ਪਹਿਲੀ ਵਾਰ ਅਮੀਬਿਕ ਮੈਨਿੰਜਾਈਟਿਸ ਤੇ ਫੰਗਲ ਲਾਗ ਦਾ ਇਕੱਠਿਆਂ ਹੋਇਆ ਇਲਾਜ, ਡਾਕਟਰਾਂ ਨੇ ਹਾਸਲ ਕੀਤੀ ਦੁਰਲੱਭ ਉਪਲਬਧੀ

ਤਿਰੁਵਨੰਤਪੁਰਮ – ਕੇਰਲ ’ਚ ਡਾਕਟਰਾਂ ਨੇ ਇਕ 17 ਸਾਲਾ ਲੜਕੇ ਦਾ ਸਫਲਤਾਪੂਰਵਕ ਇਲਾਜ ਕਰ ਕੇ ਇਕ ਦੁਰਲੱਭ ਉਪਲੱਬਧੀ ਹਾਸਲ ਕੀਤੀ ਹੈ। ਪੀੜਤ ਲੜਕਾ ਇਕੱਠਿਆਂ ਅਮੀਬਿਕ ਮੈਨਿੰਗੋਇਨਸੈਫਲਾਈਟਿਸ ਤੇ ਐਸਪਰਗਿਲਸ ਫਲੈਵਸ ਤੋਂ ਇਨਫੈਕਟਿਡ ਸੀ। ਸਿਹਤ ਮੰਤਰੀ ਵੀਨਾ ਜਾਰਜ ਨੇ ਬੁੱਧਵਾਰ ਨੂੰ ਕਿਹਾ ਇਹ ਦੁਨੀਆ ਦਾ ਪਹਿਲਾ ਮਾਮਲਾ ਹੈ, ਜਿਸ ’ਚ ਦੋਵੇਂ ਲਾਗਾਂ ਤੋਂ ਪੀੜਤ ਮਰੀਜ਼ ਦਾ ਸਫਲਤਾਪੂਰਵਕ ਇਲਾਜ ਕੀਤਾ ਗਿਆ ਤੇ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ।

ਸਿਹਤ ਮੰਤਰੀ ਨੇ ਦੱਸਿਆ ਕਿ ਲੜਕੇ ਦਾ ਤਿੰਨ ਹਫ਼ਤਿਆਂ ਤੱਕ ਅਲਪੁੱਇਝਾ ਮੈਡੀਕਲ ਕਾਲਜ ਹਸਪਤਾਲ ’ਚ ਇਲਾਜ ਚੱਲਿਆ ਤੇ ਫਿਰ ਉਸ ਨੂੰ ਤਿਰੁਵਨੰਤਪੁਰਮ ਮੈਡੀਕਲ ਕਾਲਜ ’ਚ ਰੈਫਰ ਕਰ ਦਿੱਤਾ ਗਿਆ। ਨਿਊਰੋਸਰਜਰੀ ਟੀਮ ਨੇ ਮਰੀਜ਼ ਦੀ ਸਰਜਰੀ ਕੀਤੀ ਤੇ ਤਿੰਨ ਮਹੀਨਿਆਂ ਦੇ ਇਲਾਜ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਲਪੁੱਇਝਾ ਸਥਿਤ ਮਾਈਕ੍ਰੋਬਾਇਓਲਾਜੀ ਲੈਬ ਨੇ ਮਰੀਜ਼ ਦੇ ਸਪਾਈਨਲ ਫਿਲੂਇਡ ਤੋਂ ਬਿਮਾਰੀ ਪੈਦਾ ਕਰਨ ਵਾਲੇ ਅਮੀਬਾ ਤੇ ਫੰਗਸ ਦੀ ਪਛਾਣ ਕੀਤੀ, ਜਿਸ ਤੋਂ ਬਾਅਦ ਇਲਾਜ ਸ਼ੁਰੂ ਕੀਤਾ ਗਿਆ। ਐੱਮਆਰਆਈ ਸਕੈਨ ’ਚ ਦਿਮਾਗ ’ਚ ਰੇਸ਼ਾ ਦਿਖਾਈ ਦਿੱਤੀ ਤੇ ਮਰੀਜ਼ ਨੂੰ ਤਿਰੁਵਨੰਤਪੁਰਮ ਲਿਜਾਇਆ ਗਿਆ, ਜਿਥੇ ਨਿਊਰੋਸਰਜਰੀ ਟੀਮ ਨੇ ਆਪ੍ਰੇਸ਼ਨ ਕੀਤਾ। ਹਾਲਾਤ ਵਿਗੜਣ ’ਤੇ ਦੂਜੀ ਸਰਜਰੀ ਕੀਤੀ ਗਈ, ਜਿਸ ਤੋਂ ਬਾਅਦ ਲੜਕਾ ਠੀਕ ਹੋਣ ਲੱਗਾ। ਤਿਰੁਵਨੰਤਪੁਰਮ ਮੈਡੀਕਲ ਕਾਲਜ ਦੇ ਇਨਫੈਕਸ਼ਨ ਰੋਗ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਅਰਵਿੰਦ ਨੇ ਕਿਹਾ ਕਿ ਇਲਾਜ ਲਈ ਪੰਜ ਦਵਾਈਆਂ ਦੀ ਵਰਤੋਂ ਕੀਤੀ ਗਈ ਕਿਉਂਕਿ ਦੋਵੇਂ ਹੀ ਇਨਫੈਕਸ਼ਨ ਜਾਨਲੇਵਾ ਹਨ। ਛੁੱਟੀ ਮਿਲਣ ਦੇ ਤਿੰਨ ਹਫ਼ਤਿਆਂ ਬਾਅਦ ਅਸੀਂ ਮਰੀਜ਼ ਦੀ ਜਾਂਚ ਕੀਤੀ ਤੇ ਹੁਣ ਉਹ ਬਿਲਕੁਲ ਆਮ ਵਰਗਾ ਹੈ।