ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰਦੇ ਮੁੰਡੇ ਨੂੰ ਬੀਐੱਸਐੱਫ ਨੇ ਫੜਿਆ, ਹੁਣ ਸੁਰੱਖਿਆ ਏਜੰਸੀਆਂ ਕਰਨਗੀਆਂ ਪੁੱਛਗਿੱਛ

ਜੈਸਲਮੇਰ- ਰਾਜਸਥਾਨ ਦੇ ਜੈਸਲਮੇਰ ਵਿਚ ਬੀਐੱਸਐੱਫ ਨੇ ਬੁੱਧਵਾਰ ਸ਼ਾਮ ਨੂੰ ਭਾਰਤ-ਪਾਕਿਸਤਾਨ ਸਰਹੱਦ ਤੋਂ ਲਗਪਗ 15 ਕਿਲੋਮੀਟਰ ਦੂਰ ਪੋਛੀਨਾ ਇਲਾਕੇ ਵਿਚ ਬੰਗਾਲ ਦੇ ਵਧਰਮਾਨ ਨਿਵਾਸੀ ਲੜਕੇ ਲਾਲਚੰਦ ਸ਼ੇਖ਼ ਨੂੰ ਗ੍ਰਿਫ਼ਤਾਰ ਕੀਤਾ। ਉਹ ਪਾਕਿਸਤਾਨ ਰਾਹੀਂ ਸਾਊਦੀ ਅਰਬ ਜਾਣਾ ਚਾਹੁੰਦਾ ਸੀ। ਉਸ ਦੀਆਂ ਸ਼ੱਕੀ ਗਤੀਵਿਧੀਆਂ ਨੂੰ ਦੇਖਦਿਆਂ, ਬੀਐੱਸਐੱਫ ਨੇ ਉਸ ਨੂੰ ਅਗਲੀ ਪੁੱਛਗਿੱਛ ਲਈ ਸਥਾਨਕ ਪੁਲਿਸ ਨੂੰ ਸੌਂਪ ਦਿੱਤਾ ਹੈ।

ਪੁਲਿਸ ਦੇ ਅਨੁਸਾਰ, ਸਰਹੱਦੀ ਇਲਾਕੇ ਵਿਚ ਆਉਣ ਦਾ ਕਾਰਨ ਪੁੱਛਣ ‘ਤੇ ਸ਼ੇਖ਼ ਨੇ ਪਹਿਲਾਂ ਤਾਂ ਸਹੀ ਜਵਾਬ ਨਹੀਂ ਦਿੱਤਾ, ਪਰ ਬਾਅਦ ਵਿਚ ਸਖ਼ਤੀ ਨਾਲ ਪੁੱਛਗਿੱਛ ਕਰਨ ‘ਤੇ ਉਸ ਨੇ ਦੱਸਿਆ ਕਿ ਉਸ ਦਾ ਭਰਾ ਸਾਊਦੀ ਅਰਬ ਵਿਚ ਮਜ਼ਦੂਰੀ ਕਰਦਾ ਹੈ। ਇਸ ਕਾਰਨ ਉਹ ਵੀ ਪਾਕਿਸਤਾਨ ਦੇ ਰਾਹੀਂ ਉੱਥੇ ਜਾ ਕੇ ਮਜ਼ਦੂਰੀ ਕਰਨਾ ਚਾਹੁੰਦਾ ਸੀ। ਹੁਣ ਸੁਰੱਖਿਆ ਏਜੰਸੀਆਂ ਦੀਆਂ ਸੰਯੁਕਤ ਟੀਮਾਂ ਵੀ ਉਸ ਤੋਂ ਪੁੱਛਗਿੱਛ ਕਰਨਗੀਆਂ।

ਜ਼ਿਕਰਯੋਗ ਹੈ ਕਿ ਇਸ ਸਾਲ ਬੀਐੱਸਐੱਫ ਸਮੇਤ ਹੋਰ ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇਕ 28 ਮਾਰਚ ਨੂੰ ਚਾਂਧਨ ਫੀਲਡ ਫਾਇਰਿੰਗ ਰੇਂਜ ਦੇ ਨੇੜੇ ਪਠਾਨ ਖ਼ਾਨ ਨੂੰ ਆਫੀਸ਼ੀਅਲ ਸੀਕ੍ਰੇਟ ਐਕਟ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। 28 ਮਈ ਨੂੰ ਪਿਛਲੀ ਕਾਂਗਰਸ ਸਰਕਾਰ ਵਿਚ ਮੰਤਰੀ ਰਹੇ ਸਾਲੇਹ ਮੁਹੰਮਦ ਦੇ ਸਾਬਕਾ ਨਿੱਜੀ ਸਕੱਤਰ ਸ਼ਕੂਰ ਖ਼ਾਨ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ। 4 ਅਗਸਤ ਨੂੰ ਡੀਆਰਡੀਓ ਰੈਸਟ ਹਾਊਸ ਦੇ ਮੈਨੇਜਰ ਮਹਿੰਦਰ ਪ੍ਰਸਾਦ ਨੂੰ ਪਾਕਿਸਤਾਨੀ ਹੈਂਡਲਰ ਨੂੰ ਫ਼ੌਜ ਨਾਲ ਜੁੜੀ ਗੁਪਤ ਜਾਣਕਾਰੀ ਭੇਜਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।