ਸਿਕੰਦਰ ਰਜ਼ਾ ਪਹਿਲੀ ਵਾਰ ਬਣੇ ਨੰਬਰ-1 ਆਲਰਾਊਂਡਰ, ਜਡੇਜਾ-ਹਾਰਦਿਕ ਨੂੰ ਬਿਨਾਂ ਮੈਚ ਖੇਡੇ ਹੀ ਹੋਇਆ ਫਾਇਦਾ

ਨਵੀਂ ਦਿੱਲੀ – ਜਿੰਬਾਬਵੇ ਦੇ ਸਟਾਰ ਆਲਰਾਉਂਡਰ ਸਿਕੰਦਰ ਰਜ਼ਾ ਨੇ ਆਈਸੀਸੀ ਵਨਡੇ ਰੈਂਕਿੰਗ ‘ਚ ਮਹੱਤਵਪੂਰਨ ਮਕਾਮ ਹਾਸਲ ਕੀਤਾ ਹੈ। 3 ਸਤੰਬਰ ਨੂੰ ਜਾਰੀ ਕੀਤੀ ਗਈ ਤਾਜ਼ਾ ਰੈਂਕਿੰਗ ‘ਚ ਰਜ਼ਾ ਦੋ ਸਥਾਨ ਉੱਪਰ ਚੜ੍ਹ ਕੇ ਵਨਡੇ ‘ਚ ਨਵੇਂ ਵਿਸ਼ਵ ਨੰਬਰ-1 ਆਲਰਾਉਂਡਰ ਬਣ ਗਏ ਹਨ। 39 ਸਾਲ ਦੇ ਸਿਕੰਦਰ ਦੇ ਖਾਤੇ ‘ਚ ਹੁਣ 302 ਰੇਟਿੰਗ ਪੌਇੰਟ ਹਨ।

ਅਸਲ ‘ਚ, ਸਿਕੰਦਰ ਰਜ਼ਾ ਨੇ ਪਿਛਲੇ ਹਫ਼ਤੇ ਹਰਾਰੇ ‘ਚ ਸ੍ਰੀਲੰਕਾ ਦੇ ਖ਼ਿਲਾਫ਼ ਖੇਡੇ ਗਏ ਦੋ ਵਨਡੇ ਮੈਚਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਪਹਿਲੇ ਵਨਡੇ ‘ਚ 87 ਗੇਂਦਾਂ ‘ਤੇ 92 ਦੌੜਾਂ ਬਣਾਈਆਂ ਤੇ ਗੇਂਦਬਾਜ਼ੀ ‘ਚ 10 ਓਵਰਾਂ ‘ਚ 48 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ।

ਦੂਜੇ ਵਨਡੇ ‘ਚ ਉਨ੍ਹਾਂ 55 ਗੇਂਦਾਂ ‘ਤੇ ਅਜੇਤੂ 59 ਦੌੜਾਂ ਦੀ ਪਾਰੀ ਖੇਡੀ। ਇਸ ਪ੍ਰਦਰਸ਼ਨ ਦੇ ਨਤੀਜੇ ਵਜੋਂ ਰਜ਼ਾ ਨੇ ਅਫਗਾਨਿਸਤਾਨ ਦੇ ਮੁਹੰਮਦ ਨਬੀ (292 ਅੰਕ) ਅਤੇ ਅਜਮਤੁੱਲਾਹ ਉਮਰਜ਼ਈ (296 ਅੰਕ) ਨੂੰ ਪਿੱਛੇ ਛੱਡ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ, ਬੱਲੇਬਾਜ਼ੀ ਰੈਂਕਿੰਗ ‘ਚ ਵੀ ਉਹ 9 ਸਥਾਨ ਉੱਪਰ ਚੜ੍ਹ ਕੇ 22ਵੇਂ ਨੰਬਰ ‘ਤੇ ਪਹੁੰਚ ਗਏ ਹਨ।

ਇਸ ਦੌਰਾਨ, ਪਾਥੁਮ ਨਿਸੰਕਾ ਬੱਲੇਬਾਜ਼ੀ ਰੈਂਕਿੰਗ ‘ਚ ਟਾਪ-10 ਦੇ ਨੇੜੇ ਪਹੁੰਚ ਗਏ ਹਨ। ਉਨ੍ਹਾਂ ਨੇ 7 ਸਥਾਨਾਂ ਦੀ ਛਾਲ ਮਾਰੀ ਤੇ 13ਵਾਂ ਸਥਾਨ ਹਾਸਲ ਕੀਤਾ ਹੈ। ਦੋ ਮੈਚਾਂ ਦੀ ਸੀਰੀਜ਼ ‘ਚ ਉਨ੍ਹਾਂ 122 ਦੌੜਾਂ ਬਣਾਈਆਂ ਜਿਸ ਕਾਰਨ ਉਨ੍ਹਾਂ ਦਾ ਰੇਟਿੰਗ ਪੌਇੰਟ ਹੁਣ 654 ਹੋ ਗਿਆ ਹੈ। ਜੇਨਿਥ ਲਿਆਂਗੇ ਨੇ 13 ਸਥਾਨਾਂ ਦੀ ਛਾਲ ਮਾਰ ਕੇ 29ਵਾਂ ਸਥਾਨ ਹਾਸਲ ਕੀਤਾ ਹੈ।

ਜਦੋਂਕਿ ਬੋਲਿੰਗ ਰੈਂਕਿੰਗ ‘ਚ ਪੇਸਰ ਅਸਿਥਾ ਫਰਨਾਂਡੋ ਨੇ 6 ਸਥਾਨਾਂ ਦੀ ਛਾਲ ਲਗਾਈ ਤੇ ਉਹ 31ਵੇਂ ਸਥਾਨ ‘ਤੇ ਪਹੁੰਚ ਗਏ ਅਤੇ ਦਿਲਸ਼ਾਨ ਮਧੁਸ਼ੰਕਾ ਨੇ 8 ਸਥਾਨਾਂ ਦੀ ਛਾਲ ਨਾਲ 52ਵਾਂ ਸਥਾਨ ਹਾਸਲ ਕੀਤਾ।

ਵਨਡੇ ਆਲਰਾਉਂਡਰ ਰੈਂਕਿੰਗ (ICC ODI Rankings) ‘ਚ ਮੁਹੰਮਦ ਨਬੀ ਪਿੱਛੇ ਰਹਿ ਗਏ, ਪਰ T20 ਆਲਰਾਉਂਡਰ ਰੈਂਕਿੰਗ ‘ਚ ਉਨ੍ਹਾਂ ਸ਼ਾਨਦਾਰ ਵਾਪਸੀ ਕੀਤੀ। ਨਬੀ ਇਸ ਹਫ਼ਤੇ ਦੂਜੇ ਨੰਬਰ ‘ਤੇ ਆ ਗਏ ਹਨ ਤੇ ਹੁਣ ਭਾਰਤ ਦੇ ਹਾਰਦਿਕ ਪਾਂਡਿਆ ਦੇ ਪਿੱਛੇ ਹਨ।

ਨਬੀ ਨੇ ਪਿਛਲੇ ਹਫ਼ਤੇ ਸ਼ਾਰਜਾਹ ‘ਚ ਖੇਡੇ ਗਏ ਟ੍ਰਾਈ ਸੀਰੀਜ਼ (UAE ਅਤੇ Pakistan ਦੇ ਖਿਲਾਫ) ‘ਚ 3 ਮੈਚਾਂ ਵਿਚ 4 ਵਿਕਟਾਂ ਹਾਸਲ ਕੀਤੀਆਂ।

ਅਫਗਾਨਿਸਤਾਨ ਦੇ ਬੱਲੇਬਾਜ਼ ਇਬਰਾਹਿਮ ਜਦਰਾਨ T20I ਬੱਲੇਬਾਜ਼ੀ ਰੈਂਕਿੰਗ ‘ਚ 12 ਸਥਾਨ ਉੱਪਰ ਚੜ੍ਹ ਕੇ 20ਵੇਂ ਸਥਾਨ ‘ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਪਾਕਿਸਤਾਨ ਅਤੇ ਯੂਏਈ ਖ਼ਿਲਾਫ਼ ਲੜੀਵਾਰ 63 (40) ਅਤੇ 65 (45) ਦੌੜਾਂ ਬਣਾਏ।

ਪਾਕਿਸਤਾਨ ਦੇ ਗੇਂਦਬਾਜ਼ ਸੁਫ਼ਿਆਨ ਮੁਕੀਮ 11 ਸਥਾਨਾਂ ਦੀ ਛਾਲ ਮਾਰ ਲਗਾ ਕੇ T20I ਗੇਂਦਬਾਜ਼ੀ ਰੈਂਕਿੰਗ ਵਿਚ 22ਵੇਂ ਸਥਾਨ ‘ਤੇ ਪਹੁੰਚ ਗਏ ਹਨ।

ਜੇ ਅਸੀਂ ICC ਵਨਡੇ ਬੌਲਿੰਗ ਰੈਂਕਿੰਗ ‘ਚ ਭਾਰਤੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਕੁਲਦੀਪ ਯਾਦਵ ਤੀਸਰੇ ਸਥਾਨ ‘ਤੇ ਬਰਕਰਾਰ ਹਨ। ਇਸ ਦੌਰਾਨ ਰਵਿੰਦਰ ਜਡੇਜਾ ਨੂੰ ਇਕ ਸਤਾਨ ਦਾ ਫਾਇਦਾ ਹੋਇਆ ਤੇ ਉਹ 8ਵੇਂ ਸਥਾਨ ‘ਤੇ ਪਹੁੰਚ ਗਏ ਹਨ। ਸ੍ਰੀਲੰਕਾ ਦੇ ਵਾਨਿੰਦੁ ਹਸਰੰਗਾ ਨੂੰ ਇਕ ਸਥਾਨ ਦਾ ਨੁਕਸਾਨ ਹੋਇਆ ਅਤੇ ਉਹ 9ਵੇਂ ਸਥਾਨ ‘ਤੇ ਖਿਸਕ ਗਏ। ਜਡੇਜਾ ਦੇ ਨਾਲ-ਨਾਲ ਹਾਰਦਿਕ ਪਾਂਡਿਆ ਵੀ ਇਕ ਸਥਾਨ ਉੱਪਰ ਚੜ੍ਹ ਕੇ 71ਵੇਂ ਸਥਾਨ ‘ਤੇ ਪਹੁੰਚ ਗਏ ਹਨ।