ਨਵੀਂ ਦਿੱਲੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ਤੇ ਰੂਸ ਵਿਚਕਾਰ ਵਧਦੇ ਵਪਾਰਕ ਸਬੰਧਾਂ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਰੂਸੀ ਰਾਸ਼ਟਰਪਤੀ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਨੂੰ “ਸ਼ਰਮਨਾਕ” ਦੱਸਿਆ ਹੈ।
ਨਵਾਰੋ ਦਾ ਕਹਿਣਾ ਹੈ ਕਿ ਭਾਰਤ ਨੂੰ ਰੂਸ ਅਤੇ ਚੀਨ ਦੀ ਬਜਾਏ ਅਮਰੀਕਾ ਨਾਲ ਖੜ੍ਹਾ ਹੋਣਾ ਚਾਹੀਦਾ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤ ਅਤੇ ਰੂਸ ਵਿਚਕਾਰ ਤੇਲ ਵਪਾਰ ‘ਤੇ ਅਮਰੀਕਾ ਦਾ ਗੁੱਸਾ ਵਧ ਰਿਹਾ ਹੈ। ਨਵਾਰੋ ਨੇ ਭਾਰਤ ‘ਤੇ ਰੂਸੀ ਤੇਲ ਖਰੀਦਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਹ ਪੁਤਿਨ ਦੀ ਯੂਕਰੇਨ ਵਿਰੁੱਧ ਜੰਗ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਦੇ ਬਿਆਨ ਨੇ ਭਾਰਤ-ਅਮਰੀਕਾ ਸਬੰਧਾਂ ਵਿੱਚ ਨਵੀਂ ਕੁੜੱਤਣ ਲਿਆਂਦੀ ਹੈ।
ਪਿਛਲੇ ਕੁਝ ਸਾਲਾਂ ਵਿੱਚ ਭਾਰਤ ਨੇ ਰੂਸ ਤੋਂ ਸਸਤਾ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ ਹੈ। ਨਵਾਰੋ ਦਾ ਦਾਅਵਾ ਹੈ ਕਿ ਭਾਰਤ ਰੂਸੀ ਤੇਲ ਸਸਤੇ ਭਾਅ ‘ਤੇ ਖਰੀਦ ਰਿਹਾ ਹੈ, ਇਸਨੂੰ ਰਿਫਾਇਨ ਕਰ ਰਿਹਾ ਹੈ ਅਤੇ ਮੁਨਾਫ਼ੇ ‘ਤੇ ਵੇਚ ਰਿਹਾ ਹੈ, ਜਿਸ ਨਾਲ ਅਸਿੱਧੇ ਤੌਰ ‘ਤੇ ਰੂਸ ਨੂੰ ਫਾਇਦਾ ਹੋ ਰਿਹਾ ਹੈ।
ਉਨਾਂ ਨੇ ਭਾਰਤ ਨੂੰ “ਕ੍ਰੇਮਲਿਨ ਦਾ ਲਾਂਡ੍ਰੋਮੈਟ” ਵੀ ਕਿਹਾ, ਯਾਨੀ ਕਿ ਇੱਕ ਅਜਿਹਾ ਦੇਸ਼ ਜੋ ਰੂਸ ਲਈ ਪੈਸੇ ਦੀ ਧੋਖਾਧੜੀ ਕਰ ਰਿਹਾ ਹੈ। ਭਾਰਤ ਦਾ ਕਹਿਣਾ ਹੈ ਕਿ ਉਹ ਰੂਸੀ ਤੇਲ ਖਰੀਦ ਰਿਹਾ ਹੈ ਤਾਂ ਜੋ ਉਹ ਆਪਣੇ ਦੇਸ਼ ਵਿੱਚ ਊਰਜਾ ਦੀਆਂ ਕੀਮਤਾਂ ਨੂੰ ਘੱਟ ਰੱਖ ਸਕੇ ਤੇ ਬਾਜ਼ਾਰ ਸਥਿਰ ਰਹੇ।
ਭਾਰਤ ਨੇ ਅਮਰੀਕਾ ਦੇ ਇਸ ਕਦਮ ਨੂੰ “ਅਨਿਆਂਇਕ” ਕਿਹਾ ਹੈ, ਕਿਉਂਕਿ ਭਾਰਤ ਰੂਸ ਤੋਂ ਤੇਲ ਖਰੀਦਣ ਵਿੱਚ ਇਕੱਲਾ ਨਹੀਂ ਹੈ, ਚੀਨ ਵੀ ਅਜਿਹਾ ਕਰ ਰਿਹਾ ਹੈ, ਪਰ ਸਿਰਫ ਭਾਰਤ ਹੀ ਟਰੰਪ ਦੇ ਸੈਕੰਡਰੀ ਟੈਰਿਫ ਦਾ ਸਾਹਮਣਾ ਕਰ ਰਿਹਾ ਹੈ।ਨਵਾਰੋ ਨੇ ਭਾਰਤ ਨੂੰ “ਟੈਰਿਫਾਂ ਦਾ ਮਹਾਰਾਜਾ” ਕਹਿ ਕੇ ਨਿਸ਼ਾਨਾ ਸਾਧਿਆ ਅਤੇ ਦਾਅਵਾ ਕੀਤਾ ਕਿ ਭਾਰਤ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਵੱਧ ਟੈਰਿਫ ਲਗਾਉਣ ਵਾਲਾ ਦੇਸ਼ ਹੈ।
ਉਨ੍ਹਾਂ ਨੇ ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ ਨੂੰ 50% ਟੈਰਿਫ ਦਾ ਕਾਰਨ ਦੱਸਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਭਾਰਤ ਦੇ ਸਮਾਜਿਕ ਢਾਂਚੇ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ “ਬ੍ਰਾਹਮਣ ਸਸਤੇ ਰੂਸੀ ਤੇਲ ਤੋਂ ਮੁਨਾਫ਼ਾ ਕਮਾ ਰਹੇ ਹਨ, ਜਦੋਂ ਕਿ ਆਮ ਭਾਰਤੀਆਂ ਨੂੰ ਇਸ ਤੋਂ ਕੋਈ ਲਾਭ ਨਹੀਂ ਮਿਲ ਰਿਹਾ।
