ਨਵੀਂ ਦਿੱਲੀ-ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਨਹੀਂ ਕਰ ਰਹੇ। ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਸੀਆਰਪੀਐੱਫ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਸੀਆਰਪੀਐੱਫ ਦੇ ਵੀਵੀਆਈਪੀ ਸਕਿਓਰਿਟੀ ਦੇ ਮੁਖੀ ਸੁਨੀਲ ਜੂਨ ਨੇ ਇਸ ਬਾਰੇ ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਨਾਲ-ਨਾਲ ਰਾਹੁਲ ਗਾਂਧੀ ਨੂੰ ਵੀ ਪੱਤਰ ਲਿਖ ਕੇ ਭਵਿੱਖ ’ਚ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਸੀਆਰਪੀਐੱਫ ਨੇ ਰਾਹੁਲ ਗਾਂਧੀ ਦੇ ਪਿਛਲੇ ਨੌਂ ਮਹੀਨਿਆਂ ’ਚ ਛੇ ਵਿਦੇਸ਼ੀ ਦੌਰਿਆਂ ਦਾ ਵੀ ਜ਼ਿਕਰ ਕੀਤਾ ਹੈ ਜਿਸ ਦੀ ਜਾਣਕਾਰੀ ਸੁਰੱਖਿਆ ਏਜੰਸੀ ਨੂੰ ਨਹੀਂ ਦਿੱਤੀ ਗਈ। ਰਾਹੁਲ ਨੂੰ ਸੀਆਰਪੀਐੱਫ ਦੇ ਐਡਵਾਂਸ ਸਕਿਓਰਿਟੀ ਲਾਇਜ਼ਨ (ਏਐੱਸਐੱਲ) ਤਹਿਤ ਜ਼ੈੱਡ ਪਲੱਸ ਸਕਿਓਰਿਟੀ ਪ੍ਰਾਪਤ ਹੈ। ਇਸ ਤਹਿਤ ਸੀਆਰਪੀਐਅਫ ਦੇ 56 ਕਮਾਂਡੋ ਹਮੇਸ਼ਾ ਉਨ੍ਹਾਂ ਦੀ ਸੁਰੱਖਿਆ ’ਚ ਤਾਇਨਾਤ ਰਹਿੰਦੇ ਹਨ। ਐਡਵਾਂਸ ਸਕਿਓਰਿਟੀ ਲਾਇਜ਼ਨ ਤਹਿਤ ਰਾਹੁਲ ਗਾਂਧੀ ਦੇ ਦੇਸ਼-ਵਿਦੇਸ਼ ਦੇ ਸਾਰੇ ਦੌਰਿਆਂ ਲਈ ਪਹਿਲਾਂ ਤੋਂ ਸੁਰੱਖਿਆ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਸੁਰੱਖਿਆ ’ਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਾ ਹੋਵੇ, ਇਸ ਦੇ ਲਈ ਇਕ ਯੈਲੋ ਬੁੱਕ ਤਿਆਰ ਕੀਤੀ ਗਈ ਹੈ ਜਿਸ ਵਿਚ ਸੁਰੱਖਿਆ ਦੇਣ ਵਾਲੀ ਏਜੰਸੀ ਤੇ ਸੁਰੱਖਿਆ ਲੈਣ ਵਾਲੇ ਵੀਵੀਆਈਪੀ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਦੇਸ਼ ਭਰ ’ਚ ਸਾਰੇ ਵੀਵੀਆਈਪੀਜ਼ ਦੀ ਸੁਰੱਖਿਆ ਇਸੇ ਯੈਲੋ ਬੁੱਕ ’ਚ ਦਰਜ ਪ੍ਰੋਟੋਕਾਲ ਮੁਤਾਬਕ ਦਿੱਤੀ ਜਾਂਦੀ ਹੈ।
10 ਜੂਨ ਨੂੰ ਖੜਗੇ ਤੇ ਰਾਹੁਲ ਨੂੰ ਲਿਖੇ ਪੱਤਰ ’ਚ ਰਾਹੁਲ ’ਤੇ ਸਕਿਓਰਿਟੀ ਪ੍ਰੋਟੋਕਾਲ ਨਾ ਮੰਨਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਗਿਆ ਹੈ ਕਿ ਉਹ ਵੀਵੀਆਈਪੀ ਸੁਰੱਖਿਆ ਨਾਲ ਜੁੜੇ ਕਾਇਦੇ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ। ਪੱਤਰ ’ਚ ਖਾਸ ਤੌਰ ’ਤੇ ਪ੍ਰੋਟੋਕਾਲ ਦੀ ਉਲੰਘਣਾ ਕਰ ਕੇ ਬਿਨਾਂ ਦੱਸੇ ਵਿਦੇਸ਼ ਯਾਤਰਾ ’ਤੇ ਜਾਣ ਦੀ ਸ਼ਿਕਾਇਤ ਕੀਤੀ ਗਈ ਹੈ। ਨਿਯਮ ਤਹਿਤ ਜ਼ੈੱਡ ਪਲੱਸ ਐਡਵਾਂਸ ਸਕਿਓਰਿਟੀ ਲਾਇਜ਼ਨ ਵਾਲੇ ਵੀਵੀਆਈਪੀਜ਼ ਨੂੰ ਵਿਦੇਸ਼ ਦੌਰੇ ਤੋਂ 15 ਦਿਨ ਪਹਿਲਾਂ ਆਪਣੀ ਸਕਿਓਰਿਟੀ ਏਜੰਸੀ ਨੂੰ ਸੂਚਿਤ ਕਰਨਾ ਜ਼ਰੂਰੀ ਹੁੰਦਾ ਹੈ ਪਰ ਅਜਿਹਾ ਨਹੀਂ ਕੀਤਾ ਗਿਆ। ਸੀਆਰਪੀਐੱਫ ਮੁਤਾਬਕ, ਰਾਹੁਲ ਦੇਸ਼ ਦੇ ਖਾਸ ਅਤਿ ਸੰਵੇਦਨਸ਼ੀਲ ਮਹੱਤਵ ਦੇ ਵੀਵੀਆਈਪੀਜ਼ ’ਚੋਂ ਹਨ।