ਨਵੀਂ ਦਿੱਲੀ – ਬੰਗਾਲ ਦੀ ਇਕ ਟ੍ਰਾਇਲ ਕੋਰਟ ਵੱਲੋਂ ਜਬਰ ਜਨਾਹ ਪੀੜਤਾ ਦੀ ਟੁੱਕੜਿਆਂ ’ਚ ਗਵਾਹੀ ਦਰਜ ਕਰਾਉਣ ’ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਸੁਪਰੀਮ ਕੋਰਟ ਨੇ ਉਸ ਦੀ ਗਵਾਹੀ ਨੂੰ ਚਾਰ ਮਹੀਨਿਆਂ ਲਈ ਮੁਲਤਵੀ ਕਰਨ ’ਤੇ ਸਵਾਲ ਚੁੱਕੇ ਹਨ।
ਜਸਟਿਸ ਜੇਬੀ ਪਾਰਡੀਵਾਲਾ ਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਕਿਹਾ ਕਿ ਟ੍ਰਾਇਲ ਕੋਰਟ ਤੇ ਮਾਮਲੇ ਦੀ ਪ੍ਰੋਸੀਕਿਊਸ਼ਨ ਏਜੰਸੀ ਸੀਬੀਆਈ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਬੈਂਚ ਨੂੰ ਇਹ ਕਿਹਾ ਗਿਆ ਕਿ ਕਥਿਤ ਜਬਰ ਜਨਾਹ ਪੀੜਤਾ ਗਵਾਹੀ ਲਈ ਖੁਦ ਕਟਹਿਰੇ ’ਚ ਗਈ ਸੀ ਤੇ ਟ੍ਰਾਇਲ ਕੋਰਟ ਨੇ ਉਸ ਦੀ ਅੱਗੇ ਦੀ ਗਵਾਹੀ ਲਈ 18 ਦਸੰਬਰ ਦੀ ਤਰੀਕ ਤੈਅ ਕੀਤੀ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਇਹ ਸਮਝ ਨਹੀਂ ਆਉਂਦਾ ਕਿ ਜਦੋਂ ਗਵਾਹ ਖਾਸ ਤੌਰ ’ਤੇ ਪੀੜਤਾ ਖੁਦ ਗਵਾਹੀ ਦੇਣ ਲਈ ਕਟਹਿਰੇ ’ਚ ਆ ਚੁੱਕੀ ਹੈ ਤਾਂ ਉਸ ਦੀ ਅੱਗੇ ਦੀ ਗਵਾਹੀ ਚਾਰ ਮਹੀਨੇ ਲਈ ਕਿਉਂ ਟਾਲ ਦਿੱਤੀ ਗਈ ਹੈ। ਇਸ ’ਤੇ ਟ੍ਰਾਇਲ ਕੋਰਟ ਨੂੰ ਸਪੱਸ਼ਟੀਕਰਨ ਦੇਣਾ ਪਵੇਗਾ। ਸੁਪਰੀਮ ਕੋਰਟ ਨੇ ਮੁਲਜ਼ਮ ਨੂੰ ਹਲਫਨਾਮਾ ਦਾਖਲ ਕਰਨ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਹੋਵੇਗੀ।