ਪਟਿਆਲਾ-ਸੂਬੇ ’ਚ ਹੜ੍ਹ ਦੀ ਲਪੇਟ ’ਚ ਆਏ ਲੋਕਾਂ ਨੂੰ ਅਜੇ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਕਿਉਂਕਿ ਸੂਬੇ ਦੇ ਤਿੰਨਾਂ ਡੈਮਾਂ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਜਾਂ ਉਸ ਤੋਂ ਉੱਪਰ ਚੱਲ ਰਿਹਾ ਹੈ। ਵੀਰਵਾਰ ਨੂੰ ਪੌਂਗ ਡੈਮ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 14 ਫੁੱਟ ਉੱਪਰ ਪੁੱਜ ਚੁੱਕਾ ਹੈ। ਇਸੇ ਤਰ੍ਹਾਂ ਭਾਖੜਾ ਡੈਮ ’ਚ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਇਕ ਫੁੱਟ ਦੂਰ ਹੈ। ਡੈਮ ਦੀ ਸੁਰੱਖਿਆ ਨੂੰ ਦੇਖਦੇ ਹੋਏ ਭਾਖੜਾ ਦੇ ਫਲੱਡ ਗੇਟ ਹੁਣ ਸੱਤ ਫੁੱਟ ਤੋਂ ਵਧਾ ਕੇ 10 ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ। ਇਸ ਕਾਰਨ ਸਤਲੁਜ ਦਰਿਆ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ’ਚ ਹੜ੍ਹ ਦਾ ਖ਼ਤਰਾ ਹੋ ਵਧ ਗਿਆ ਹੈ। ਲੁਧਿਆਣਾ ’ਚ ਤਾਂ ਪੰਜ ਥਾਂ ਸਤਲੁਜ ਦੇ ਕਿਨਾਰੇ ਬਣੇ ਧੁੱਸੀ ਬੰਨ੍ਹ ਕਮਜ਼ੋਰ ਹੋ ਚੁੱਕੇ ਹਨ। ਇਕ ਥਾਂ ਪਿੰਡ ਸਸਰਾਲੀ ’ਚ ਫ਼ੌਜ ਦੀ ਮਦਦ ਨਾਲ ਬੰਨ੍ਹ ਤੋਂ 200 ਮੀਟਰ ਪਿੱਛੇ ਇਕ ਕਿਲੋਮੀਟਰ ਇਲਾਕੇ ’ਚ ਰਿੰਗ ਬੰਨ੍ਹ ਦਾ ਨਿਰਮਾਣ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ’ਚ ਹੜ੍ਹ ਪ੍ਰਭਾਵਿਤ ਸਾਰੇ ਸੂਬਿਆਂ ’ਚ ਇਕ-ਇਕ ਗਜ਼ਟਡ ਅਧਿਕਾਰੀ ਤਾਇਨਾਤ ਕਰਨਦਾ ਫ਼ੈਸਲਾ ਕੀਤਾ ਹੈ। ਇਸ ਅਧਿਕਾਰੀ ਕੋਲ ਪਿੰਡ ’ਚ ਆਏ ਹੜ੍ਹ ਸਬੰਧੀ ਹਰ ਸ਼ਿਕਾਇਤ ਦਰਜ ਕਰਵਾਈ ਜਾ ਸਕੇਗੀ। ਓਧਰ ਖ਼ਤਰੇ ਦੇ ਮੱਦੇਨਜ਼ਰ ਰੇਲ ਵਿਭਾਗ ਨੇ ਜੰਮੂ-ਪਠਾਨਕੋਟ, ਫ਼ਿਰੋਜ਼ਪੁਰ-ਨਕੋਦਰ ਰੂਟ ਦੀਆਂ ਰੇਲ ਗੱਡੀਆਂ ਰੱਦ
ਸਤਲੁਜ, ਬਿਆਸ ਤੇ ਰਾਵੀ ਤੋਂ ਬਾਅਦ ਹੁਣ ਪਟਿਆਲਾ, ਸੰਗਰੂਰ ਤੇ ਮਾਨਸਾ ਇਲਾਕੇ ’ਚੋਂ ਲੰਘਦੇ ਘੱਗਰ ਦਰਿਆ ਨੇ ਵੀ ਲੋਕਾਂ ਨੂੰ ਮੁਸੀਬਤ ’ਚ ਪਾ ਦਿੱਤਾ ਹੈ। ਪਟਿਆਲਾ ਦਾ ਘਨੌਰ ਇਲਕਾ ਘੱਗਰ ਦਰਿਆ ਕਾਰਨ ਹੜ੍ਹ ਦੀ ਲਪੇਟ ’ਚ ਆ ਗਿਆ ਹੈ। ਇਲਾਕੇ ਦੇ ਦਰਜਨਾਂ ਪਿੰਡਾਂ ’ਚ ਪੁੱਜਾ ਘੱਗਰ ਦਾ ਪਾਣੀ ਹੁਣ ਲੋਕਾਂ ਦੇ ਘਰਾਂ ਤੱਕ ਮਾਰ ਕਰਨ ਲੱਗਾ ਹੈ। ਘੱਗਰ ਦੇ ਪਾਣੀ ਕਾਰਨ ਭਾਖੜਾ ਨਹਿਰ ਦੀ ਨਰਵਾਣਾ ਬ੍ਰਾਂਚ ਨਹਿਰ ’ਚ ਸਰਾਲਾ ਹੈਡ ਨੇੜੇ ਪਾੜ ਪੈ ਗਿਆ ਹੈ। ਇਸ ਤਰ੍ਹਾਂ ਹੁਣ ਘੱਰ ਦੇ ਪਾਣੀ ਦੇ ਨਾਲ-ਨਾਲ ਨਹਿਰ ਦਾ ਪਾਣੀ ਵੀ ਪਿੰਡਾਂ ਲਈ ਖ਼ਤਰਾ ਬਣ ਗਿਆ ਹੈ। ਪ੍ਰਸ਼ਾਸਨ ਨੇ ਨਹਿਰ ਦੀ ਪਟੜੀ ’ਤੇ ਬਣੀ ਘਨੋਰ-ਅੰਬਾਲਾ ਸੜਕ ’ਤੇ ਆਵਾਜਾਈ ਬੰਦ ਕਰ ਦਿੱਤੀ ਹੈ। ਹਾਲਾਂਕਿ ਇੱਥੇ ਹੜ੍ਹ ’ਚ ਫਸੇ 16 ਲੋਕਾਂ ਨੂੰ ਪ੍ਰਸ਼ਾਸਨ ਨੇ ਬਚਾਅ ਲਿਆ ਹੈ।
ਓਧਰ ਰਾਵੀ ਦਰਿਆ ਦੇ ਨਾਲ ਲੱਗਦੇ ਸਰਹੱਦੀ ਪਿੰਡਾਂ ’ਚ ਪਾਣੀ ਕੁਝ ਘੱਟ ਹੋਇਆ ਹੈ ਪਰ ਹਾਲਾਤ ਅਜੇ ਵੀ ਸੁਧਰੇ ਨਹੀਂ। ਇੱਥੇ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ, ਘਰ ਦਾ ਰਾਸ਼ਨ ਪਾਣੀ, ਜ਼ਰੂਰੀ ਵਸਤਾਂ, ਕੀਮਤੀ ਸਮਾਨ ਹੜ੍ਹ ਦਾ ਭੇਟ ਚੜ੍ਹ ਚੁੱਕਾ ਹੈ। ਪੱਕੇ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ। ਰਾਵੀ ਦਰਿਆ ਦਾ ਧੁੱਸੀ ਬੰਨ੍ਹ ਟੁੱਟਣ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ ਮਕੌੜਾ ਪੱਤਣ, ਗਾਹਲੜੀ, ਦੋਰਾਂਗਲਾ, ਕਲਾਨੌਰ ਤੇ ਡੇਰਾ ਬਾਬਾ ਨਾਨਕ ਇਲਾਕੇ ਦੇ 324 ਪਿੰਡ ਹੜ੍ਹ ਦੇ ਪਾਣੀ ਦੀ ਮਾਰ ਹੇਠ ਆਏ ਹਨ। ਇੱਥੇ 5581 ਵਿਅਕਤੀਆਂ ਨੂੰ ਹੈਲੀਕਾਪਟਰ ਤੇ ਕਿਸ਼ਤੀਆਂ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ।
ਸੂਬੇ ’ਚ ਆਏ ਹੜ ਕਾਰਨ ਹੁਣ ਤੱਕ 39 ਲੋਕਾਂ ਦੀ ਮੌਤ ਹੋ ਚੁੱਕੀ ਹੈ। 16,985 ਪਿੰਡ ਹੜ੍ਹ ਦੀ ਲਪੇਟ ’ਚ ਹਨ ਤੇ 3.80 ਲੱਖ ਹੈਕਟੇਅਰ ਫ਼ਸਲ ਨੂੰ ਨੁਕਸਾਨ ਹੋਇਆ ਹੈ। ਫ਼ੌਜ, ਹਵਾਈ ਫ਼ੌਜ, ਐੱਨਡੀਆਰਐੱਫ ਤੇ ਐੱਸਡੀਆਰਐੱਫ ਦੀਆਂ ਟੀਮਾਂ ਲਗਾਤਾਰ ਰਾਹਤ ਤੇ ਬਚਾਅ ਕਾਰਜਾਂ ’ਚ ਲੱਗੀਆਂ ਹਨ। ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਤੇ ਉਨ੍ਹਾਂ ਨੂੰ ਸੁਰੱਖਿਅਤ ਕੱਢਣ ਲਈ 30 ਤੋਂ ਵੱਧ ਹੈਲੀਕਾਪਟਰਾਂ ਤੇ ਸੈਂਕੜੇ ਕਿਸ਼ਤੀਆਂ ਦੀ ਮਦਦ ਲਈ ਜਾ ਰਹੀ ਹੈ।
ਭਾਖੜਾ 1680 ਫੁੱਟ 1679 ਫੁੱਟ
ਪੌਂਗ 1380 ਫੁੱਟ 1394 ਫੁੱਟ
ਰਣਜੀਤ ਸਾਗਰ 527 ਫੁੱਟ 527.05 ਫੁੱਟ