ਦੀਵਾਲੀ ਤੋਂ ਪਹਿਲਾਂ ਹੜ੍ਹ ਪੀੜਤਾਂ ਕੋਲ ਪਹੁੰਚ ਜਾਣਗੇ ਮੁਆਵਜ਼ੇ ਦੇ ਚੈੱਕ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰਤੀ ਏਕੜ 20 ਹਜ਼ਾਰ ਰੁਪਏ ਦਾ ਮੁਆਵਜ਼ਾ ਇਕ ਮਹੀਨੇ ਦੇ ਅੰਦਰ-ਅੰਦਰ ਦਿੱਤਾ ਜਾਵੇਗਾ। ਇਸ ਸਬੰਧੀ ਅੱਜ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਤੇ ਕਿਸੇ ਤਰ੍ਹਾਂ ਦੀ ਲਾਪਰਵਾਹੀ ਜਾਂ ਢਿੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਪੰਜਾਬ ਦੇ ਅਧਿਕਾਰੀਆਂ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ 30 ਦਿਨਾਂ ਦੇ ਅੰਦਰ-ਅੰਦਰ ਸਪੈਸ਼ਲ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਹਨ ਤੇ ਰਿਪੋਰਟ ਮਿਲਣ ਤੋਂ ਬਾਅਦ ਇਕ ਹਫਤੇ ਦੇ ਅੰਦਰ-ਅੰਦਰ ਸਾਰੇ ਚੈੱਕ ਦੇ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਐਸਡੀਆਰਐਫ ਫੰਡ ‘ਚ ਪ੍ਰਤੀ ਏਕੜ ਮੁਆਵਜ਼ੇ ਦਾ 6800 ਦੇਣ ਦੀ ਵਿਵਸਥਾ ਹੈ ਪਰ ਸੂਬਾ ਸਰਕਾਰ ਇਸ ਨੂੰ 40 ਹਜ਼ਾਰ ਰੁਪਏ ਕਰਨ ਜਾ ਰਹੀ ਹੈ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਨੇ ਐਸਡੀਆਰਐਫ ਤਹਿਤ 2022 ਤੋਂ ਹੁਣ ਤਕ 1582 ਕਰੋੜ ਰੁਪਏ ਦਾ ਫੰਡ ਦਿੱਤਾ ਹੈ। ਜਿਸ ਵਿੱਚੋਂ ਸਰਕਾਰ ਨੇ 649 ਕਰੋੜ ਰੁਪਆ ਖਰਚਿਆ ਹੈ। ਉਨ੍ਹਾਂ ਕਿਹਾ ਕਿ 12 ਹਜ਼ਾਰ ਕਰੋੜ ਨੂੰ ਲੈ ਕੇ ਸਿਰਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਇਹ ਸਮਾਂ ਸਿਆਸੀ ਬਿਆਨਬਾਜ਼ੀ ਦਾ ਨਹੀਂ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਜਲਦ ਹੀ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਵਿੱਤ ਮੰਤਰੀ ਨਾਲ ਮੁਲਾਕਾਤ ਕਰਨਗੇ ਅਤੇ ਝੋਨੇ ਖਰੀਦ ਨੂੰ ਲੈ ਕੇ ਸ਼ਰਤਾਂ ਵਿੱਚ ਫੂਟ ਦੇਣ ਦੀ ਮੰਗ ਕਰਨਗੇ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਿਹੜੇ ਖੇਤਾਂ ਵਿੱਚ ਰੇਤ ਜਮਾਂ ਹੋ ਗਈ ਹੈ ਕਿਸਾਨਾਂ ਨੂੰ ਰੇਤ ਕੱਢਣ ਜੇਸੀਬੀ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ।