ਫਰੀਦਕੋਟ- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੀ ਮੁਹਿੰਮ ਦੇ ਤਹਿਤ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਅਪਰਾਧਿਕ ਅਨਸਰਾਂ ਖਿਲਾਫ਼ ਜ਼ੀਰੋ ਟਾਲਰੈਸ ਨੀਤੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੌਰਾਨ ਫਰੀਦਕੋਟ ਪੁਲਿਸ ਵੱਲੋ 01 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਦਵਿੰਦਰ ਬੰਬੀਹਾ ਗਰੁੱਪ ਨਾਲ ਸਬੰਧਿਤ 03 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ। ਗ੍ਰਿਫਤਾਰ ਦੋਸ਼ੀਆਂ ਵਿੱਚ ਰਾਮਜੋਤ ਸਿੰਘ ਉਰਫ ਜੋਤ (ਵਾਸੀ ਮੋਗਾ) ਵੀ ਸ਼ਾਮਿਲ ਹੈ, ਜਿਸਨੇ ਹਥਿਆਰ ਬਰਾਮਦਗੀ ਦੌਰਾਨ ਪੁਲਿਸ ਪਾਰਟੀ ਉੱਪਰ ਫਾਇਰਿੰਗ ਕੀਤੀ, ਜਿਸਨੂੰ ਕਿ ਮੁਕਾਬਲੇ ਤੋ ਬਾਅਦ ਜ਼ਖ਼ਮੀ ਹਾਲਤ ਵਿੱਚ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋ ਸਾਂਝੀ ਕੀਤੀ ਗਈ।
ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਕੋਟਕਪੂਰਾ ਵਿੱਚ ਜੁਲਾਈ ਮਹੀਨੇ ਦੌਰਾਨ ਬੰਬੀਹਾ ਗੈਗ ਦੇ ਗੁਰਗਿਆ ਵੱਲੋਂ ਫਿਰੌਤੀ ਮੰਗਣ ਦੀ ਘਟਨਾ ਦਰਜ ਕੀਤੀ ਗਈ ਸੀ, ਜਿਸ ਵਿੱਚ ਇਨ੍ਹਾਂ ਨੇ ਫਿਰੌਤੀ ਦੀ ਰਕਮ ਨਾ ਮਿਲਣ ਤੇ ਬਾਅਦ ਵਿੱਚ 01 ਸਤੰਬਰ ਦੀ ਰਾਤ ਨੂੰ ਉਸ ਵਿਅਕਤੀ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ। ਜਿਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿੱਚ ਮੁਕੱਦਮਾ ਨੰਬਰ 95 ਮਿਤੀ 29.04.2025 ਅਧੀਨ ਧਾਰਾ 308(2), 352(2) ਬੀ.ਐਨ.ਐਸ ਤਹਿਤ ਦਰਜ ਰਜਿਸਟਰ ਕੀਤਾ ਗਿਆ ਸੀ।
ਜਿਸ ਦੌਰਾਨ ਇਸ ਮਾਮਲੇ ਵਿੱਚ ਐਸ.ਪੀ(ਇੰਨਵੈਸਟੀਗੇਸ਼ਨ) ਸੰਦੀਪ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਡੀ.ਐਸ.ਪੀ (ਇੰਨਵੈਸਟੀਗੇਸ਼ਨ) ਅਰੁਣ ਮੁੰਡਨ ਅਤੇ ਡੀ.ਐਸ.ਪੀ ਕੋਟਕਪੂਰਾ ਜਤਿੰਦਰ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ ਫਰੀਦਕੋਟ ਅਤੇ ਥਾਣਾ ਸਿਟੀ ਕੋਟਕਪੂਰਾ ਦੀਆਂ ਪੁਲਿਸ ਟੀਮਾਂ ਵੱਲੋ ਟੈਕਨੀਕਲ ਇਨਪੁੰਟ ਅਤੇ ਹਿਊਮਨ ਇਟੈਲੀਜੈਂਸ ਦੇ ਅਧਾਰ ‘ਤੇ ਕਾਰਵਾਈ ਕਰਦਿਆਂ ਫਾਇਰਿੰਗ ਦੀ ਘਟਨਾ ਵਿੱਚ ਸ਼ਾਮਿਲ ਦੋਨਾਂ ਦੋਸ਼ੀਆਂ ਸੰਦੀਪ ਸਿੰਘ ਉਰਫ ਲਵਲੀ ਅਤੇ ਰਾਮਜੋਤ ਸਿੰਘ ਉਰਫ ਜੋਤ ਨੂੰ ਮਿਤੀ 07.09.2025 ਨੂੰ ਲੱਕੜ ਦਾਣਾ ਮੰਡੀ ਕੋਟਕਪੂਰਾ ਪਾਸੋ ਗ੍ਰਿਫਤਾਰ ਕੀਤਾ ਗਿਆ ਸੀ, ਜੋ ਕਿ ਦੋਨੋਂ ਦੋਸ਼ੀ ਮੋਗਾ ਜ਼ਿਲ੍ਹਾ ਨਾਲ ਸਬੰਧਿਤ ਸਨ।
ਜਿਸ ਉਪਰੰਤ ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਦੋਸ਼ੀਆਂ ਵੱਲੋ ਇਸ ਵਾਰਦਾਤ ਨੂੰ ਦਵਿੰਦਰ ਬੰਬੀਹਾ ਗੈਗ ਨਾਲ ਸਬੰਧਿਤ ਗੈਗਸਟਰ ਸਿਮਾ ਬਹਿਬਲ ਅਤੇ ਜੱਸ ਬਹਿਬਲ ਦੇ ਇਸ਼ਾਰੇ ਤੇ ਅੰਜਾਮ ਦਿੱਤਾ ਗਿਆ ਸੀ ਅਤੇ ਇਸ ਵਾਰਦਾਤ ਲਈ ਹਥਿਆਰ ਮੋਗਾ ਜ਼ਿਲ੍ਹਾ ਨਾਲ ਹੀ ਸਬੰਧਿਤ ਮਲਕੀਤ ਸਿੰਘ ਵੱਲੋਂ ਮੁਹੱਈਆ ਕਰਵਾਏ ਗਏ ਹਨ, ਜਿਸਨੂੰ ਕਿ ਮਿਤੀ 08.09.2025 ਨੂੰ ਕੇਦਰੀ ਜੇਲ੍ਹ ਫਰੀਦਕੋਟ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ।
ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਜਦ ਕਥਿਤ ਮੁਲਜ਼ਮਾਂ ਕੋਲੋਂ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਫਾਇਰਿੰਗ ਦੌਰਾਨ ਵਰਤਿਆ 32 ਬੋਰ ਪਿਸਟਲ ਉਨ੍ਹਾਂ ਵੱਲੋਂ ਪਿੰਡ ਢਿਲਵਾਂ ਤੋਂ ਸਿਵਿਆ ਰੋਡ ਨਹਿਰਾ ਪਾਸ ਛੁਪਾ ਕੇ ਰੱਖਿਆ ਗਿਆ ਹੈ, ਜਿਸ ਤੋਂ ਬਾਅਦ ਅੱਜ ਜਦੋਂ ਪੁਲਿਸ ਟੀਮ ਰਿਕਵਰੀ ਲਈ ਦੋਸ਼ੀ ਰਾਮਜੋਤ ਸਿੰਘ ਉਰਫ ਜੋਤ ਨੂੰ ਨਾਲ ਲੈ ਕੇ ਆਈ ਤਾਂ ਰਿਕਵਰੀ ਦੌਰਾਨ ਕਥਿਤ ਮੁਲਜ਼ਮ ਰਾਮਜੋਤ ਸਿੰਘ ਉਰਫ ਜੋਤ ਨੇ ਪੁਲਿਸ ਪਾਰਟੀ ਨੂੰ ਧੱਕਾ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰਦਿਆਂ ਲੁਕਾਏ ਹੋਏ ਪਿਸਟਲ ਨਾਲ ਪੁਲਿਸ ਪਾਰਟੀ ‘ਤੇ ਫਾਇਰ ਕੀਤਾ, ਜਿਸ ਪਰ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰਿੰਗ ਕੀਤੀ ਤਾਂ ਦੋਸ਼ੀ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ। ਇਸ ਦੌਰਾਨ ਪੁਲਿਸ ਟੀਮਾਂ ਨੇ ਮੌਕੇ ਪਰ 32 ਬੋਰ ਪਿਸਤੌਲ ਅਤੇ ਜ਼ਿੰਦਾ ਰੌਂਦ ਵੀ ਬਰਾਮਦ ਕੀਤੇ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਰਾਮਜੋਤ ਸਿੰਘ ਦਾ ਪੁਰਾਣਾ ਰਿਕਾਰਡ ਵੀ ਕ੍ਰਿਮੀਨਲ ਹੈ, ਇਸਦੇ ਖਿਲਾਫ ਇਸ ਤੋਂ ਪਹਿਲਾਂ ਵੀ ਨਸ਼ੇ ਦੀ ਤਸਕਰੀ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ 03 ਮੁਕੱਦਮੇ ਦਰਜ ਹਨ, ਜੋ ਕਿ ਇਸ ਵਾਰਦਾਤ ਤੋਂ ਕਰੀਬ 01 ਮਹੀਨਾਂ ਪਹਿਲਾਂ 30 ਜੁਲਾਈ ਨੂੰ ਹੀ ਫਰੀਦਕੋਟ ਜੇਲ੍ਹ ਵਿੱਚੋ ਬਾਹਰ ਆਇਆ ਸੀ।