ਡੀਐੱਸਪੀ ਬਲਬੀਰ ਖ਼ਿਲਾਫ਼ ਕੇਸ ਚਲਾਉਣ ਲਈ ਸੀਬੀਆਈ ਨੂੰ ਕੇਂਦਰ ਤੋਂ ਮਿਲੀ ਮਨਜ਼ੂਰੀ

 ਚੰਡੀਗੜ੍ਹ – ਢਾਈ ਕਰੋੜ ਰੁਪਏ ਦੀ ਰਿਸ਼ਵਤ ਮਾਮਲੇ ’ਚ ਫਸੇ ਦਿੱਲੀ ਸੀਬੀਆਈ ਦੇ ਡੀਐੱਸਪੀ ਬਲਬੀਰ ਸ਼ਰਮਾ ਖ਼ਿਲਾਫ਼ ਕੇਸ ਚਲਾਉਣ ਲਈ ਹੁਣ ਸੀਬੀਆਈ ਨੂੰ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਹੈ। ਪਿਛਲੇ ਸਾਲ ਸੀਬੀਆਈ ਨੇ ਈਡੀ ’ਚ ਚੱਲ ਰਹੇ ਵੱਡੇ ਰਿਸ਼ਵਤਖੋਰੀ ਦੀ ਖੇਡ ਦਾ ਪਰਦਾਫਾਸ਼ ਕੀਤਾ ਸੀ। ਇਸ ਦੌਰਾਨ ਈਡੀ ਵੱਲੋਂ ਸ਼ਿਮਲਾ ’ਚ ਤਾਇਨਾਤ ਅਸਿਸਟੈਂਟ ਡਾਇਰੈਕਟਰ ਵਿਸ਼ਾਲਦੀਪ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ’ਤੇ ਦੋਸ਼ ਸੀ ਕਿ ਉਸ ਨੇ ਹਿਮਾਚਲ ਪ੍ਰਦੇਸ਼ ਦੇ ਮਸ਼ਹੂਰ ਸਕਾਲਰਸ਼ਿਪ ਘਪਲੇ ਦੇ ਮੁਲਜ਼ਮਾਂ ਨੂੰ ਡਰਾ-ਧਮਕਾ ਕੇ ਰਿਸ਼ਵਤ ਮੰਗੀ।

ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਸ ਪੂਰੀ ਖੇਡ ਦਾ ਮਾਸਟਰਮਾਈਂਡ ਸੀਬੀਆਈ ਦਾ ਡੀਐੱਸਪੀ ਬਲਬੀਰ ਸ਼ਰਮਾ ਹੀ ਹੈ। ਇਸ ਤੋਂ ਬਾਅਦ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਕੇਸ ਚਲਾਉਣ ਲਈ ਕੇਂਦਰ ਸਰਕਾਰ ਦੀ ਮਨਜ਼ੂਰੀ ਲਾਜ਼ਮੀ ਸੀ। ਹੁਣ ਕੇਂਦਰ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਬਲਬੀਰ ਖ਼ਿਲਾਫ਼ ਕੇਸ ਚਲਾਇਆ ਜਾਵੇਗਾ। ਦੂਜੇ ਪਾਸੇ, ਈਡੀ ਦੇ ਅਸਿਸਟੈਂਟ ਡਾਇਰੈਕਟਰ ਵਿਸ਼ਾਲਦੀਪ ਖ਼ਿਲਾਫ਼ ਵੀ ਸੰਬੰਧਤ ਵਿਭਾਗ ਨੇ ਕੇਸ ਦੀ ਮਨਜ਼ੂਰੀ ਦੇ ਦਿੱਤੀ ਹੈ।

ਪਿਛਲੇ ਸਾਲ ਸੀਬੀਆਈ ਨੂੰ ਹਿਮਾਚਲ ਪ੍ਰਦੇਸ਼ ਸਕਾਲਰਸ਼ਿਪ ਘਪਲੇ ਦੇ ਮੁਲਜ਼ਮਾਂ ਰਜਨੀਸ਼ ਬੰਸਲ ਤੇ ਭੁਪਿੰਦਰ ਸ਼ਰਮਾ ਵੱਲੋਂ ਸ਼ਿਕਾਇਤ ਮਿਲੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਈਡੀ, ਸ਼ਿਮਲਾ ਦੇ ਅਸਿਸਟੈਂਟ ਡਾਇਰੈਕਟਰ ਵਿਸ਼ਾਲਦੀਪ ਉਨ੍ਹਾਂ ਨੂੰ ਗ੍ਰਿਫ਼ਤਾਰੀ ਦਾ ਡਰ ਦਿਖਾ ਕੇ ਰਿਸ਼ਵਤ ਮੰਗ ਰਿਹਾ ਹੈ। ਸ਼ਿਕਾਇਤ ਮਿਲਣ ’ਤੇ ਸੀਬੀਆਈ ਨੇ ਵਿਸ਼ਾਲਦੀਪ ਨੂੰ ਫੜਨ ਲਈ ਜਾਲ ਵਿਛਾਇਆ। ਵਿਸ਼ਾਲਦੀਪ ਨੇ ਨਕਲੀ ਨਾਮ ਨਾਲ ਫ਼ੋਨ ਕਰ ਕੇ ਉਨ੍ਹਾਂ ਨੂੰ ਰਿਸ਼ਵਤ ਦੀ ਰਕਮ ਸਮੇਤ ਜ਼ੀਰਕਪੁਰ ਤੇ ਪੰਚਕੂਲਾ ਬੁਲਾਇਆ। ਇੱਥੇ ਜਦੋਂ ਸੀਬੀਆਈ ਦੀ ਟੀਮ ਪਹੁੰਚੀ ਤਾਂ ਵਿਸ਼ਾਲਦੀਪ ਮੌਕਾ ਵੇਖ ਕੇ ਭੱਜ ਗਿਆ ਪਰ ਸੀਬੀਆਈ ਨੇ ਉਸ ਦੇ ਭਰਾ ਵਿਕਾਸਦੀਪ ਤੇ ਨੀਰਜ ਨੂੰ 55 ਲੱਖ ਰੁਪਏ ਸਮੇਤ ਕਾਬੂ ਕਰ ਲਿਆ। ਉਸ ਤੋਂ ਬਾਅਦ ਵਿਸ਼ਾਲਦੀਪ ਵੀ ਗ੍ਰਿਫ਼ਤਾਰ ਹੋ ਗਿਆ। ਜਾਂਚ ਦੌਰਾਨ ਸੀਬੀਆਈ ਦੇ ਡੀਐੱਸਪੀ ਬਲਬੀਰ ਦਾ ਨਾਮ ਵੀ ਸਾਹਮਣੇ ਆਇਆ ਤੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।