ਅਮਿਤ ਸ਼ਾਹ ਨੇ ਕੀਤੀ CM ਮਾਨ ਨਾਲ ਗੱਲਬਾਤ, 60 ਹਜ਼ਾਰ ਕਰੋੜ ਰੁਪਏ ਸਬੰਧੀ ਨਹੀਂ ਦਿੱਤਾ ਕੋਈ ਭਰੋਸਾ

ਚੰਡੀਗੜ੍ਹ- ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ ਹੜ੍ਹ ਦੇ ਮਾਮਲੇ ਨੂੰ ਧਿਆਨ ‘ਚ ਰੱਖਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਕੇਂਦਰੀ ਟੀਮ ਵੀ ਪੰਜਾਬ ਦਾ ਦੌਰਾ ਕਰਨ ਲਈ ਆ ਰਹੀ ਹੈ। ਹਾਲਾਂਕਿ ਗ੍ਰਹਿ ਮੰਤਰੀ ਨੇ 60,000 ਕਰੋੜ ਰੁਪਏ ਬਾਰੇ ਕੋਈ ਸਕਾਰਾਤਮਕ ਭਰੋਸਾ ਨਹੀਂ ਦਿੱਤਾ ਜੋ ਕਿ ਕੇਂਦਰ ਨੇ ਰੋਕ ਰੱਖੇ ਹਨ। ਚੀਮਾ ਨੇ ਕਿਹਾ ਕਿ ਅੱਜ ਪੰਜਾਬ ਨੂੰ ਇਸ ਪੈਸੇ ਦੀ ਬਹੁਤ ਜ਼ਰੂਰਤ ਹੈ। ਪੰਜਾਬ ਦੇ ਲੋਕ ਮੁਸੀਬਤ ‘ਚ ਹਨ। ਇਹ ਪੈਸਾ ਵੀ ਪੰਜਾਬ ਦਾ ਹੀ ਹੈ।

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਸਮਰਾਲਾ ‘ਚ ਕੀਤੀ ਗਈ ਰੈਲੀ ‘ਤੇ ਤਨਜ਼ ਕੱਸਦੇ ਹੋਏ ਚੀਮਾ ਨੇ ਕਿਹਾ ਕਿ ਇਕ ਪਾਸੇ ਪੰਜਾਬ ਹੜ੍ਹ ਨਾਲ ਪ੍ਰਭਾਵਿਤ ਹੈ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਰੈਲੀਆਂ ਕਰ ਰਹੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਪੰਜਾਬ ਦੇ ਨੇਤਾਵਾਂ ਨੂੰ ਕੇਂਦਰ ਸਰਕਾਰ ਨਾਲ ਗੱਲ ਕਰ ਕੇ ਪੰਜਾਬ ਦਾ ਪੈਸਾ ਜਾਰੀ ਕਰਵਾਉਣਾ ਚਾਹੀਦਾ ਹੈ ਜਿਸ ਬਾਰੇ ਮੁੱਖ ਮੰਤਰੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ।

ਉਨ੍ਹਾਂ ਕਿਹਾ ਕਿ ਹੜ੍ਹ ਕਾਰਨ ਸੂਬੇ ‘ਚ ਹੁਣ ਤਕ 29 ਮੌਤਾਂ ਹੋ ਚੁੱਕੀਆਂ ਹਨ। ਪਸ਼ੂਧਨ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਇਸ ਲਈ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਤੋਂ ਰਾਸ਼ਟਰੀ ਆਫ਼ਤ ਨਿਯਮਾਂ ‘ਚ ਛੂਟ ਮੰਗੀ ਹੈ ਕਿਉਂਕਿ ਇਹ ਨਿਯਮ ਕਾਫੀ ਪੁਰਾਣੇ ਹਨ। ਪੰਜਾਬ ਨੇ ਮੌਤ ਦੇ ਪਰਿਵਾਰ ਨੂੰ 4 ਦੀ ਬਜਾਏ 8 ਲੱਖ, ਅੰਗਹੀਣ ਹੋਣ ‘ਤੇ 74,000 ਦੀ ਬਜਾਏ 1.5 ਲੱਖ ਰੁਪਏ ਦੇਣ, ਅਤੇ ਫਸਲ ਦਾ ਮੁਆਵਜ਼ਾ 17,000 ਤੋਂ ਵਧਾ ਕੇ 50,000 ਰੁਪਏ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਫੰਡ ‘ਚ ਪੈਸਾ ਹੈ ਪਰ ਉਸ ਦੇ ਨਿਯਮ ਬਹੁਤ ਸਖ਼ਤ ਹਨ। ਇਕ ਸਵਾਲ ਦੇ ਜਵਾਬ ‘ਚ ਵਿੱਤ ਮੰਤਰੀ ਨੇ ਕਿਹਾ, “ਪੰਜਾਬ ‘ਚ ਹੁਣ ਤਕ ਕੋਈ ਵੱਡੀ ਖਾਮੀ ਸਾਹਮਣੇ ਨਹੀਂ ਆਈ ਹੈ ਕਿਉਂਕਿ ਪਹਾੜੀ ਸੂਬਿਆਂ ਤੋਂ ਇੰਨਾ ਪਾਣੀ ਆਇਆ ਕਿ ਸੂਬੇ ‘ਚ ਹੜ੍ਹ ਆ ਗਿਆ।” ਮਾਧੋਪੁਰ ਬੈਰਾਜ ਦੇ ਦੋ ਗੇਟ ਵਹਿ ਜਾਣ ਅਤੇ ਇਕ ਵਿਅਕਤੀ ਦੀ ਮੌਤ ਦੇ ਮਾਮਲੇ ‘ਤੇ ਚੀਮਾ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ। ਜੋ ਵੀ ਦੋਸ਼ੀ ਹੋਣਗੇ, ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਨਿਸ਼ਚਿਤ ਹੈ।

ਸਨੌਰ ਦੇ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ b$naX ਹੜ੍ਹ ਲਈ ਸਿੰਚਾਈ ਵਿਭਾਗ ਦੇ ਅਧਿਕਾਰੀ ਕ੍ਰਿਸ਼ਨ ਕੁਮਾਰ ‘ਤੇ ਦੋਸ਼ ਲਗਾਉਣ ਦੇ ਸਬੰਧ ਟਚ ਚੀਮਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਕੋਈ ਨਿੱਜੀ ਗੱਲ ਹੋ ਸਕਦੀ ਹੈ। ਪਠਾਨਮਾਜਰਾ ਟਾਂਗਰੀ ਨਦੀ ਦੀ ਗੱਲ ਕਰ ਰਹੇ ਹਨ।

ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮੁੱਖ ਮੰਤਰੀ ਰਾਹਤ ਕੋਸ਼ ਲਈ 50 ਲੱਖ ਰੁਪਏ ਦੀ ਸਹਾਇਤਾ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਇਸ ਚੈਕ ਨੂੰ ਅੱਜ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪਣਗੇ।