ਡੈਮ ਤੋਂ ਪਾਣੀ ਛੱਡਣ ਤੇ ਨਾ ਛੱਡਣ ’ਤੇ ਚੱਲ ਰਹੀ ਬਹਿਸ, ਨਿਸ਼ਾਨੇ ’ਤੇ ਕ੍ਰਿਸ਼ਨ ਕੁਮਾਰ

ਚੰਡੀਗੜ੍ਹ – ਪੰਜਾਬ ਪਿਛਲੇ 17 ਦਿਨਾਂ ਤੋਂ ਹੜ੍ਹ ਦੀ ਮਾਰ ਝੱਲ ਰਿਹਾ ਹੈ। ਇਸ ਸਮੇਂ 12 ਜ਼ਿਲ੍ਹਿਆਂ ਦੇ 1013 ਪਿੰਡ ਹੜ੍ਹ ਦੇ ਪ੍ਰਭਾਵ ਵਿਚ ਹਨ। ਤਿੰਨੋਂ ਡੈਮ ਭਾਖੜਾ, ਪੌਂਗ ਤੇ ਰਣਜੀਤ ਸਾਗਰ ਪੂਰੀ ਤਰ੍ਹਾਂ ਭਰ ਚੁੱਕੇ ਹਨ। ਭਾਖੜਾ ਨੂੰ ਛੱਡ ਕੇ ਕਿਸੇ ਵੀ ਡੈਮ ਵਿਚ ਹੋਰ ਪਾਣੀ ਸੰਭਾਲਣ ਦੀ ਸਮਰੱਥਾ ਨਹੀਂ ਰਹੀ, ਜਿਸ ਕਾਰਨ ਜਿੰਨੀ ਵੀ ਬਰਸਾਤ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿਚ ਹੋ ਰਹੀ ਹੈ ਉਹ ਪੰਜਾਬ ਦੇ ਲੋਕਾਂ ਲਈ ਡਰਾਉਣੀ ਬਣ ਗਈ ਹੈ, ਜੋ ਪਿਛਲੇ ਦੋ ਹਫ਼ਤਿਆਂ ਤੋਂ ਵੱਧ ਪਾਣੀ ਦੀ ਮਾਰ ਝੱਲ ਰਹੇ ਹਨ।

ਇਸ ਸਾਰੇ ਸਬੰਧੀ ਪੰਜਾਬ ਨੂੰ ਇਸ ਸਥਿਤੀ ਵਿਚ ਪਹੁੰਚਾਉਣ ਦੇ ਲਈ ਇਕ ਬਹਸ ਸ਼ੁਰੂ ਹੋ ਗਈ ਹੈ ਕਿ ਇਸ ਦਾ ਜ਼ਿੰਮੇਵਾਰ ਕੌਣ ਹੈ? ਇਹ ਸਵਾਲ ਉਠਾਉਣ ਦੇ ਪਿੱਛੇ ਕਈ ਮਹੱਤਵਪੂਰਨ ਕਾਰਨ ਹਨ, ਕਿਉਂਕਿ 1988 ਤੋਂ ਬਾਅਦ ਪੰਜਾਬ ਵਿਚ ਇਹ ਸਭ ਤੋਂ ਵੱਡੀ ਹੜ੍ਹ ਹੈ, ਜਿਸ ਨੇ 2.5 ਲੱਖ ਤੋਂ ਵੱਧ ਆਬਾਦੀ ਤੇ 3 ਲੱਖ ਏਕੜ ਤੋਂ ਵੱਧ ਖੇਤੀਬਾੜੀ ਦੀਆਂ ਫ਼ਸਲਾਂ ਨੂੰ ਤਬਾਹ ਕਰ ਦਿੱਤਾ ਹੈ। ਰਾਵੀ ਨਦੀ ’ਤੇ ਬਣੇ ਮਾਧੋਪੁਰ ਹੈੱਡਵਰਕਸ, ਜੋ 150 ਸਾਲ ਪੁਰਾਣੇ ਇਤਿਹਾਸਕ ਹੈੱਡਵਰਕਸ ਹਨ, ਦਾ ਗੇਟ ਟੁੱਟ ਗਿਆ ਹੈ। ਸਾਬਕਾ ਚੀਫ਼ ਇੰਜੀਨੀਅਰ ਅਮਰਜੀਤ ਸਿੰਘ ਦੁਲੇਟ ਇਸ ਨੂੰ ਇਤਿਹਾਸ ਬਣਾਉਣ ਵਾਲਾ ਦੱਸਦੇ ਹਨ। ਉਹ ਕਹਿੰਦੇ ਹਨ ਕਿ ਅੱਜ ਤੱਕ ਕਿਸੇ ਵੀ ਹੈੱਡਵਰਕਸ ਦਾ ਗੇਟ ਨਹੀਂ ਟੁੱਟਿਆ। ਉਹ ਅਗਸਤ ਮਹੀਨੇ ਵਿਚ ਹੀ ਤਿੰਨੋਂ ਡੈਮਾਂ ਨੂੰ ਭਰਣ ’ਤੇ ਸਵਾਲ ਚੁੱਕ ਰਹੇ ਹਨ। ਆਖ਼ਰ ਇਨ੍ਹਾਂ ਸਵਾਲਾਂ ਦੇ ਪਿੱਛੇ ਦੀ ਬੁਨਿਆਦ ਕੀ ਹੈ? ਸਾਰਿਆਂ ਦੇ ਨਿਸ਼ਾਨੇ ’ਤੇ ਜਲ ਸਰੋਤ ਵਿਭਾਗ ਦੇ ਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਹਨ। ਚਾਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਹੋਣ ਜਾਂ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੋਵੇਂ ਆਗੂ ਵੱਖ-ਵੱਖ ਪਾਰਟੀਆਂ ਦੇ ਹਨ, ਪਰ ਦੋਹਾਂ ਦੇ ਨਿਸ਼ਾਨੇ ’ਤੇ ਕ੍ਰਿਸ਼ਨ ਕੁਮਾਰ ਹਨ।

ਪੰਜਾਬ ਦੀ ਰਾਜਸ਼ਾਹੀ ਵਿਚ ਸਭ ਤੋਂ ਇਮਾਨਦਾਰ ਤੇ ਯੋਗ ਮੰਨੇ ਜਾਣ ਵਾਲੇ ਕ੍ਰਿਸ਼ਨ ਕੁਮਾਰ ’ਤੇ ਇਸ ਤਰ੍ਹਾਂ ਦੇ ਸਵਾਲ ਪਹਿਲਾਂ ਕਦੇ ਨਹੀਂ ਉੱਠੇ। 1997 ਬੈਚ ਦੇ ਆਈਏਐਸ ਅਫਸਰ ਕ੍ਰਿਸ਼ਨ ਕੁਮਾਰ ਪਹਿਲੀ ਵਾਰ ਇਸ ਤਰ੍ਹਾਂ ਰਾਜਨੀਤਿਕ ਨਿਸ਼ਾਨੇ ’ਤੇ ਆਏ ਹਨ। ਵਿਭਾਗ ਦੇ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ, ਪਰ ਪੰਜਾਬ ਵਿਚ ਡੈਮ ਤੋਂ ਪਾਣੀ ਛੱਡਣ ਦਾ ਫ਼ੈਸਲਾ ਕਿਸੇ ਇਕ ਰਾਜ ’ਤੇ ਨਿਰਭਰ ਨਹੀਂ ਕਰਦਾ। ਖਾਸ ਕਰ ਕੇ ਸਤਲੁਜ ਨਦੀ ’ਤੇ ਬਣਿਆ ਭਾਖੜਾ ਅਤੇ ਬਿਆਸ ਨਦੀ ’ਤੇ ਬਣਿਆ ਪੌਂਗ ਡੈਮ ਪੂਰੀ ਤਰ੍ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧੀਨ ਹਨ। ਰਾਵੀ ਨਦੀ ’ਤੇ ਬਣਿਆ ਰਣਜੀਤ ਸਾਗਰ ਡੈਮ ਪੰਜਾਬ ਸਰਕਾਰ ਦੇ ਅਧੀਨ ਆਉਂਦਾ ਹੈ।

ਸਾਬਕਾ ਚੀਫ਼ ਇੰਜੀਨੀਅਰ ਅਮਰਜੀਤ ਸਿੰਘ ਦੁਲੇਟ ਦਾ ਇਹ ਸਵਾਲ ਬਿਲਕੁਲ ਵਾਜਬ ਹੈ ਕਿ ਜਦੋਂ 30 ਜੂਨ ਤੋਂ ਬਾਅਦ ਡੈਮ ਦਾ ਪਾਣੀ ਦਾ ਪੱਧਰ ਕਿਸ ਤਰੀਕ ਨੂੰ ਕਿੰਨਾ ਹੋਣਾ ਚਾਹੀਦਾ ਹੈ, ਡੈਮ ਦੇ ਮੈਨੂਅਲ ਵਿਚ ਇਹ ਨਿਰਧਾਰਿਤ ਹੈ ਤੇ ਇਹ 30 ਸਤੰਬਰ ਤੱਕ ਜਦੋਂ ਡੈਮ ਨੂੰ ਭਰਨ ਦਾ ਸਮਾਂ ਖਤਮ ਹੁੰਦਾ ਹੈ, ਤਾਂ ਅਗਸਤ ਮਹੀਨੇ ’ਚ ਇਹ ਪੂਰੇ ਕਿਵੇਂ ਭਰ ਗਏ? ਜੇਕਰ ਇਨ੍ਹਾਂ ਡੈਮਾਂ ਦੇ ਕੈਚਮੈਂਟ ਏਰੀਆ ਵਿਚ ਬਰਸਾਤ ਜ਼ਿਆਦਾ ਹੋ ਰਹੀ ਸੀ, ਤਾਂ ਕੀ ਸਤਲੁਜ ਨਦੀ ਦੀ 2 ਲੱਖ ਕਿਊਸਿਕ ਦੀ ਸਮਰੱਥਾ ਮੁਤਾਬਕ ਹੌਲੀ-ਹੌਲੀ ਵਾਧੂ ਪਾਣੀ ਛੱਡਿਆ ਨਹੀਂ ਜਾ ਸਕਦਾ ਸੀ? ਜੇਕਰ ਅਜਿਹਾ ਨਹੀਂ ਕੀਤਾ ਗਿਆ, ਤਾਂ ਇਹ ਪੂਰੀ ਤਰ੍ਹਾਂ ਬੀਬੀਐਮਬੀ ਦੇ ਚੇਅਰਮੈਨ, ਮੈਂਬਰਾਂ, ਸੰਬੰਧਿਤ ਸੂਬਿਆਂ ਦੇ ਸਕੱਤਰਾਂ, ਇੰਜੀਨੀਅਰਾਂ ਤੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮਾਧੋਪੁਰ ਤਾਂ ਪੂਰੀ ਤਰ੍ਹਾਂ ਪੰਜਾਬ ਸਰਕਾਰ ਦੇ ਅਧੀਨ ਹੈ। ਉਨ੍ਹਾਂ ਦੱਸਿਆ ਕਿ ਮਾਧੋਪੁਰ ਹੈੱਡਵਰਕਸ 6.50 ਲੱਖ ਕਿਊਸਿਕ ਪਾਣੀ ਸੰਭਾਲ ਸਕਦਾ ਹੈ, ਪਰ ਇਹ ਡੈਮ ਨਹੀਂ ਹੈ, ਇਸ ਵਿਚ ਜੇਕਰ ਪਾਣੀ ਵੱਧਦਾ ਹੈ, ਤਾਂ ਇਸ ਦੇ ਗੇਟ ਖੋਲ੍ਹਣਾ ਲਾਜ਼ਮੀ ਹੈ। ਜਦੋਂ 1.73 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ, ਤਾਂ ਹੈੱਡਵਰਕਸ ਦੇ ਗੇਟ ਕਿਉਂ ਨਹੀਂ ਖੋਲ੍ਹੇ ਗਏ? ਕਿਉਂ ਗੇਟਾਂ ਦੇ ਟੁੱਟਣ ਦੀ ਨੌਬਤ ਆਉਣ ਦਿੱਤੀ ਗਈ? ਇਸ ਵਿਚ ਰਾਜਨੀਤੀ ਨਹੀਂ ਹੋ ਸਕਦੀ।

ਗੌਰ ਕਰਨ ਵਾਲੀ ਗੱਲ ਹੈ ਕਿ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਜਦੋਂ ਵੀ ਮਾਧੋਪੁਰ ਹੈਡਵਰਕਸ ਵਿਚ ਵਾਧੂ ਪਾਣੀ ਛੱਡਣ ਲਈ ਇਨ੍ਹਾਂ ਦੇ ਗੇਟ ਖੋਲ੍ਹੇ ਜਾਂਦੇ ਹਨ, ਤਾਂ ਹਰਿਆਣਾ ਅਤੇ ਕੇਂਦਰ ਸਰਕਾਰ ਇਹ ਮੁੱਦਾ ਉਠਾ ਲੈਂਦੀ ਹੈ ਕਿ ਤੁਸੀਂ ਪਾਕਿਸਤਾਨ ਨੂੰ ਪਾਣੀ ਦੇ ਰਹੇ ਹੋ, ਇਸ ਲਈ ਅਸੀਂ ਇਨ੍ਹਾਂ ਗੇਟਾਂ ਨੂੰ ਖੋਲ੍ਹਦੇ ਹੀ ਨਹੀਂ। ਇਹ ਅੰਤਰਰਾਜੀ ਨਹੀਂ, ਬਲਕਿ ਅੰਤਰਰਾਸ਼ਟਰੀ ਮੁੱਦਾ ਵੀ ਬਣ ਜਾਂਦਾ ਹੈ।

ਬੀਬੀਐਮਬੀ ਦੇ ਇਕ ਹੋਰ ਇੰਜੀਨੀਅਰ ਤਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਨਦੀਆਂ ਦੇ ਕਮਜ਼ੋਰ ਕੰਢਿਆਂ ਨੂੰ ਪੱਕਾ ਕਰਨ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਜਲ ਸਰੋਤ ਵਿਭਾਗ ਦੀ ਹੈ। ਇਸ ਤੋਂ ਇਲਾਵਾ ਡਰੇਨ ਆਦਿ ਦੀ ਸਫਾਈ ਵੀ ਉਨ੍ਹਾਂ ਨੇ ਹੀ ਕਰਵਾਣੀ ਹੈ। ਜੇਕਰ ਜਗ੍ਹਾ-ਜਗ੍ਹਾ ਤੋਂ ਨਦੀਆਂ ਦੇ ਤਟਬੰਧ ਟੁੱਟੇ ਹਨ, ਤਾਂ ਇਸ ਦੀ ਜ਼ਿੰਮੇਵਾਰੀ ਤਾਂ ਨਿਸ਼ਚਿਤ ਕਰਨੀ ਚਾਹੀਦੀ ਹੈ।

ਤਿੰਨੋਂ ਡੈਮਾਂ ਦੀ ਤਾਜ਼ਾ ਸਥਿਤੀ

ਭਾਖੜਾ

ਵੱਧ ਤੋਂ ਵੱਧ ਪਾਣੀ ਦਾ ਪੱਧਰ: 1690 ਫੁੱਟ

ਇਸ ਸਮੇਂ ਪਾਣੀ ਦਾ ਪੱਧਰ: 1676.72 ਫੁੱਟ

ਪਾਣੀ ਦੀ ਆਮਦ: 107565 ਕਿਊਸਿਕ

ਛੱਡਿਆ ਜਾ ਰਿਹਾ ਹੈ: 56009 ਕਿਊਸਿਕ

ਪੌਂਗ ਡੈਮ

ਵੱਧ ਤੋਂ ਵੱਧ ਪਾਣੀ ਦਾ ਪੱਧਰ: 1390 ਫੁੱਟ, ਹੰਗਾਮੀ ਸਥਿਤੀ ਵਿਚ 1395 ਫੁੱਟ ਤੱਕ ਵੀ ਜਾ ਸਕਦਾ ਹੈ

ਇਸ ਸਮੇਂ ਪਾਣੀ ਦਾ ਪੱਧਰ : 1390.63 ਫੁੱਟ

ਪਾਣੀ ਦੀ ਆਮਦ: 96777 ਕਿਊਸਿਕ

ਛੱਡਿਆ ਜਾ ਰਿਹਾ ਹੈ: 95836 ਕਿਊਸਿਕ

ਰਣਜੀਤ ਸਿੰਘ ਡੈਮ

ਡੈਮ ਦਾ ਵੱਧ ਤੋਂ ਵੱਧ ਪਾਣੀ ਦਾ ਪੱਧਰ : 525 ਮੀਟਰ

ਮੌਜੂਦਾ ਪਾਣੀ ਦਾ ਪੱਧਰ : 524.86 ਮੀਟਰ

ਪਾਣੀ ਦੀ ਆਮਦ: 38388 ਕਿਊਸਿਕ

ਛੱਡਿਆ ਜਾ ਰਿਹਾ ਹੈ : 41935 ਕਿਊਸਿਕ