ਪੁਲਿਸ ਨੇ 30 ਕਿਸਾਨਾਂ ਨੂੰ ਲਿਆ ਹਿਰਾਸਤ ’ਚ, ਟੋਲ ਪਲਾਜ਼ਾ ’ਤੇ ਮੁੜ ਤੋਂ ਧਰਨੇ ਦੀ ਬਣਾ ਰਹੇ ਸਨ ਵਿਉਂਤ

ਮੰਡੀ ਬਰੀਵਾਲਾ – ਮੁਕਤਸਰ-ਕੋਟਕਪੂਰਾ ਰੋਡ ’ਤੇ ਪਿੰਡ ਵੜਿੰਗ ਕੋਲ ਬਣੇ ਟੋਲ ਪਲਾਜ਼ਾ ’ਤੇ ਬੀਤੇ ਕੱਲ੍ਹ ਕਰੀਬ 14 ਕਿਸਾਨਾਂ ਨੂੰ ਪੁਲਿਸ ਵੱਲੋਂ ਧਰਨੇ ਤੋਂ ਹਿਰਾਸਤ ’ਚ ਲੈ ਲਿਆ ਗਿਆ ਸੀ ਜਿਸਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਵੱਲੋਂ ਵੱਡੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ ਸੀ। ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਵੀ ਇਕ ਵੀਡੀਓ ਰਾਹੀਂ ਚਿਤਵਾਨੀ ਦਿੱਤੀ ਗਈ ਸੀ ਕਿ ਜੇਕਰ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਨਾ ਛੱਡਿਆ ਅਤੇ ਟੋਲ ਪਲਾਜ਼ਾ ਬੰਦ ਨਾ ਕੀਤਾ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

ਇਸੇ ਤਹਿਤ ਅੱਜ ਕਿਸਾਨ ਧਰਨਾ ਲਗਾਉਣ ਲਈ ਵਿਉਂਤ ਬੰਦੀ ਬਣਾ ਰਹੇ ਸੀ। ਜਿਵੇਂ ਹੀ ਪੁਲਿਸ ਨੂੰ ਇਸਦੀ ਭਿਣਕ ਪਈ ਤਾਂ ਅੱਜ ਪਿੰਡ ਝਬੇਲਵਾਲੀ ਵਿਖੇ ਟੋਲ ਪਲਾਜ਼ਾ ’ਤੇ ਮੁੜ ਤੋਂ ਧਰਨੇ ਦੀ ਵਿਉਂਤ ਬਣਾ ਰਹੇ 30 ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ। ਪੁਲਿਸ ਵੱਲੋਂ ਬੀਤੇ ਕੱਲ ਫੜ੍ਹੇ ਕਿਸਾਨਾਂ ਭਾਕਿਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਬੋਦੀਵਾਲਾ, ਬਲਾਕ ਪ੍ਰਧਾਨ ਜਸਵੀਰ ਸਿੰਘ ਵੱਟੂ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਜੰਮੂਆਣਾ, ਬਲਾਕ ਕਨਵੀਨਰ ਰਾਜਵੀਰ ਸਿੰਘ ਉਦੇਕਰਨ, ਇੰਦਰਜੀਤ ਸਿੰਘ ਹਰਾਜ, ਹਰਗੋਬਿੰਦ ਸਿੰਘ ਹਰੀਕੇ ਕਲਾਂ ਕਨਵੀਨਰ, ਸੰਤੋਖ ਢਿੱਲੋਂ ਮੀਤ ਪ੍ਰਧਾਨ ਬਰੀਵਾਲਾ, ਗੁਰਾਂਦਿੱਤਾ ਸਿੰਘ ਹਰੀਕੇ ਕਲਾਂ, ਬਲਵੰਤ ਸਿੰਘ ਮੀਤ ਪ੍ਰਧਾਨ, ਪਿਆਰਾ ਸਿੰਘ ਮੈਂਬਰ, ਸੰਦੀਪ ਸਿੰਘ ਬਰੀਵਾਲਾ ਜਨਰਲ ਸਕੱਤਰ, ਜਸਵੀਰ ਸਿੰਘ ਜੱਸਾ ਮੀਤ ਪ੍ਰਧਾਨ ਬਰੀਵਾਲਾ, ਹਰਜਿੰਦਰ ਸਿੰਘ ਮਰਾੜ੍ਹ ਕਲਾਂ, ਗੁਰਾ ਸਿੰਘ ਵੜਿੰਗ ਨੂੰ ਜੇਲ੍ਹ ’ਚ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੁਲਿਸ ਪ੍ਰਸ਼ਾਸਨ ਬੀਤੇ ਕੱਲ੍ਹ ਤੋਂ ਹੀ ਟੋਲ ਪਲਾਜ਼ਾ ’ਤੇ ਮੌਜੂਦ ਹੈ।