ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ

 ਚੰਡੀਗੜ੍ਹ – ਪੰਜਾਬ ਕੈਬਨਿਟ ਦੀ ਅੱਜ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦਾ ਕਾਰਨ ਮੁੱਖ ਮੰਤਰੀ ਦੀ ਅਚਨਾਕ ਤਬੀਅਤ ਖਰਾਬ ਹੋਣਾ ਮੰਨਿਆ ਜਾ ਰਿਹਾ ਹੈ। ਦਰਅਸਲ ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਸੰਚਾਲਕ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਲਈ ਆਉਣਾ ਸੀ ਪਰ ਉਹ ਖਰਾਬ ਤਬੀਅਤ ਕਾਰਨ ਨਹੀਂ ਆ ਸਕੇ ਤੇ ਕੇਜਰੀਵਾਲ ਇਕੱਲੇ ਹੀ ਨਜ਼ਰ ਆਏ। ਵੀਰਵਾਰ ਸਵੇਰੇ ਕੇਜਰੀਵਾਲ ਤੇ ਪਾਰਟੀ ਪ੍ਰਧਾਨ ਅਮਨ ਅਰੋੜਾ ਉਨ੍ਹਾਂ ਦਾ ਹਾਲ-ਚਾਲ ਜਾਣਨ ਮਾਨ ਦੇ ਘਰ ਜ਼ਰੂਰ ਪਹੁੰਚੇ ਸਨ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹੇ ਹੜ੍ਹ ਪ੍ਰਭਾਵਿਤ ਐਲਾਨੇ ਜਾਣ ਤੋਂ ਬਾਅਦ ਬਣੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਆਪਣੇ ਮੰਤਰੀ ਮੰਡਲ ਦੀ ਬੈਠਕ ਸੱਦੀ ਸੀ। ਹਾਲਾਂਕਿ ਬੁੱਧਵਾਰ ਨੂੰ ਬੈਠਕ ਦਾ ਏਜੰਡਾ ਜਾਰੀ ਨਹੀਂ ਕੀਤਾ ਗਿਆ ਪਰ ਯਕੀਨੀ ਤੌਰ ‘ਤੇ ਇਸ ਮੀਟਿੰਗ ‘ਚ ਹੜ੍ਹ ਦੇ ਹਾਲਾਤ, ਇਸ ਨਾਲ ਨਜਿੱਠਣ ਤੇ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਮ ਵਾਲੀ ਮਦਦ ‘ਤੇ ਚਰਚਾ ਹੋਣੀ ਸੀ।