ਚੰਡੀਗੜ੍ਹ- ਆਮ ਆਦਮੀ ਪਾਰਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੇਠਲੇ ਪੱਧਰ ’ਤੇ ਜਥੇਬੰਦਕ ਢਾਂਚੇ ਨੂੰ ਮਜ਼ੂਬਤ ਕਰਨ ਅਤੇ ਹਰੇਕ ਆਗੂ, ਵਲੰਟਰੀਅਰ ਦੀ ਸਰਗਰਮ ਭੂਮਿਕਾ ਨਿਭਾਉਣ ਲਈ ਪੂਰੀ ਤਾਕਤ ਝੋਕ ਦਿੱਤੀ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਮੁਨੀਸ਼ ਸਿਸੋਦੀਆਂ ਨੇ ਪਿਛਲੇ ਦਿਨਾਂ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਲੈ ਕੇ ਵੱਖ ਵੱਖ ਵਿੰਗਾਂ ਦੇ ਆਗੂਆਂ, ਵਲੰਟੀਅਰਜ਼ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਇਸਦੇ ਮੱਦੇਨਜ਼ਰ ਪਾਰਟੀ ਨੇ ਹਰੇਕ ਜ਼ਿਲ੍ਹੇ ਦੀ ਕਮਾਨ ਪਾਰਟੀ ਦੇ ਸੀਨੀਅਰ ਆਗੂ, ਜੋ ਦਿੱਲੀ ਲੀਡਰਸ਼ਿਪ ਅਤੇ ਪੰਜਾਬ ਲੀਡਰਸ਼ਿਪ ਨਾਲ ਸਬੰਧਤ ਹੈ, ਨੂੰ ਸੌਪ ਦਿੱਤੀ ਹੈ। ਇਹ ਆਗੂ ਜਿ੍ਥੇ ਸਿੱਧੇ ਤੌਰ ’ਤੇ ਪ੍ਰਸ਼ਾਸਨਿਕ ਕੰਮਕਾਰ ’ਤੇ ਨਿਗਰਾਨੀ ਰੱਖਣਗੇ, ਡਿਪਟੀ ਕਮਿਸ਼ਨਰ, ਐੱਸਐੱਸਪੀ ਤੇ ਹੋਰ ਅਧਿਕਾਰੀਆਂ ਨਾਲ ਸੰਪਰਕ ਰੱਖਣਗੇ ਉਥੇ ਵਿਧਾਇਕ, ਪਾਰਟੀ ਵਰਕਰਾਂ, ਵਲੰਟਰੀਅਰਜ਼ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਵੀ ਕਰਿਆ ਕਰਨਗੇ।
ਦੱਸਿਆ ਜਾਂਦਾ ਹੈ ਕਿ ਪਾਰਟੀ ਨੂੰ ਹੇਠਲੇ ਪੱਧਰ ਤੋਂ ਰਿਪੋਰਟ ਕੋਈ ਬਹੁਤੀ ਵਧੀਆ ਨਹੀਂ ਮਿਲ ਰਹੀ। ਪਾਰਟੀ ਦੇ ਜ਼ਿਆਦਾਤਰ ਵਿਧਾਇਕ ਮਾਯੂਸੀ ਦੇ ਆਲਮ ਵਿਚ ਹਨ। ਸੂਤਰ ਦੱਸਦੇ ਹਨ ਕਿ ਵਿਧਾਇਕ ਸਿੱਧੇ ਤੌਰ ’ਤੇ ਖੁੱਲ੍ਹਕੇ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹਨ, ਪਰ ਉਹ ਅੰਦਰੋ ਅੰਦਰੀ ਮਹਿਸੂਸ ਕਰ ਰਹੇ ਹਨ ਕਿ ਸਥਾਨਕ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਦੁਖੀ ਹਨ। ਇਸਦਾ ਸਬੂਤ ਪਿਛਲੇ ਦਿਨਾਂ ਦੌਰਾਨ ਕਿਸਾਨਾਂ ਤੇ ਹੋਰ ਲੋਕਾਂ ਵਲੋਂ ਵਿਧਾਇਕਾਂ ਦੇ ਘਿਰਾਓ ਕਰਨ, ਉਨ੍ਹਾਂ ਦੇ ਪਿੰਡਾਂ ਵਿਚ ਨਾ ਵੜ੍ਹਨ ਤੱਕ ਦੇ ਬੋਰਡ, ਬੈਨਰ ਲਗਾ ਦਿੱਤੇ ਸਨ। ਹਾਲਾਂਕਿ ਸਰਕਾਰ ਨੇ ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਲੈਂਡ ਪੂਲਿੰਗ ਪਾਲਸੀ ਨੂੰ ਵਾਪਸ ਲੈ ਲਿਆ ਹੈ, ਪਰ ਲੋਕਾਂ ਵਿਚ ਰੋਹ ਬਰਕਰਾਰ ਬਣਿਆ ਹੋਇਆ ਹੈ। ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਹੀ ਪਾਰਟੀ ਨੇ ਸੀਨੀਅਰ ਆਗੂਆਂ ਨੂੰ ਇਕ ਇਕ ਜ਼ਿਲ੍ਹੇ ਦੀ ਕਮਾਨ ਸੌਂਪੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਪਾਰਟੀ ਵਲੋਂ ਕੁਝ ਹਲਕਿਆਂ ਦੇ ਇੰਚਾਰਜ਼ ਵੀ ਲਗਾਏ ਜਾਣਗੇ ਜੋ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਇਹ ਹਲਕਾ ਇੰਚਾਰਜ਼ ਵਿਧਾਇਕ ਨਾਲ ਮਿਲਕੇ ਕੰਮ ਕਰਨਗੇ।
ਦੱਸਿਆ ਜਾਂਦਾ ਹੈ ਕਿ ਪਾਰਟੀ ਦੇ ਸਾਰੇ ਵਿੰਗਾਂ ਦੇ ਅਹੁੱਦੇਦਾਰਾਂ, ਮੈਂਬਰਾਂ ਦੀ ਸਰਗਰਮੀ ਵਧਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਦੇ ਬੀਮਾਰ ਹੋਣ ਬਾਅਦ ਮੀਡੀਆ ਵਿਚ ਮੁੱਖ ਮੰਤਰੀ ਦੇ ਬਦਲਣ ਦੀਆਂ ਅਟਕਲਾਂ ਨੇ ਜ਼ੋਰ ਫੜਿਆ ਤਾਂ ਮੁੱਖ ਮੰਤਰੀ ਤੇ ਦਿੱਲੀ ਕੈਂਪ ਦੇ ਆਗੂਆਂ ਨੇ ਵਿਧਾਇਕਾਂ ਨੂੰ ਉਹਨਾਂ ਦਾ ਰੁਖ਼ ਜਾਨਣ ਲਈ ਫੋਨ ਵੀ ਕੀਤੇ ਹਨ। ਉਧਰ ਪਾਰਟੀ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਗੱਡੀ ਮੁੱਖ ਮੰਤਰੀ ਰਿਹਾਇਸ਼ ’ਤੇ ਰੋਕ ਜਾਣ ਦੀਆਂ ਖ਼ਬਰਾਂ ਨੇ ਸਰਕਾਰ ਦੀ ਕਿਰਕਿਰੀ ਕਰਵਾ ਦਿੱਤੀ ਹੈ। ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਤਾਇਨਾਤ ਸੁਰੱਖਿਆ ਅਮਲੇ ਵਲੋਂ ਇਸ ਘਟਨਾਂ ਨੂੰ ਰਿਹਾਇਸ਼ ਅੰਦਰ ਪਾਰਕਿੰਗ ਫੁੱਲ ਹੋਣ ਕਰਕੇ ਗੱਡੀ ਬਾਹਰ ਖੜ੍ਹੀ ਕਰਨ ਦੀ ਦਲੀਲ ਦੇ ਰਿਹਾ ਹੈ, ਪਰ ਸੱਤਾ ਦੇ ਗਲਿਆਰਿਆਂ ਵਿਚ ਇਸਦੇ ਅਰਥ ਹੋਰ ਕੱਢੇ ਜਾ ਰਹੇ ਹਨ। ਸੂਤਰ ਦੱਸਦੇ ਹਨ ਕਿ ਪਹਿਲਾਂ ਵੀ ਮੰਤਰੀਆਂ ਦੀਆਂ ਗੱਡੀਆਂ ਦੀ ਚੈਕਿੰਗ ਕਰਨ ਦਾ ਮਾਮਲਾ ਭਖ਼ਿਆ ਸੀ, ਪਰ ਉਸ ਵਕਤ ਸੁਰੱਖਿਆ ਦਾ ਹਵਾਲਾ ਦੇ ਕੇ ਕਈ ਮੰਤਰੀਆਂ ਨੇ ਇਹ ਗੱਲ ਟਾਲ ਦਿੱਤੀ ਸੀ, ਪਰ ਹੁਣ ਕੈਬਨਿਟ ਮੰਤਰੀ ਦੀ ਗੱਡੀ ਨੂੰ ਰੋਕਣ ਦੀ ਖ਼ਬਰ ਨੇ ਆਪ ਵਿਚ ਸੱਭ ਅੱਛਾ ਨਾ ਹੋਣ ਦਾ ਸੰਕੇਤ ਦਿੱਤਾ ਹੈ।