ਪਾਕਿਸਤਾਨ ਨੇ ਪਾਈ ਮੋਦੀ-ਟਰੰਪ ‘ਚ ਤਰੇੜ, ਲੰਡਨ ਡੇਲੀ ਦਾ ਦਾਅਵਾ- ਪਾਕਿ ਨੇ ਟਰੰਪ ਦੀ ਕਮਜ਼ੋਰ ਨਸ ’ਤੇ ਕੀਤਾ ਕੰਮ

ਨਵੀਂ ਦਿੱਲੀ – ਅਮਰੀਕਾ ਵੱਲੋਂ ਭਾਰਤ ‘ਤੇ ਲਗਾਏ ਗਏ 50 ਫ਼ੀਸਦੀ ਟੈਰਿਫ ਦੀ ਗੂੰਜ ਅਜੇ ਵੀ ਜਾਰੀ ਹੈ। ਇਕ ਨਵੀਂ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੀਐੱਮ ਮੋਦੀ ਅਤੇ ਟਰੰਪ ਵਿਚਕਾਰ ਦੁਸ਼ਮਣੀ ਦੇ ਬੀਜ ਬੀਜਣ ਲਈ ਪਾਕਿਸਤਾਨ ਜ਼ਿੰਮੇਵਾਰ ਹੈ। ਪਾਕਿਸਤਾਨ ਨੇ ਦੋਹਾਂ ਦੇ ਵਿਚਕਾਰ ਤਰੇੜ ਪਾਉਣ ਲਈ ਨੋਬਲ ਪੁਰਸਕਾਰ ਦਾ ਦਾਅ ਖੇਡਿਆ।

ਲੰਡਨ ਡੇਲੀ ਦੀ ਰਿਪੋਰਟ ਮੁਤਾਬਕ, ਆਪ੍ਰੇਸ਼ਨ ਸਿੰਧੂਰ ਵਿਚ ਮਿਲੀ ਹਾਰ ਨਾਲ ਬੁਖਲਾਏ ਪਾਕਿਸਤਾਨ ਨੇ ਸੀਜ਼ ਫਾਇਰ ਲਈ ਟਰੰਪ ਨੂੰ ਸਿਹਰਾ ਦੇ ਕੇ ਉਨ੍ਹਾਂ ਦੀ ਗੁਡ ਲਿਸਟ ਵਿਚ ਸ਼ਾਮਲ ਹੋਣ ਦਾ ਦਾਅ ਖੇਡਿਆ। ਇਸ ਰਾਹੀਂ ਪਾਕਿਸਤਾਨ ਦੀ ਮਨਸ਼ਾ ਸੀ ਕਿ ਉਹ ਅਮਰੀਕਾ ਨਾਲ ਆਪਣੇ ਰਿਸ਼ਤਿਆਂ ਨੂੰ ਵੀ ਬਿਹਤਰ ਕਰ ਸਕਦਾ ਹੈ। ਪਾਕਿਸਤਾਨ ਨੇ ਟਰੰਪ ਦੀ ਇਸ ਕਮਜ਼ੋਰ ਨਸ ‘ਤੇ ਕੰਮ ਕੀਤਾ ਕਿ ਉਹ ਨੋਬਲ ਸ਼ਾਂਤੀ ਪੁਰਸਕਾਰ ਲਈ ਕਾਫ਼ੀ ਹਮਲਾਵਰ ਢੰਗ ਨਾਲ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਭਾਰਤ-ਪਾਕਿਸਤਾਨ ਦੇ ਵਿਚਕਾਰ ਜੰਗਬੰਦੀ ਵਿਚ ਨੋਬਲ ਜਿੱਤਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਟਰੰਪ ਪਾਕਿਸਤਾਨ ਦੇ ਜਾਲ ਵਿਚ ਫਸ ਗਏ। ਟਰੰਪ ਨੂੰ ਲੱਗਾ ਕਿ ਭਾਰਤ ਵਿਚ ਉਨ੍ਹਾਂ ਦੇ ਸੱਚੇ ਦੋਸਤ ਪੀਐੱਮ ਮੋਦੀ ਨੋਬਲ ਜਿੱਤਣ ਵਿਚ ਸਹਾਇਤਾ ਕਰਨਗੇ। ਪਰ ਹੋਇਆ ਉਲਟਾ।

ਲੰਡਨ ਡੇਲੀ ਨੇ ਹੋਰ ਮੀਡੀਆ ਰਿਪੋਰਟਾਂ ਦਾ ਵੀ ਹਵਾਲਾ ਦਿੱਤਾ ਹੈ, ਜਿਨ੍ਹਾਂ ਮੁਤਾਬਕ ਪੀਐੱਮ ਮੋਦੀ ਨੇ ਟਰੰਪ ਨੂੰ ਸਾਫ਼ ਮਨ੍ਹਾ ਕਰ ਦਿੱਤਾ ਸੀ ਕਿ ਪਾਕਿਸਤਾਨ ਨਾਲ ਜੰਗਬੰਦੀ ਵਿਚ ਅਮਰੀਕਾ ਦਾ ਕੋਈ ਹੱਥ ਨਹੀਂ ਹੈ। ਭਾਰਤ ਨੇ ਸਾਫ਼ ਕਰ ਦਿੱਤਾ ਸੀ ਕਿ ਆਪ੍ਰੇਸ਼ਨ ਸਿੰਧੂਰ ਦੇ ਦੌਰਾਨ ਸਟੀਕ ਹਮਲਿਆਂ ਵਿਚ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਅਤੇ ਪਾਕਿਸਤਾਨੀ ਖੇਤਰ ਦੇ ਕਾਫ਼ੀ ਅੰਦਰ ਸਥਿਤ ਹਵਾਈ ਫ਼ੌਜ ਦੇ ਟਿਕਾਣਿਆਂ ਨੂੰ ਵੱਡਾ ਨੁਕਸਾਨ ਪਹੁੰਚਾਉਣ ਤੋਂ ਬਾਅਦ ਪਾਕਿਸਤਾਨ ਨੇ ਖ਼ੁਦ ਜੰਗਬੰਦੀ ਲਈ ਬੇਨਤੀ ਕੀਤੀ ਸੀ। ਨਵੀਂ ਦਿੱਲੀ ਨੇ ਪਾਕਿਸਤਾਨ ਦੇ ਪ੍ਰਸਤਾਵ ‘ਤੇ ਸਹਿਮਤੀ ਜ਼ਾਹਰ ਕੀਤੀ ਸੀ ਕਿਉਂਕਿ ਆਪ੍ਰੇਸ਼ਨ ਸਿੰਧੂਰ ਰਾਹੀਂ ਉਸ ਦਾ ਟੀਚਾ ਪੂਰਾ ਹੋ ਗਿਆ ਸੀ, ਜਿਸ ਲਈ ਇਹ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ।

ਇਸ ਤੋਂ ਬਾਅਦ ਟਰੰਪ ਨੂੰ ਕਾਫ਼ੀ ਝਟਕਾ ਲੱਗਾ ਅਤੇ ਫਿਰ ਸ਼ੁਰੂ ਹੋਇਆ ਟੈਰਿਫ ਲਗਾਉਣ ਦਾ ਦੌਰ। ਲੰਡਨ ਡੇਲੀ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ‘ਤੇ ਲਗਾਏ ਗਏ ਟੈਰਿਫ ਦੇ ਪਿੱਛੇ ਆਰਥਿਕ ਕਾਰਨਾਂ ਤੋਂ ਵੱਧ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪਾਵਰ ਸ਼ੋਅ ਜ਼ਿੰਮੇਵਾਰ ਹੈ। ਆਪਣੇ ਹੰਕਾਰ ਵਿਚ ਟਰੰਪ ਨੇ ਭਾਰਤ ‘ਤੇ ਦੁਨੀਆ ਵਿਚੋਂ ਸਭ ਤੋਂ ਵੱਧ ਟੈਰਿਫ ਲਗਾ ਦਿੱਤਾ।

ਰਿਪੋਰਟ ਮੁਤਾਬਕ ਬਦਕਿਸਮਤੀ ਇਹ ਹੈ ਕਿ ਭਾਰਤ ‘ਤੇ ਰੂਸ ਤੋਂ ਤੇਲ ਦਰਾਮਦ ਲਈ ਸਜ਼ਾ ਵਜੋਂ ਟੈਰਿਫ ਲਗਾਇਆ ਗਿਆ ਹੈ, ਜਦਕਿ 22 ਅਰਬ ਡਾਲਰ ਦਾ ਤੇਲ ਰੂਸ ਤੋਂ ਦਰਾਮਦ ਕਰਨ ਵਾਲੇ ਯੂਰਪੀ ਸੰਘ ਦੇ ਦੇਸ਼ਾਂ ‘ਤੇ ਟਰੰਪ ਚੁੱਪ ਹਨ। ਇਸ ਤੇਲ ਵਿੱਚੋਂ 18 ਬਿਲੀਅਨ ਡਾਲਰ ਦਾ ਤੇਲ ਇਹ ਦੇਸ਼ ਯੂਕਰੇਨ ਨੂੰ ਮਦਦ ਦੇ ਤੌਰ ‘ਤੇ ਦੇ ਚੁੱਕੇ ਹਨ।