ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ‘ਤੇ ਕੀਤਾ ਤਿੱਖਾ ਹਮਲਾ ਕਰਦਿਆਂ ਲਾਇਆ ਦੋਸ਼, ਕਿਹਾ- ਪਠਾਨਮਾਜਰਾ ’ਤੇ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਪਰਚਾ

ਚੰਡੀਗੜ੍ਹ –ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ’ਤੇ ਤਿੱਖਾ ਹਮਲਾ ਕਰਦਿਆ ਦੋਸ਼ ਲਾਇਆ ਕਿ ਇਹ ਪੰਜਾਬ ਵਿਚ ਸ਼ਾਸਨ ਨੂੰ ਰਾਜਨੀਤਿਕ ਵਸੂਲੀ ਤੇ ਬਦਲੇ ਦੀ ਭਾਵਨਾ ਦੇ ਇਕ ਭੱਦੇ ਤਮਾਸ਼ੇ ’ਚ ਬਦਲ ਚੁੱਕੀ ਹੈ। ਬਾਜਵਾ ਨੇ ਕਿਹਾ ਕਿ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਖ਼ਿਲਾਫ਼ ਦਰਜ ਕੀਤੀ ਗਈ ਹੈਰਾਨ ਕਰਨ ਵਾਲੀ ਐਫਆਈਆਰ ਨਾ ਸਿਰਫ਼ ਸੱਤਾਧਾਰੀ ਪਾਰਟੀ ਦੇ ਅੰਦਰ ਨੈਤਿਕ ਤੇ ਕਾਨੂੰਨੀ ਪਤਨ ਨੂੰ ਦਰਸਾਉਂਦੀ ਹੈ, ਸਗੋਂ ਭਗਵੰਤ ਮਾਨ ਦੀ ਅਗਵਾਈ ਵਿਚ ਨਿਆਂ ਦੇ ਪੂਰਨ ਪਤਨ ਨੂੰ ਵੀ ਸਾਹਮਣੇ ਲਿਆਉਂਦੀ ਹੈ। ਬਾਜਵਾ ਨੇ ਪੁੱਛਿਆ ਕਿ ਐਫਆਈਆਰ ਤੋਂ ਹੀ ਸਾਫ਼ ਹੈ ਕਿ ਦਾਅਵਾ ਕੀਤੇ ਗਏ ਅਪਰਾਧ 2014 ਤੋਂ ਜੂਨ 2024 ਤੱਕ ਦਾ ਹੈ। ਸ਼ਿਕਾਇਤਕਰਤਾ ਨੇ ਅਗਸਤ 2022 ਵਿਚ ਆਪਣੀ ਸ਼ਿਕਾਇਤ ਲੈ ਕੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਫਿਰ ਵੀ, ਲਗਪਗ ਤਿੰਨ ਸਾਲਾਂ ਤੱਕ, ਮਾਨ ਸਰਕਾਰ ਨਿਆਂ ਲਈ ਉਸ ਦੀ ਪੁਕਾਰ ’ਤੇ ਅੰਨ੍ਹੀ ਅਤੇ ਬੋਲੀ ਰਹੀ। ਫਿਰ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਇਸ ਵਿਧਾਇਕ ਨੂੰ ਇੰਨੇ ਲੰਮੇ ਸਮੇਂ ਤੱਕ ਗ੍ਰਿਫ਼ਤਾਰ ਜਾਂ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ?ਉਨ੍ਹਾਂ ਕਿਹਾ ਕਿ ਪਠਾਨਮਾਜਰਾ ਦੀ ਗ੍ਰਿਫਤਾਰੀ ਦਾ ਸਮਾਂ ਬਹੁਤ ਕੁਝ ਦੱਸਦਾ ਹੈ।