ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਵਧਿਆ, ਕਪੂਰਥਲਾ ਦੇ ਪਿੰਡ ਮੰਨੂਮਾਛੀ ਦਾ ਆਰਜੀ ਬੰਨ੍ਹ ਟੁੱਟਿਆ

ਸੁਲਤਾਨਪੁਰ ਲੋਧੀ- ਕੁਦਰਤ ਦਾ ਕਹਿਰ ਲਗਾਤਾਰ ਜਾਰੀ ਹੈ ਦਰਿਆ ਬਿਆਸ ਵੱਲੋਂ ਆਪਣਾ ਰੁਦਰ ਰੂਪ ਵਿਖਾਉਣ ਤੋਂ ਬਾਅਦ ਹੁਣ ਸਤਲੁਜ ਵਿੱਚ ਵੀ ਪਾਣੀ ਦਾ ਪੱਧਰ ਵਧਣ ਕਾਰਨ ਇਸ ਦੇ ਖਤਰਨਾਕ ਰੂਪ ਧਾਰਨ ਕਰ ਰਿਹਾ ਹੈ। ਹਲਕਾ ਸੁਲਤਾਨਪੁਰ ਲੋਧੀ ਵਿੱਚ ਪੈਂਦੇ ਕੁਝ ਪਿੰਡਾਂ ਨੂੰ ਸਤਲੁਜ ਤੇ ਬਿਆਸ ਦੋਵੇਂ ਦਰਿਆਵਾਂ ਵੱਲੋਂ ਮਾਰ ਪੈਣ ਕਾਰਨ ਕਿਸਾਨਾਂ ਦੇ ਹੌਸਲੇ ਟੁੱਟ ਰਹੇ ਹਨ।

ਸਤਲੁਜ ਵੱਲੋਂ ਹੁਣ ਵਰਤਾਏ ਜਾ ਰਹੇ ਕਹਿਰ ਕਾਰਨ ਪਿੰਡ ਦਾਰੇਵਾਲ ਨਜ਼ਦੀਕ ਮੰਨੂ ਮਾਛੀ (ਫਿਰੋਜ਼ਪੁਰ) ਦਾ ਆਰਜੀ ਬੰਨ੍ਹ ਟੁੱਟਣ ਕਾਰਨ ਨਾਲ ਪੈਂਦੇ ਜ਼ਿਲਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਵੀ ਕੁਝ ਪਿੰਡਾਂ ਵਿੱਚ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹੈ ।ਮੰਡ ਇੰਦਰਪੁਰ, ਸ਼ਾਹ ਵਾਲਾ ਨੱਕੀ, ਮੰਡ ਅੰਦਰੀਸਾ, ਨੱਕੀ ਰਾਮਪੁਰ ,ਦਲੇਲੀ ਅੰਦਰੀਸਾ, ਗੱਟਾ ਦਲੇਰ ਆਦਿ ਪਿੰਡ ਹੁਣ ਮੰਨੂ ਮਾਛੀ ਬੰਨ ਟੁੱਟਣ ਕਾਰਨ ਪਾਣੀ ਵਿੱਚ ਡੁੱਬਣੇ ਸ਼ੁਰੂ ਹੋ ਗਏ ਹਨ ਜਿਸ ਨਾਲ ਕਰੀਬ ਹੋਰ 3 ਹਜ਼ਾਰ ਏਕੜ ਝੋਨੇ ਦੀ ਫਸਲ ਦੇ ਵੀ ਬਰਬਾਦ ਹੋਣ ਦੇ ਅਸਾਰ ਹੋ ਗਏ ਹਨ।