ਕਾਲਾ ਸੰਘਿਆਂ -ਕਪੂਰਥਲਾ ਜ਼ਿਲ੍ਹੇ ਵਿਚ ਭਾਰੀ ਮੀਂਹ ਕਾਰਨ ਪਾਣੀ ਭਰਨ ਵਾਲੀਆਂ ਥਾਵਾਂ ਤੇ ਸੜਕਾਂ ਉੇਪਰ ਦੀ ਪਾਣੀ ਵਹਿਣ ਕਾਰਨ ਆਵਾਜਾਈ ਵਿਚ ਆ ਰਹੀਆਂ ਦਿੱਕਤਾਂ ਦਾ ਮੰਗਲਵਾਰ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਬਰਿੰਦਪੁਰ ਤੇ ਕਾਲਾ ਸੰਘਿਆਂ ਵਿਖੇ ਜਾ ਕੇ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਕਪੂਰਥਲਾ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਤੇ ਸੰਗਠਨ ਇੰਚਾਰਜ ਪਰਮਿੰਦਰ ਸਿੰਘ ਢੋਟ ਵੀ ਸਨ। ਡਿਪਟੀ ਕਮਿਸ਼ਨਰ ਨੇ ਬਰਿੰਦਰਪੁਰ ਨੇੜੇ ਕਪੂਰਥਲਾ-ਰੇਲ ਕੋਚ ਫੈਕਟਰੀ ਸੜਕ ਉਪਰ ਪਾਣੀ ਦਾ ਵਹਾਅ ਕਾਰਨ ਆ ਰਹੀਆਂ ਦਿੱਕਤਾਂ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕੀ ਆਵਾਜਾਈ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਜ਼ਮੀਨੀ ਪੱਧਰ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰਾਹਗੀਰਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਸੜਕਾਂ ਉੇਪਰ ਸਾਈਨੇਜ ਤੁਰੰਤ ਲਗਾਏ ਜਾਣ ਤਾਂ ਜੋ ਹਾਦਸੇ ਤੋਂ ਬਚਿਆ ਜਾ ਸਕੇ। ਉਨ੍ਹਾਂ ਕਾਲਾ ਸੰਘਿਆ ਵਿਖੇ ਪਾਣੀ ਭਰਨ ਤੇ ਸੜਕੀ ਆਵਾਜਾਈ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ। ਕਪੂਰਥਲਾ-ਕਾਲਾ ਸੰਘਿਆਂ-ਲੋਹੀਆਂ ਸੜਕ ’ਤੇ ਪਾਣੀ ਦੇ ਤੇਜ ਵਹਾਅ ਕਾਰਨ ਆ ਰਹੀਆਂ ਸਮੱਸਿਆਵਾਂ ਸਬੰਧੀ ਡਿਪਟੀ ਕਮਿਸ਼ਨਰ ਨੇ ਸਥਿਤੀ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਡਰੇਨਜ ਵਿਭਾਗ ਨਾਲਿਆਂ/ਡਰੇਨਾਂ ਦੇ ਪੁਲਾਂ ਹੇਠੋਂ ਪਾਣੀ ਦੀ ਨਿਕਾਸੀ ਯਕੀਨੀ ਬਣਾਏ। ਉਨ੍ਹਾਂ ਇਹ ਵੀ ਦੱਸਿਆ ਕਿ ਕਪੂਰਥਲਾ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਜਾਂ ਮੀਂਹ ਕਾਰਨ ਆ ਰਹੀਆਂ ਦਿੱਕਤਾਂ ਦੇ ਹੱਲ ਲਈ ਨਗਰ ਨਿਗਮ ਦਫ਼ਤਰ ਵਿਖੇ ਕੰਟਰੋਲ ਰੂਮ 79737-97945 ਸਥਾਪਿਤ ਕੀਤਾ ਗਿਆ ਹੈ। ਇਸ ਮੌਕੇ ਐੱਸਡੀਐੱਮ ਮੇਜਰ ਇਰਵਿਨ ਕੌਰ ਵੀ ਹਾਜ਼ਰ ਸਨ।
ਮੀਂਹ ਕਾਰਨ ਪਾਣੀ ਭਰਨ ਵਾਲੀਆਂ ਥਾਵਾਂ ਦਾ ਡੀਸੀ ਨੇ ਕੀਤਾ ਦੌਰਾ
