657 ਪਿੰਡਾਂ ਦੇ 16 ਲੱਖ ਲੋਕ ਪ੍ਰਭਾਵਿਤ ਹੋ ਸਕਦੇ ਹਨ।