346 ਕਰੋੜ ਦੇ ਬੈਂਕ ਧੋਖਾਧੜੀ ਮਾਮਲੇ ’ਚ ਈਡੀ ਦੀ ਛਾਪੇਮਾਰੀ, ਦਿੱਲੀ ਸਮੇਤ ਕਈ ਸੂਬਿਆ ’ਚ ਕੀਤੀ ਕਾਰਵਾਈ

ਨਵੀਂ ਦਿੱਲੀ – ਈਡੀ ਨੇ ਬੁੱਧਵਾਰ ਨੂੰ ਦਿੱਲੀ, ਹਰਿਆਣਾ, ਤਾਮਿਲਨਾਡੂ ਤੇ ਕਰਨਾਟਕ ਵਿਚ ਛਾਪੇਮਾਰੀ ਕੀਤੀ। ਇਹ ਕਾਰਵਾਈ ਹਰਿਆਣਾ ਦੀ ਇਕ ਬਿਜਲੀ ਖੇਤਰ ਦੀ ਕੰਪਨੀ ਅਤੇ ਉਸ ਦੇ ਪ੍ਰਮੋਟਰਾਂ ਵਿਰੁੱਧ 346 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ ਨਾਲ ਜੁੜੀ ਮਨੀ ਲਾਂਡ੍ਰਿੰਗ ਦੀ ਜਾਂਚ ਸਬੰਧੀ ਕੀਤੀ ਗਈ। ਜਾਂਚ ਗੁਰੂਗ੍ਰਾਮ ਸਥਿਤ ਹਾਈਥਰੋ ਪਾਵਰ ਕਾਰਪੋਰੇਸ਼ਨ ਲਿਮਟਿਡ (ਐੱਚਪੀਸੀਐੱਲ), ਉਸ ਦੇ ਡਾਇਰੈਕਟਰ ਅਮੂਲ ਗਬਰਾਨੀ ਤੇ ਅਜੈ ਕੁਮਾਰ ਬਿਸ਼ਨੋਈ ਦੇ ਨਾਲ-ਨਾਲ ਕੁਝ ਹੋਰ ਲੋਕਾਂ ਵਿਰੁੱਧ ਚੱਲ ਰਹੀ ਹੈ। ਐੱਚਪੀਸੀਐੱਲ ਇਸ ਸਮੇਂ ਦੀਵਾਲੀਆ ਹੋਣ ਦੇ ਦੌਰ ’ਚੋਂ ਲੰਘ ਰਹੀ ਹੈ।

ਮਨੀ ਲਾਂਡ੍ਰਿੰਗ ਰੋਕਥਾਮ ਐਕਟ (ਪੀਐੱਮਐੱਲਏ) ਤਹਿਤ ਦਰਜ ਈਡੀ ਦਾ ਮਾਮਲਾ ਫਰਵਰੀ 2025 ਵਿਚ ਸੀਬੀਆਈ ਵੱਲੋਂ ਦਰਜ ਕੀਤੀ ਗਈ ਇਕ ਐੱਫਆਈਆਰ ਨਾਲ ਜੁੜਿਆ ਹੋਇਆ ਹੈ। ਪ੍ਰਮੋਟਰਾਂ ’ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਕਰਜ਼ੇ ਦੀ ਰਕਮ ਆਪਣੀਆਂ ਕੁਝ ਸੰਬੰਧਤ ਸੰਸਥਾਵਾਂ ਨੂੰ ਟਰਾਂਸਫਰ ਕਰ ਦਿੱਤੀ ਜਿਸ ਨਾਲ ਬੈਂਕਾਂ ਨੂੰ ਨੁਕਸਾਨ ਹੋਇਆ। ਸੂਤਰਾਂ ਮੁਤਾਬਕ, ਈਡੀ ਦੇ ਗੁਰੂਗ੍ਰਾਮ ਖੇਤਰੀ ਦਫਤਰ ਨੇ ਇਸ ਜਾਂਚ ਤਹਿਤ ਦਿੱਲੀ ਖੇਤਰ ਵਿਚ ਪੰਜ ਕੰਪਲੈਕਸਾਂ, ਚੇਨਈ ਵਿਚ ਤਿੰਨ ਤੇ ਬੈਂਗਲੁਰੂ ਵਿਚ ਇਕ ਕੰਪਲੈਕਸ ਦੀ ਤਲਾਸ਼ੀ ਲਈ।

ਸ਼ਿਕਾਇਤਕਰਤਾ ਬੈਂਕਾਂ ਵੱਲੋਂ ਐਲਾਨੀ ਧੋਖਾਧੜੀ ਦੀ ਰਾਸ਼ੀ 346.08 ਕਰੋੜ ਰੁਪਏ ਹੈ ਜਿਸ ਵਿਚ ਪੀਐੱਨਬੀ ਵੱਲੋਂ 168.07 ਕਰੋੜ ਰੁਪਏ, ਆਈਸੀਆਈਸੀਆਈ ਬੈਂਕ ਵੱਲੋਂ 77.81 ਕਰੋੜ ਰੁਪਏ, ਕੋਟਕ ਮਹਿੰਦਰਾ ਬੈਂਕ ਵੱਲੋਂ 44.49 ਕਰੋੜ ਰੁਪਏ ਅਤੇ ਯੂਨੀਅਨ ਬੈਂਕ ਵੱਲੋਂ 55.71 ਕਰੋੜ ਰੁਪਏ ਸ਼ਾਮਲ ਹਨ। ਇਹ ਧੋਖਾਧੜੀ 2009 ਤੇ 2015 ਦਰਮਿਆਨ ਹੋਈ ਦੱਸੀ ਗਈ ਹੈ।