ਹੁਣ ਮਹਿੰਗੀ ਸ਼ਰਾਬ ਦੀਆਂ ਖਾਲੀ ਬੋਤਲਾਂ ਨੂੰ ਤੋੜੇਗਾ ਆਬਕਾਰੀ ਵਿਭਾਗ

ਚੰਡੀਗੜ-ਮਹਿੰਗੀ ਸ਼ਰਾਬ ਦੀਆਂ ਬੋਤਲਾਂ ਵਿਚ ਸਸਤੀ ਤੇ ਨਕਲੀ ਸ਼ਰਾਬ ਵੇਚਣ ਦੇ ਰੁਝਾਨ ਨੂੰ ਘਟਾਉਣ ਲਈ ਆਬਕਾਰੀ ਵਿਭਾਗ ਨੇ ਵਿਆਹਾਂ-ਸ਼ਾਦੀਆਂ ਤੇ ਹੋਰ ਪ੍ਰੋਗਰਾਮਾਂ ਵਿਚ ਪਰੋਸੀ ਜਾਂਦੀ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਨੂੰ ਤੋੜਨ (ਭੰਨਣ) ਦਾ ਫ਼ੈਸਲਾ ਕੀਤਾ ਹੈ। ਵਿਭਾਗ ਦਾ ਮੰਨਣਾ ਹੈ ਕਿ ਮੈਰਿਜ ਪੈਲੇਸਾਂ ਜਾਂ ਕਿਸੇ ਹੋਰ ਵਪਾਰਕ ਅਦਾਰੇ ਵਿਚ ਇਕ-ਦੋ ਵਾਰ ਅਜਿਹਾ ਕਰਨ ਨਾਲ ਵਿਭਾਗ ਨੂੰ ਸ਼ੁਰੂਆਤੀ ਸਮੇਂ ਪਰੇਸ਼ਾਨੀ ਤਾਂ ਆਵੇਗੀ ਪਰ ਇਸ ਫ਼ੈਸਲੇ ਨਾਲ ਸਸਤੀ ਸ਼ਰਾਬ ਮਹਿੰਗੀ ਬੋਤਲ ਵਿਚ ਪਾ ਕੇ ਵੇਚਣ ਦੇ ਰੁਝਾਨ ਨੂੰ ਠੱਲ੍ਹ ਪੈ ਸਕਦੀ ਹੈ।

ਆਬਕਾਰੀ ਵਿਭਾਗ ਨੇ ਪਿਛਲੇ ਦਿਨਾਂ ਦੌਰਾਨ ਮਹਿੰਗੇ ਬਰਾਂਡ ਦੀ ਸ਼ਰਾਬ ਯਾਨੀ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਜਿਨ੍ਹਾਂ ਵਿਚ ਗਲੇਨਲਿਵਟ, ਜੌਨੀ ਵਾਕਰ ਗੋਲਡ ਲੇਬਲ ਅਤੇ ਸ਼ਿਵਾਸ ਰੀਗਲ ਵਰਗੇ ਬ੍ਰਾਂਡ ਸ਼ਾਮਲ ਸਨ, ਵਿਚ ਸਸਤੀ ਇੰਡੀਅਨ ਮੇਡ ਫਾਰੇਨ ਲਿਕਰ (ਆਈਐੱਮਐੱਫਐੱਲ) ਅਤੇ ਪੰਜਾਬ ਮੀਡੀਅਮ ਲਿਕਰ (ਪੀਐੱਮਐੱਲ) ਦੀ ਰਿਫਿਲਿੰਗ ਕਰਦੇ ਫੜੇ ਸਨ। ਅਜਿਹੀ ਮਿਲੀਭੁਗਤ ਵੱਡੇ ਸ਼ਹਿਰਾਂ ਵਿਚ ਕੀਤੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਮਹਿੰਗੀਆਂ ਬੋਤਲਾਂ ਵਿਚ ਸਸਤੀ ਸ਼ਰਾਬ ਪਰੋਸਣ ਵਾਲੇ ਮੈਰਿਜ ਪੈਲੇਸਾਂ ਜਾਂ ਵੱਡੇ ਹੋਟਲਾਂ ਤੋਂ ਖਾਲੀ ਬੋਤਲਾਂ ਲੈਂਦੇ ਹਨ ਅਤੇ ਬਾਅਦ ਵਿਚ ਇਨ੍ਹਾਂ ਵਿਚ ਸਸਤੀ ਜਾਂ ਲੋਕਲ ਬ੍ਰਾਂਡ ਦੀ ਸ਼ਰਾਬ ਪਾ ਕੇ ਮਹਿੰਗੇ ਭਾਅ ਵੇਚ ਦਿੰਦੇ ਹਨ। ਅਜਿਹਾ ਕਰਨ ਨਾਲ ਨਾ ਸਿਰਫ਼ ਆਬਕਾਰੀ ਵਿਭਾਗ ਨੂੰ ਚੂਨਾ ਲੱਗ ਰਿਹਾ ਹੈ ਬਲਕਿ ਉਨ੍ਹਾਂ ਲੋਕਾਂ ਦੀ ਸਿਹਤ ਦੇ ਨਾਲ-ਨਾਲ ਆਰਥਿਕ ਖਿਲਵਾੜ ਵੀ ਹੋ ਰਿਹਾ ਹੈ, ਜੋ ਮਹਿੰਗੀ ਤੇ ਵਧੀਆ ਸ਼ਰਾਬ ਸਮਝ ਕੇ ਸ਼ਰਾਬ ਖਰੀਦਦੇ ਹਨ।

ਸੂਤਰਾਂ ਅਨੁਸਾਰ ਆਬਕਾਰੀ ਵਿਭਾਗ ਨੇ ਫ਼ੈਸਲਾ ਕੀਤਾ ਹੈ ਕਿ ਅਜਿਹੇ ਰੈਕਟ ਨੂੰ ਖ਼ਤਮ ਕਰਨ ਲਈ ਮੈਰੇਜ ਪੈਲੇਸਾਂ ਵਿਚ ਹੋਣ ਵਾਲੇ ਵਿਆਹਾਂ ਮੌਕੇ ਸ਼ਰਾਬ ਦੀਆਂ ਬੋਤਲਾਂ ਨੂੰ ਤੋੜ ਦਿੱਤਾ ਜਾਵੇਗਾ ਜਾਂ ਫਿਰ ਬੋਤਲ ਦੀ ਗਰਦਨ ਨੂੰ ਤੋੜਿਆ ਜਾਵੇਗਾ ਤਾਂ ਕਿ ਇਨ੍ਹਾਂ ਬੋਤਲਾਂ ਵਿਚ ਮੁੜ ਸ਼ਰਾਬ ਨਾ ਪਾਈ ਜਾ ਸਕੇ। ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਚੀਮਾ ਅਨੁਸਾਰ ਵਿਭਾਗ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਵੱਡੇ ਸ਼ਹਿਰਾਂ ਵਿਚ ਮਹਿੰਗੇ ਤੇ ਵਿਦੇਸ਼ੀ ਬ੍ਰਾਂਡ ਦੀ ਸ਼ਰਾਬ ਕਈ ਥਾਵਾਂ ਉਤੇ ਸਸਤੀ ਮੁਹੱਈਆ ਕਰਵਾਈ ਜਾ ਰਹੀ ਹੈ। ਪਿਛਲੇ ਦਿਨੀਂ ਵਿਭਾਗ ਦੀ ਟੀਮ ਨੇ ਲੁਧਿਆਣਾ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋ ਮਹਿੰਗੀ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਗੈਰ-ਕਾਨੂੰਨੀ ਸਪਲਾਈ ਲੜੀ ਨੂੰ ਖਤਮ ਕਰਨ ਅਤੇ ਨਕਲੀ ਤੇ ਡਿਊਟੀ-ਰਹਿਤ ਸ਼ਰਾਬ ਦੇ ਪ੍ਰਚਲਨ ਨੂੰ ਰੋਕਣ ਲਈ ਸੂਬੇ ਭਰ ਵਿਚ ਆਪਣੀਆਂ ਸਖਤ ਇਨਫੋਰਸਮੈਂਟ ਮੁਹਿੰਮ ਜਾਰੀ ਰੱਖੇਗਾ।