ਪਟਿਆਲਾ –ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਾਊਂ ਜ਼ਮਾਨਤ ਦੀ ਸੁਣਵਾਈ ਅੱਜ ਸਥਾਨਕ ਅਦਾਲਤ ’ਚ ਹੋਵੇਗੀ। ਦੂਜੇ ਪਾਸੇ ਪੁਲਿਸ ਅਜੇ ਤੱਕ ਪਠਾਣਮਾਜਰਾ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ, ਹਾਲਾਂਕਿ ਇਸ ਸਬੰਧੀ ਕਈ ਥਾਈਂ ਛਾਪੇਮਾਰੀ ਕੀਤੀ ਗਈ ਹੈ।
ਵਿਧਾਇਕ ਦੇ ਵਕੀਲ ਸਿਮਰਨਜੀਤ ਸਿੰਘ ਸੱਗੂ ਨੇ ਕਿਹਾ ਕਿ ਉਹ ਵਿਧਾਇਕ ਦੀ ਜ਼ਮਾਨਤ ਅਰਜ਼ੀ ‘ਤੇ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਕੁਝ ਕਹਿ ਸਕਣਗੇ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ’ਚ ਜ਼ਿਲ੍ਹਾ ਅਦਾਲਤ ਦੁਆਰਾ ਜ਼ਮਾਨਤ ਦਿੱਤੀ ਜਾਂਦੀ ਹੈ ਤੇ ਕਈ ਵਾਰ ਹਾਈ ਕੋਰਟ ਦੁਆਰਾ ਜ਼ਮਾਨਤ ਦਿੱਤੀ ਜਾਂਦੀ ਹੈ। ਇਸ ਮਾਮਲੇ ’ਚ ਪਟਿਆਲਾ ਪੁਲਿਸ ਨੇ ਵਿਧਾਇਕ ਨੂੰ ਪਨਾਹ ਦੇਣ ਤੇ ਭੱਜਣ ’ਚ ਮਦਦ ਕਰਨ ਦੇ ਦੋਸ਼ ਵਿਚ ਹਰਿਆਣਾ ਦੇ ਕਰਨਾਲ ਦੇ ਪਿੰਡ ਡਾਬਰੀ ਤੋਂ ਦਸ ਲੋਕਾਂ ਤੇ ਪਟਿਆਲਾ ਦੇ ਭੁੰਨਰਹੇੜੀ ਤੋਂ ਇਕ ਨੂੰ ਪੁਲਿਸ ਰਿਮਾਂਡ ‘ਤੇ ਲਿਆ ਸੀ। ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਇਨ੍ਹਾਂ 11 ਲੋਕਾਂ ਨੂੰ ਸੋਮਵਾਰ ਦੁਪਹਿਰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਕਿ ਪੁਲਿਸ ਨੇ ਵਿਧਾਇਕ ਪਠਾਣਮਾਜਰਾ ਨੂੰ ਭੱਜਣ ਦੀ ਸਾਜ਼ਿਸ਼ ’ਚ ਸ਼ਾਮਲ ਹੋਣ, ਉਨ੍ਹਾਂ ਨੂੰ ਪਨਾਹ ਦੇਣ ਅਤੇ ਅਸਲਾ ਐਕਟ ਤਹਿਤ ਸਿਵਲ ਲਾਈਨਜ਼ ਥਾਣੇ ’ਚ ਲਗਭਗ 35-40 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਤੋਂ ਇਲਾਵਾ ਪਟਿਆਲਾ ਪੁਲਿਸ ਨੇ ਕਰਨਾਲ ਸਦਰ ਥਾਣੇ ’ਚ ਵੀ ਕੇਸ ਦਰਜ ਕਰਵਾਇਆ ਹੈ।
ਇਸ ਦੇ ਨਾਲ ਹੀ ਵਿਧਾਇਕ ਪਠਾਣਮਾਜਰਾ ਘਟਨਾ ਤੋਂ ਬਾਅਦ ਹੀ ਫ਼ਰਾਰ ਹੈ। ਪੁਲਿਸ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਉਹ ਹਰਿਆਣਾ ਦੇ ਕਿਸੇ ਧਾਰਮਿਕ ਸਥਾਨ ‘ਤੇ ਲੁਕਿਆ ਹੋਇਆ ਹੈ, ਜਿਸ ਕਾਰਨ ਪੁਲਿਸ ਟੀਮ ਇਲਾਕੇ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਦੂਜੇ ਪਾਸੇ ਹਰਿਆਣਾ ਪੁਲਿਸ ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ, ਜਿਸ ਦਾ ਐਤਵਾਰ ਨੂੰ ਵੀ ਕੋਈ ਸੁਰਾਗ ਨਹੀਂ ਮਿਲਿਆ।