ਕੋਲਨ ਕੈਂਸਰ ਲਈ ਰੂਸੀ ਟੀਕਾ ਵਰਤੋਂ ਲਈ ਤਿਆਰ, ਰੂਸ ਦੀ ਸੰਘੀ ਮੈਡੀਕਲ ਤੇ ਜੈਵਿਕ ਏਜੰਸੀ ਦੀ ਮੁਖੀ ਵੈਰੋਨਿਕਾ ਨੇ ਕੀਤਾ ਦਾਅਵਾ

ਮਾਸਕੋ – ਕੈਂਸਰ ਇਕ ਅਜਿਹੀ ਭਿਆਨਕ ਬਿਮਾਰੀ ਹੈ, ਜਿਸਦਾ ਨਾਂ ਸੁਣਦਿਆਂ ਹੀ ਮਨ ਕਿਸੇ ਅਣਹੋਣੀ ਦੇ ਡਰ ਨਾਲ ਭਰ ਜਾਂਦਾ ਹੈ ਪਰ ਹੁਣ ਰੂਸ ਦੀ ਸੰਘੀ ਮੈਡੀਕਲ ਤੇ ਜੈਵਿਕ ਏਜੰਸੀ (ਐੱਫਐੱਮਬੀਏ) ਦਾ ਦਾਅਵਾ ‘ਡਰ ਦੇ ਅੱਗੇ ਜਿੱਤ ਹੈ’ ਵਾਲੀ ਗੱਲ ਨੂੰ ਸੱਚ ਸਾਬਿਤ ਕਰਦਾ ਲੱਗ ਰਿਹਾ ਹੈ। ਉਂਜ ਤਾਂ ਕੈਂਸਰ ਦੀਆਂ ਕਈ ਕਿਸਮਾਂ ਹਨ ਪਰ ਐੱਫਐੱਮਬੀਏ ਦੀ ਮੁਖੀ ਵੈਰੋਨਿਕਾ ਸਕਵੋਤਰਸੋਵਾ ਨੇ ਕਿਹਾ ਹੈ ਕਿ ਕੋਲਨ ਕੈਂਸਰ ਦੇ ਟੀਕੇ ਨੇ ਪ੍ਰੀਕਲੀਨਿਕਲ ਪ੍ਰੀਖਣ ਸਫਲਤਾਪੂਰਵਕ ਪੂਰੇ ਕਰ ਲਏ ਹਨ। ਪ੍ਰੀਖਣ ਦੌਰਾਨ ਸੁਰੱਖਿਆ ਤੇ ਪ੍ਰਭਾਵ ਦੋਵਾਂ ਦੇ ਨਜ਼ਰੀਏ ਨਾਲ ਇਸਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਕੋਲਨ ਕੈਂਸਰ ਲਈ ਰੂਸੀ ਟੀਕਾ ਹੁਣ ਵਰਤੋਂ ਲਈ ਪੂਰੀ ਤਰ੍ਹਾਂ ਤਿਆਰ ਹੈ।

ਕੋਲਨ ਕੈਂਸਰ ਨੂੰ ਕੋਲੋਰੈਕਟਲ ਕੈਂਸਰ ਵੀ ਕਿਹਾ ਜਾਂਦਾ ਹੈ। ਇਹ ਕੋਲਨ (ਵੱਡੀ ਅੰਤੜੀ) ਦੇ ਸੈੱਲਾਂ ’ਚ ਸ਼ੁਰੂ ਹੋਣ ਵਾਲਾ ਇਕ ਤਰ੍ਹਾਂ ਦਾ ਕੈਂਸਰ ਹੈ। ਇਹ ਉਦੋਂ ਹੁੰਦਾ ਹੈ, ਜਦੋਂ ਕੋਲਨ ਦੀਆਂ ਕੋਸ਼ਿਕਾਵਾਂ ਬੇਕਾਬੂ ਹੋ ਕੇ ਵਧਣ ਤੇ ਵੰਡਣ ਲੱਗਦੀਆਂ ਹਨ, ਜਿਸ ਨਾਲ ਕੋਲਨ ਦੇ ਅੰਦਰ ਪਾਲੀਪਸ (ਗੱਠਾਂ) ਬਣਦੀਆਂ ਹਨ, ਜੋ ਸਮੇਂ ਨਾਲ ਕੈਂਸਰਗ੍ਰਸਤ ਹੋ ਜਾਂਦੀਆਂ ਹਨ। ਇਸਦੇ ਲੱਛਣਾਂ ’ਚ ਮਲ ’ਚ ਖ਼ੂਨ ਆਉਣਾ ਜਾਂ ਪਖਾਨੇ ਜਾਣ ਦੀਆਂ ਆਦਤਾਂ ’ਚ ਬਦਲਾਅ ਹੋ ਸਕਦੇ ਹਨ।

ਰੂਸ ਦੀ ਨਿਊਜ਼ ਏਜੰਸੀ ‘ਤਾਸ’ ਦੀ ਰਿਪੋਰਟ ਅਨੁਸਾਰ, ਈਸਟਰਨ ਇਕੋਨਾਮਿਕ ਫੋਰਮ (ਈਈਐੱਫ) ’ਚ ਸਕਵੋਤਰਸੋਵਾ ਨੇ ਕਿਹਾ ਕਿ ਇਹ ਖੋਜ ਕਈ ਸਾਲਾਂ ਤੱਕ ਚੱਲੀ, ਜਿਸ ਵਿਚ ਪਿਛਲੇ ਤਿੰਨ ਸਾਲ ਲਾਜ਼ਮੀ ਪ੍ਰੀਕਲੀਨਿਕਲ ਅਧਿਐਨਾਂ ਲਈ ਸਮਰਪਤ ਸਨ। ਇਹ ਟੀਕਾ ਹੁਣ ਵਰਤੋਂ ਲਈ ਤਿਆਰ ਹੈ। ਅਸੀਂ ਅਧਿਕਾਰਤ ਪ੍ਰਵਾਨਗੀ ਦੀ ਉਡੀਕ ਕਰ ਰਹੇ ਹਾਂ।’ ਉਨ੍ਹਾਂ ਕਿਹਾ ਕਿ ਪ੍ਰੀਕਲੀਨਿਕਲ ਸਿੱਟਿਆਂ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਸੁਰੱਖਿਆ ਤੇ ਜ਼ਿਕਰਯੋਗ ਪ੍ਰਭਾਵ ਦੇ ਨਜ਼ਰੀਏ ਨਾਲ ਇਹ ਟੀਕਾ ਬੇਹੱਦ ਕਾਰਗਰ ਹੈ। ਇਸ ਟੀਕੇ ਦੇ ਵਾਰ-ਵਾਰ ਵਰਤੋਂ ਤੋਂ ਬਾਅਦ ਵੀ ਇਸਦੇ ਕੋਈ ਸਾਈਡ ਇਫੈਕਟ (ਨੁਕਸਾਨਦਾਇਕ) ਨਹੀਂ ਦਿਸੇ। ਖੋਜੀਆਂ ਨੇ ਟਿਊਮਰ ਦੇ ਆਕਾਰ ’ਚ ਕਮੀ ਤੇ ਟਿਊਮਰ ਦੇ ਵਧਣ ’ਚ ਕਮੀ ਦੇਖੀ, ਜੋ ਬਿਮਾਰੀ ਦੀਆਂ ਖ਼ਾਸੀਅਤਾਂ ਦੇ ਆਧਾਰ ’ਤੇ 60 ਫ਼ੀਸਦੀ ਤੋਂ 80 ਫ਼ੀਸਦੀ ਸੀ। ਇਸ ਤੋਂ ਇਲਾਵਾ, ਅਧਿਐਨਾਂ ਨੇ ਟੀਕੇ ਕਾਰਨ ਜ਼ਿੰਦਾ ਰਹਿਣ ਦਾ ਦਰ ’ਚ ਵਾਧੇ ਦਾ ਸੰਕੇਤ ਦਿੱਤਾ ਹੈ।

ਸਕਵੋਤਰਸੋਵਾ ਨੇ ਕਿਹਾ ਕਿ ਇਸ ਟੀਕੇ ਦਾ ਸ਼ੁਰੂਆਤੀ ਟੀਚਾ ਕੋਲੋਰੈਕਟਲ ਕੈਂਸਰ ਹੋਵੇਗਾ। ਇਸ ਤੋਂ ਇਲਾਵਾ ਗਲੀਓਬਲਾਸਟੋਮਾ ਤੇ ਵਿਲੱਖਣ ਤਰ੍ਹਾਂ ਦੇ ਮੈਲੇਨੋਮਾ, ਜਿਨ੍ਹਾਂ ’ਚ ਆਕੁਲਰ (ਅੱਖਾਂ ਸਬੰਧੀ) ਮੈਲੇਨੋਮਾ ਵੀ ਸ਼•ਾਮਲ ਹੈ, ਲਈ ਟੀਕੇ ਵਿਕਸਤ ਕਰਨ ’ਚ ਵੀ ਆਸ਼ਾਜਨਕ ਤਰੱਕੀ ਹੋਈ ਹੈ। ਇਨ੍ਹਾਂ ਦਾ ਵੀ ਤੇਜ਼ੀ ਨਾਲ ਵਿਕਾਸ ਕੀਤਾ ਜਾ ਰਿਹਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਦਸਵਾਂ ਈਸਟਰਨ ਇਕੋਨਾਮਿਕ ਫੋਰਮ 3-6 ਸਤੰਬਰ ਨੂੰ ਵਲਾਦੀਵੋਸਤੋਕ ’ਚ ਕੀਤਾ ਗਿਆ। ਇਸ ਪ੍ਰੋਗਰਾਮ ’ਚ 100 ਤੋਂ ਵੱਧ ਸੈਸ਼ਨ ਸ਼ਾਮਲ ਸਨ, ਜਿਨ੍ਹਾਂ ਨੂੰ ਸੱਤ ਟ੍ਰੈਕਸ ’ਚ ਵੰਡਿਆ ਗਿਆ ਸੀ। ਇਨ੍ਹਾਂ ’ਚ 75 ਤੋਂ ਵੱਧ ਦੇਸ਼ਾਂ ਦੇ 8400 ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ।

ਜ਼ਿਆਦਾਤਰ ਲੋਕ ਖਸਰਾ ਤੇ ਚਿਕਨਪਾਕਸ ਵਰਗੀਆਂ ਇਨਫੈਕਸ਼ਨਾਂ ਤੋਂ ਬਚਾਅ ਲਈ ਵਰਤੇ ਜਾਣ ਵਾਲੇ ਟੀਕਿਆਂ ਤੋਂ ਜਾਣੂ ਹਨ। ਇਹ ਟੀਕੇ ਰੋਕ ਪ੍ਰਤੀਰੋਧੀ ਪ੍ਰਣਾਲੀ ਨੂੰ ਮਜ਼ਬੂਤ ਕਰਨ, ਮਾਰੂ ਕੀਟਾਣੂਆਂ ਦੀ ਪਛਾਣ ਕਰਨ ਤੇ ਉਨ੍ਹਾਂ ’ਤੇ ਅਸਰ ਪਾਉਣ ਦਾ ਕੰਮ ਕਰਦੇ ਹਨ। ਹਾਲਾਂਕਿ, ਕੁਝ ਟੀਕੇ ਪ੍ਰਤੀਰੋਧੀ ਪ੍ਰਣਾਲੀ ਨੂੰ ਕੈਂਸਰ ਸੈੱਲਾਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਮਿੱਥਣ ’ਚ ਮਦਦ ਕਰਨ ਲਈ ਡਿਜ਼ਾਈਨ ਕੀਤੇ ਜਾ ਸਕਦੇ ਹਨ। ਅਮੇਰਿਕਨ ਕੈਂਸਰ ਸੁਸਾਇਟੀ ਅਨੁਸਾਰ, ਮੌਜੂਦਾ ਸਮੇਂ ’ਚ ਪ੍ਰੋਸਟੇਟ ਤੇ ਬਲੈਡਰ ਦੇ ਕੈਂਸਰ ਲਈ ਟੀਕੇ ਉਪਲੱਬਧ ਹਨ ਤੇ ਹੋਰਨਾਂ ’ਤੇ ਖੋਜ ਕੀਤੀ ਜਾ ਰਹੀ ਹੈ। ਕੈਂਸਰ ਦੇ ਟੀਕੇ ਲੈਬੋਰੇਟਰੀ ’ਚ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਦੀ ਵਰਤੋਂ ਸਰੀਰ ਦੀ ਕੁਦਰਤੀ ਪ੍ਰਤੀਰੋਧੂ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਂਦੀ ਹੈ ਤਾਂਕਿ ਉਹ ਸਰੀਰ ਦੀ ਰਾਖੀ ਕਰ ਸਕਣ। ਇਹ ਟੀਕੇ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਕੁਝ ਦੀ ਵਰਤੋਂ ਕੈਂਸਰ ਦੇ ਇਲਾਜ ਦੇ ਤੌਰ ’ਤੇ ਕੀਤੀ ਜਾ ਸਕਦੀ ਹੈ, ਜਦਕਿ ਹੋਰਨਾਂ ਦੀ ਵਰਤੋਂ ਕੈਂਸਰ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ