ਨਵੀਂ ਦਿੱਲੀ –ਰੂਸ ਅਤੇ ਯੂਕਰੇਨ ਦੇ ਯੁੱਧ ‘ਚ ਹੁਣ ਨਵਾਂ ਟਵਿਸਟ ਆ ਗਿਆ ਹੈ। ਯੂਕ੍ਰੇਨ ਵੱਲ ਜਾ ਰਿਹਾ ਰੂਸੀ ਡਰੋਨ ਅਚਾਨਕ NATO ਦੇਸ਼ ਪੋਲੈਂਡ ਦੇ ਹਵਾਈ ਖੇਤਰ ‘ਚ ਦਾਖਲ ਹੋ ਗਿਆ। ਇਸ ਘਟਨਾ ਨਾਲ ਪੂਰੇ ਯੂਰਪ ‘ਚ ਹੜਕੰਪ ਮਚ ਗਿਆ ਹੈ। ਪੋਲੈਂਡ ਨੇ ਇਸ ਰੂਸੀ ਡਰੋਨ ਨੂੰ ਹਵਾ ‘ਚ ਨਸ਼ਟ ਕਰ ਦਿੱਤਾ।
ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਖ਼ੁਦ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਅੱਜ ਸਵੇਰੇ ਯੂਕ੍ਰੇਨ ਨੇ ਪੋਲੈਂਡ ਲਈ ਚਿਤਾਵਨੀ ਜਾਰੀ ਕਰਦਿਆਂ ਕਿਹਾ ਸੀ ਕਿ ਰੂਸੀ ਡਰੋਨ ਏਅਰਸਪੇਸ ਦਾ ਉਲੰਘਣ ਕਰਦਿਆਂ ਪੋਲੈਂਡ ਦੇ ਸ਼ਹਿਰ ਜਮੋਸਕ ਵੱਲ ਵਧ ਰਿਹਾ ਹੈ।
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਰੂਸ ਇਰਾਨੀ ‘ਸ਼ਹੀਦ’ ਡਰੋਨ ਨੂੰ ਪੋਲੈਂਡ ਭੇਜ ਰਿਹਾ ਹੈ। ਇਸਨੂੰ ਸਿਰਫ ਇਕ ਹਾਦਸਾ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਕ ਜਾਂ ਦੋ ਨਹੀਂ ਸਗੋਂ ਘੱਟੋ-ਘੱਟ 8 ਡਰੋਨ ਪੋਲੈਂਡ ਵੱਲ ਜਾ ਰਹੇ ਹਨ।
ਪੋਲੈਂਡ ਦੀ ਫੌਜ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰੂਸ ਨੇ ਯੂਕ੍ਰੇਨ ਦੇ ਪੱਛਮੀ ਸਰਹੱਦ ‘ਤੇ ਹਮਲੇ ਕੀਤੇ ਹਨ, ਜੋ ਸਿੱਧਾ ਪੋਲੈਂਡ ਨਾਲ ਜੁੜਦਾ ਹੈ। ਇਸ ਘਟਨਾ ਤੋਂ ਬਾਅਦ ਪੋਲੈਂਡ ਦੀ ਫੌਜ ਵੀ ਅਲਰਟ ‘ਤੇ ਹੈ। ਫੌਜ ਨੇ ਸਾਰੇ ਲੜਾਕੂ ਜਹਾਜ਼ ਤੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਐਕਟਿਵ ਕਰ ਦਿੱਤਾ ਹੈ। ਪੋਲੈਂਡ ਦੀ ਫੌਜ ਅਨੁਸਾਰ, ਪੋਲਿਸ਼ ਏਅਰਕ੍ਰਾਫਟ ਆਸਮਾਨ ‘ਚ ਉਡਾਣ ਭਰ ਰਹੇ ਹਨ। ਇਸ ਦੇ ਨਾਲ ਹੀ, ਹਵਾਈ ਰੱਖਿਆ ਪ੍ਰਣਾਲੀ ਅਤੇ ਰਾਡਾਰ ਵੀ ਅਲਰਟ ਕਰ ਦਿੱਤੇ ਗਏ ਹਨ।
ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ, ਪੋਲੈਂਡ ਨੇ ਹਾਲੇ ਤੱਕ ਇਸ ਹਮਲੇ ਨਾਲ ਸੰਬੰਧਿਤ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਇਸ ਦੌਰਾਨ, ਪਿਛਲੇ ਦਿਨ ਪੋਲਿਸ਼ ਰਾਸ਼ਟਰਪਤੀ ਕਰੋਲ ਨਵਰੋਕੀ ਨੇ ਵੀ ਚਿਤਾਵਨੀ ਜਾਰੀ ਕੀਤੀ ਸੀ ਕਿ ਰੂਸ, ਪੋਲੈਂਡ ‘ਤੇ ਹਮਲਾ ਕਰ ਸਕਦਾ ਹੈ।
ਕਰੋਲ ਨਵਰੋਕੀ ਅਨੁਸਾਰ, “ਰਾਸ਼ਟਰਪਤੀ ਪੁਤਿਨ ਦੇ ਇਰਾਦੇ ਸਹੀ ਨਹੀਂ ਹਨ, ਅਸੀਂ ਉਨ੍ਹਾਂ ‘ਤੇ ਭਰੋਸਾ ਨਹੀਂ ਕਰ ਸਕਦੇ। ਬੇਸ਼ੱਕ ਅਸੀਂ ਹਮੇਸ਼ਾ ਸ਼ਾਂਤੀ ਚਾਹੁੰਦੇ ਹਾਂ, ਪਰ ਸਾਨੂੰ ਲੱਗਦਾ ਹੈ ਕਿ ਪੁਤਿਨ ਹੋਰ ਦੇਸ਼ਾਂ ‘ਤੇ ਵੀ ਹਮਲੇ ਦੀ ਤਿਆਰੀ ਕਰ ਰਹੇ ਹਨ।” ਪੋਲੈਂਡ NATO ਦਾ ਮੈਂਬਰ ਹੈ। ਇਸ ਤਰ੍ਹਾਂ, ਰੂਸੀ ਡਰੋਨ ਦੀ ਦਾਖਲ ਦੇ ਬਾਅਦ NATO ਵੀ ਸਰਗਰਮ ਹੋ ਗਿਆ ਹੈ। NATO ਨੇ ਇਕ ਐਮਰਜੈਂਸੀ ਬੈਠਕ ਬੁਲਾਈ ਹੈ, ਜਿਸ ਵਿਚ ਇਸ ਮਸਲੇ ‘ਤੇ ਵਿਸਥਾਰ ਨਾਲ ਚਰਚਾ ਹੋ ਸਕਦੀ ਹੈ।