ਮੈਦੁਗੁਰੀ – ਨਾਈਜੀਰੀਆ ’ਚ ਅੱਤਵਾਦੀ ਸਮੂਹ ਬੋਕੋ ਹਰਾਮ ਨੇ ਇਕ ਪਿੰਡ ’ਤੇ ਹਮਲਾ ਕਰ ਕੇ 60 ਲੋਕਾਂ ਦੀ ਹੱਤਿਆ ਕਰ ਦਿੱਤੀ। ਬਾਮਾ ਖੇਤਰ ਦੇ ਦਾਰੂਲ ਜਮਾਲ ’ਤੇ ਹਮਲਾ ਸ਼ੁੱਕਰਵਾਰ ਦੇਰ ਰਾਤ ਹੋਇਆ। ਬੋਰਨੋ ਸੂਬੇ ਦੇ ਗਵਰਨਰ ਬਾਬਾਗਾਨਾ ਜ਼ੁਲੁਮ ਨੇ ਖੇਤਰ ਦਾ ਦੌਰਾ ਕੀਤਾ। ਜ਼ੁਲੁਮ ਨੇ ਕਿਹਾ ਕਿ ਸਾਡੀ ਲੋਕਾਂ ਨਾਲ ਹਮਦਰਦੀ ਹੈ ਤੇ ਅਸੀਂ ਉਨ੍ਹਾਂ ਨੂੰ ਆਪਣੇ ਘਰ ਨਾ ਛੱਡਣ ਦੀ ਅਪੀਲ ਕੀਤੀ ਹੈ। ਅਸੀਂ ਸੁਰੱਖਿਆ ਵਧਾਉਣ, ਖ਼ੁਰਾਕ ਸਮੱਗਰੀ ਤੇ ਹੋਰਨਾਂ ਜੀਵਨ ਰੱਖਿਅਕ ਵਸਤਾਂ ਦੇਣ ਦਾ ਪ੍ਰਬੰਧ ਕੀਤਾ ਹੈ। ਹਮਲੇ ’ਚ ਇਕ ਦਰਜਨ ਤੋਂ ਵੱਧ ਘਰ ਫੂਕ ਦਿੱਤੇ ਗਏ। ਡਰ ਕਾਰਨ 100 ਤੋਂ ਵੱਧ ਲੋਕ ਦੂਜੀ ਥਾਂ ਚਲੇ ਗਏ ਹਨ। ਇੰਸਟੀਚਿਊਟ ਫਾਰ ਸਕਿਓਰਿਟੀ ਸਟੱਡੀਜ਼ ’ਚ ਬੋਕੋ ਹਰਾਮ ’ਤੇ ਮਾਹਿਰਤਾ ਰੱਖ ਵਾਲੇ ਖੋਜੀ ਤਾਇਵੋ ਅਦੇਬਾਇਓ ਨੇ ਦਾਰੂਲ ਜਮਾਲ ਦੇ ਨਿਵਾਲੀਆਂ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਹੱਤਿਆਵਾਂ ਬੋਕੋ ਹਰਾਮ ਦੇ ਇਕ ਧੜੇ ਜਮਾਤੂ ਅਹਿਲਿਸ ਸੁੰਨਾ ਲਿੱਦਾਵਤੀ ਵਲ-ਜਿਹਾਦ ਨੇ ਕੀਤੀ। ਬੋਕੋ ਹਰਾਮ ਨੇ 2009 ’ਚ ਪੱਛਮੀ ਸਿੱਖਿਆ ਦਾ ਵਿਰੋਧ ਕਰਨ ਤੇ ਇਸਲਾਮੀ ਕਾਨੂੰਨ ਲਾਗੂ ਕਰਨ ਲਈ ਹਥਿਆਰ ਚੁੱਕੇ ਸਨ। ਸੰਯੁਕਤ ਰਾਸ਼ਟਰ ਅਨੁਸਾਰ, ਇਹ ਸੰਘਰਸ਼ ਨਾਈਜ਼ਰ ਸਮੇਤ ਨਾਈਜੀਆ ਦੇ ਉੱਤਰੀ ਗੁਆਂਢੀ ਦੇਸ਼ਾਂ ’ਚ ਵੀ ਫੈਲ ਗਿਆ ਹੈ ਤੇ ਇਸਦੇ ਸਿੱਟੇ ਵਜੋਂ 35 ਹਜ਼ਾਰ ਨਾਗਰਿਕ ਮਾਰੇ ਗਏ ਹਨ ਤੇ 20 ਲੱਖ ਤੋਂ ਵੱਧ ਉਜੜ ਚੁੱਕੇ ਹਨ।
ਨਾਈਜੀਰੀਆ ’ਚ ਬੋਕੋ ਹਰਾਮ ਨੇ ਮਚਾਇਆ ਕਤਲੇਆਮ, 60 ਲੋਕਾਂ ਦੀ ਮੌਤ
